ਕਹਿੰਦੇ ਹਨ ਕਿ ਦੋ ਸਿਆਣੇ ਵਿਅਕਤੀ ਇਕੋ ਜਿਹਾ ਸੋਚਦੇ ਹਨ। ਦੋ ਦੇਸ਼ਾਂ ਅਤੇ ਦੋਵਾਂ ਦੇ ਰਾਸ਼ਟਰਪਤੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਬਾਰੇ ਲਗਭਗ ਇਕ-ਦੂਜੇ ਨਾਲ ਮਿਲਦੇ-ਜੁਲਦੇ ਵਿਚਾਰ ਰੱਖਦੇ ਹਨ। ਹੁਣ ਇਹ ਦੋਵੇਂ ਰਾਸ਼ਟਰਪਤੀ ਕੌਣ ਹਨ, ਇਹ ਵੀ ਦੱਸ ਦਿੰਦੇ ਹਾਂ। ਇਕ ਹਨ ਅਮਰੀਕਾ ਦੇ ਰਾਸ਼ਟਰਪਤੀ ਰਹੇ ਬਰਾਕ ਓਬਾਮਾ । ਬਰਾਕ ਓਬਾਮਾ ਨੇ ਆਪਣੀਆਂ ਯਾਦਾਂ ’ਤੇ ਆਧਾਰਿਤ ਇਕ ਕਿਤਾਬ ਲਿਖੀ ਹੈ ‘ਏ ਪ੍ਰਾਮਿਸਡ ਲੈਂਡ’ (A Promised Land)। ਇਸ ਕਿਤਾਬ ’ਚ ਉਨ੍ਹਾਂ ਆਪਣੇ ਰਾਸ਼ਟਰਪਤੀ ਰਾਜ ਦੌਰਾਨ ਮਿਲਣ ਵਾਲੇ ਲਗਭਗ ਸਭ ਦੇਸ਼ਾਂ ਦੇ ਪ੍ਰਮੁੱਖ ਸਿਆਸੀ ਲੋਕਾਂ ਬਾਰੇ ਆਪਣੇ ਵਿਚਾਰ ਰੱਖੇ ਹਨ। ਸ਼ੀ ਜਿਨਪਿੰਗ ਤੋਂ ਲੈ ਕੇ ਮਨਮੋਹਨ ਸਿੰਘ ਅਤੇ ਪੁਤਿਨ ਵਰਗੇ ਵੱਡੇ ਲੋਕਾਂ ਬਾਰੇ ਆਪਣੇ ਵਿਚਾਰ ਦਰਜ ਕੀਤੇ ਹਨ। ਰਾਹੁਲ ਗਾਂਧੀ ਦਾ ਵੀ ਉਨ੍ਹਾਂ ਜ਼ਿਕਰ ਕੀਤਾ ਹੈ।
ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ 26 ਜਨਵਰੀ, 2015 ਨੂੰ ਹੋਈ ਸੀ। ਉਦੋਂ ਓਬਾਮਾ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਬਣ ਕੇ ਦਿੱਲੀ ਆਏ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਰਾਹੁਲ ਨਾਲ ਮੁਲਾਕਾਤ 2017 ’ਚ ਹੋਈ। ਆਪਣੀ ਕਿਤਾਬ ’ਚ ਰਾਹੁਲ ਬਾਰੇ ਓਬਾਮਾ ਲਿਖਦੇ ਹਨ ਕਿ ਉਹ ਨਰਵਸ ਨਜ਼ਰ ਆਉਂਦੇ ਹਨ। ਉਹ ਇਕ ਅਜਿਹੇ ਵਿਦਿਆਰਥੀ ਵਜੋਂ ਦਿਖਾਈ ਦਿੰਦੇ ਹਨ ਜੋ ਆਪਣੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ ਬੇਹੱਦ ਉਤਾਵਲਾ ਹੈ ਪਰ ਉਸ ’ਚ ਨਾ ਤਾਂ ਸਮਰੱਥਾ ਹੈ ਅਤੇ ਨਾ ਹੀ ਸਬੰਧਤ ਵਿਸ਼ਿਆਂ ਨੂੰ ਸਮਝਣ ਦੀ ਯੋਗਤਾ ਹੈ।
ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਰਾਹੁਲ ਗਾਂਧੀ ਉਨ੍ਹਾਂ ਨੂੰ ਮਿਲਣ ਲਈ ਗਏ ਹੋਣਗੇ ਤਾਂ ਉਨ੍ਹਾਂ ਕੀ ਗੱਲਬਾਤ ਕੀਤੀ ਹੋਵੇਗੀ। ਇਸ ਮੁਲਾਕਾਤ ਪਿੱਛੋਂ ਰਾਹੁਲ ਨੇ ਟਵੀਟ ਕਰ ਕੇ ਕਿਹਾ ਸੀ ਕਿ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਗੱਲਬਾਤ ਹੋਈ। ਇਹ ਬਹੁਤ ਲਾਹੇਵੰਦ ਰਹੀ।
ਓਧਰ ਬਰਾਕ ਓਬਾਮਾ ਕਿਹੋ ਜਿਹਾ ਸੋਚ ਰਹੇ ਸਨ ਕਿ ਇਹ ਕਿਸ ਤਰ੍ਹਾਂ ਦਾ ਵਿਅਕਤੀ ਹੈ। ਉਦੋਂ ਰਾਹੁਲ ਕਾਂਗਰਸ ਦੇ ਉਪ ਪ੍ਰਧਾਨ ਸਨ। ਬਰਾਕ ਓਬਾਮਾ ਸੋਚ ਰਹੇ ਸਨ ਕਿ ਇਸ ਵਿਅਕਤੀ ’ਚ ਸਮਝ ਨਹੀਂ ਹੈ। ਉਹ ਆਪਣੇ ਘੱਟ ਗਿਆਨ ਦੇ ਆਧਾਰ ’ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਡੂੰਘਾਈ ਦੀ ਘਾਟ ਹੈ। ਹੁਣ ਤੁਸੀਂ ਸੋਚੋ ਕਿ ਬਰਾਕ ਦੀ ਰਾਹੁਲ ਬਾਰੇ ਕੀ ਰਾਇ ਹੈ। ਗਾਂਧੀ ਪਰਿਵਾਰ ਜੋ ਸੋਚਦਾ ਹੈ, ਸੋਨੀਆ ਗਾਂਧੀ ਉਨ੍ਹਾਂ ’ਤੇ ਜਿੰਨੀਆਂ ਉਮੀਦਾਂ ਲਾਈ ਬੈਠੀ ਹੈ, ਕਾਂਗਰਸ ਪਾਰਟੀ ਉਨ੍ਹਾਂ ਨੂੰ ਲੈ ਕੇ ਜੋ ਸੋਚਦੀ ਹੈ, ਉਨ੍ਹਾਂ ਸੋਚਾਂ ਨਾਲ ਬਰਾਕ ਓਬਾਮਾ, ਜਿਨ੍ਹਾਂ ਦਾ ਰਾਹੁਲ ਨਾਲ ਕੋਈ ਸਿਆਸੀ ਮੁਕਾਬਲਾ ਨਹੀਂ ਹੈ, ਉਨ੍ਹਾਂ ਦਾ ਜਾਂ ਉਨ੍ਹਾਂ ਦੀ ਪਾਰਟੀ ਦਾ ਭਵਿੱਖ ਕੀ ਹੋਵੇਗਾ, ਉਸ ਨਾਲ ਵੀ ਓਬਾਮਾ ਦਾ ਕੋਈ ਲੈਣਾ-ਦੇਣਾ ਨਹੀਂ ਸੀ।
ਓਬਾਮਾ ਨੂੰ ਤਾਂ ਭਾਰਤ ਦੇ ਦੌਰੇ ’ਤੇ ਆ ਕੇ ਜਿਨ੍ਹਾਂ ਆਗੂਆਂ ਜਾਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ, ਉਨ੍ਹਾਂ ਬਾਰੇ ਉਨ੍ਹਾਂ ਦੀ ਜੋ ਰਾਇ ਬਣੀ, ਉਹੀ ਉਹੀ ਲਿਖ ਗਏ। ਜਿਨ੍ਹਾਂ ਹਾਲਾਤ ’ਚ ਓਬਾਮਾ ਨੇ ਰਾਹੁਲ ਬਾਰੇ ਲਿਖਿਆ ਹੈ, ਓਬਾਮਾ ਵਰਗੀ ਸ਼ਖ਼ਸੀਅਤ ਵੱਲੋਂ ਕੁਝ ਲਿਖਣ ਸਮੇਂ ਥੋੜ੍ਹੀ ਝਿਜਕ ਹੋ ਜਾਂਦੀ ਹੈ। ਖਾਸ ਤੌਰ ’ਤੇ ਰਾਹੁਲ ਗਾਂਧੀ ਦੇ ਪਰਿਵਾਰਕ ਇਤਿਹਾਸ ਨੂੰ ਜਾਣਨ ਵਾਲੇ ਓਬਾਮਾ ਨੇ ਵੀ ਉਨ੍ਹਾਂ ਬਾਰੇ ਲਿਖਣ ਸਮੇਂ ਕੁਝ ਝਿਜਕ ਦਿਖਾਈ ਹੋਵੇਗੀ। ਰਾਹੁਲ ਗਾਂਧੀ ਦਾ ਘੱਟ ਗਿਆਨਵਾਨ ਹੋਣਾ ਕਾਂਗਰਸ ਪਾਰਟੀ ਅਤੇ ਦੇਸ਼ ਦੇ ਭਵਿੱਖ ਲਈ ਚੰਗਾ ਨਹੀਂ ਹੈ। ਬਰਾਕ ਓਬਾਮਾ ਨੇ ਤਾਂ ਲਿਖ ਕੇ ਆਪਣੇ ਵਿਚਾਰ ਸਾਹਮਣੇ ਰੱਖ ਦਿੱਤੇ ਪਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾ ਪਤਾ ਨਹੀਂ ਰਾਹੁਲ ਬਾਰੇ ਕਿਸ ਤਰ੍ਹਾਂ ਦਾ ਪ੍ਰਭਾਵ ਰੱਖਦੇ ਹੋਣਗੇ।
ਹੁਣ ਆਉਂਦੇ ਹਾਂ ਦੂਜੇ ਰਾਸ਼ਟਰਪਤੀ ਵੱਲ। ਉਹ ਹੋਰ ਕੋਈ ਨਹੀਂ ਸਗੋਂ ਆਪਣੇ ਹੀ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਹਨ। ਉਹ ਲਗਭਗ 50 ਸਾਲ ਤੱਕ ਕਾਂਗਰਸ ਦੇ ਆਗੂ ਰਹੇ। ਇਸ ਪਰਿਵਾਰ ਦੇ ਵੀ ਨੇੜੇ ਰਹੇ। ਇਹ ਗੱਲ ਵੱਖਰੀ ਹੈ ਕਿ ਪਰਿਵਾਰ ਨੇ ਉਨ੍ਹਾਂ ’ਤੇ ਕਦੀ ਭਰੋਸਾ ਨਹੀਂ ਕੀਤਾ। ਉਨ੍ਹਾਂ ਦੇ ਦਿਹਾਂਤ ਪਿੱਛੋਂ ਉਨ੍ਹਾਂ ਦੀ ਬੇਟੀ ਸ਼ਰਮਿਸ਼ਠਾ ਮੁਖਰਜੀ ਨੇ ਆਪਣੀਆਂ ਯਾਦਾਂ ਅਤੇ ਪਿਤਾ ਜੀ ਦੀ ਡਾਇਰੀ ਲਿਖਣ ਦੇ ਰੋਜ਼ਾਨਾ ਦੇ ਅਮਲ ਰਾਹੀਂ ਬਹੁਤ ਸਾਰੀ ਸਮੱਗਰੀ ਨੂੰ ਇਕੱਠਾ ਕਰ ਕੇ ਇਕ ਕਿਤਾਬ ਲਿਖੀ ਹੈ, ਜਿਸ ਦੇ ਅੰਸ਼ ਹੁਣੇ ਜਿਹੇ ਹੀ ਜਨਤਕ ਹੋਏ ਹਨ।
2004 ’ਚ ਜਦੋਂ ਪ੍ਰਧਾਨ ਮੰਤਰੀ ਦੀ ਚੋਣ ਕਰਨ ਦਾ ਮੌਕਾ ਆਇਆ ਤਾਂ ਮੁਖਰਜੀ ਵੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ। ਉਨ੍ਹਾਂ ਦੀ ਬੇਟੀ ਨੇ ਕਿਤਾਬ ’ਚ ਲਿਖਿਆ ਹੈ ਕਿ ਉਸ ਨੇ ਆਪਣੇ ਪਾਪਾ ਕੋਲੋਂ ਪੁੱਛਿਆ ਸੀ ਕਿ ਕੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੇ ਤਾਂ ਪਿਤਾ ਪ੍ਰਣਬ ਮੁਖਰਜੀ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ ਪਰ ਸੋਨੀਆ ਗਾਂਧੀ ਮੈਨੂੰ ਇਸ ਅਹੁਦੇ ’ਤੇ ਨਹੀਂ ਬੈਠਣ ਦੇਵੇਗੀ। ਉਨ੍ਹਾਂ ਨੂੰ ਪਤਾ ਸੀ ਕਿ ਮੈਂ ਉਸ ਕੁਰਸੀ ’ਤੇ ਬੈਠ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਨਹੀਂ ਲਿਜਾ ਸਕਦਾ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਥਾਂ ਲੈਣ ਵਾਲੇ ਮਨਮੋਹਨ ਸਿੰਘ ਵਿਰੁੱਧ ਮੁਖਰਜੀ ਨੇ ਕੁਝ ਵੀ ਨਹੀਂ ਕਿਹਾ ਪਰ ਬੇਟੀ ਦੇ ਸਵਾਲ ਦਾ ਜਵਾਬ ਦਿੰਦੇ ਸਮੇਂ ਇੰਨਾ ਹੀ ਕਹਿ ਸਕੇ ਕਿ ਸੋਨੀਆ ਗਾਂਧੀ ਮਨਮੋਹਨ ਸਿੰਘ ਨੂੰ ਹੀ ਪ੍ਰਧਾਨ ਮੰਤਰੀ ਬਣਾਵੇਗੀ।
ਅਸਲ ’ਚ ਸੋਨੀਆ ਨੂੰ ਡਰ ਸੀ ਕਿ ਜੇ ਪ੍ਰਣਬ ਮੁਖਰਜੀ ਪ੍ਰਧਾਨ ਮੰਤਰੀ ਬਣ ਗਏ ਤਾਂ ਸੋਨੀਆ ਦਾ ਪ੍ਰਭਾਵ ਘੱਟ ਹੋ ਜਾਵੇਗਾ। ਨਰਸਿਮ੍ਹਾ ਰਾਓ ਦੀ ਮੌਤ ਪਿੱਛੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੋਨੀਆ ਗਾਂਧੀ ਦੇ ਹੁਕਮ ’ਤੇ ਕਾਂਗਰਸ ਹੈੱਡਕੁਆਰਟਰ ਅੰਦਰ ਲਿਜਾਣ ਤੋਂ ਰੋਕ ਦਿੱਤਾ ਗਿਆ ਸੀ। ਕਾਂਗਰਸੀਆਂ ਲਈ ਪਾਰਟੀ ਪ੍ਰਧਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਰਾਓ ਦੇ ਆਖਰੀ ਦਰਸ਼ਨ ਦੀ ਉਮੀਦ ਖੋਹ ਲਈ ਗਈ। ਤਿੱਖੀ ਧੁੱਪ ’ਚ ਉਨ੍ਹਾਂ ਦੀ ਮ੍ਰਿਤਕ ਦੇਹ ਲਗਭਗ ਦੋ ਢਾਈ ਘੰਟੇ ਤੱਕ ਕਾਂਗਰਸ ਹੈੱਡਕੁਆਰਟਰ ਦੇ ਗੇਟ ’ਤੇ ਪਈ ਰਹੀ। ਅੰਦਰੋਂ ਜਿੰਦਰੇ ਵੱਜੇ ਹੋਏ ਸਨ। ਖੈਰ ਗੱਲ ਪ੍ਰਣਬ ਮੁਖਰਜੀ ਦੇ ਰਾਹੁਲ ਗਾਂਧੀ ’ਤੇ ਵਿਚਾਰਾਂ ’ਤੇ ਆਉਂਦੀ ਹੈ ਤਾਂ 2013 ’ਚ ਰਾਹੁਲ ਗਾਂਧੀ ਨੇ ਚੱਲਦੀ ਪ੍ਰੈੱਸ ਕਾਨਫਰੰਸ ਦੌਰਾਨ ਆ ਕੇ ਚੋਟੀ ਦੇ ਆਗੂਆਂ ਹੱਥੋਂ ਖੋਹ ਕੇ ਇਕ ਨੋਟੀਫਿਕੇਸ਼ਨ ਨੂੰ ਪਾੜ ਦਿੱਤਾ ਸੀ। ਉਸ ਬਾਰੇ ਉਨ੍ਹਾਂ ਲਿਖਿਆ ਕਿ ਰਾਹੁਲ ਗਾਂਧੀ ਅਜੇ ਤੱਕ ਸਿਆਸਤ ’ਚ ਪ੍ਰਤੱਖ ਨਹੀਂ ਹੋਏ ਹਨ।
ਇਕ ਹੋਰ ਮਜ਼ੇਦਾਰ ਕਿੱਸਾ ਹੈ ਇਸ ਕਿਤਾਬ ’ਚ। ਜਦੋਂ ਪ੍ਰਣਬ ਮੁਖਰਜੀ ਰਾਸ਼ਟਰਪਤੀ ਸਨ ਤਾਂ ਰਾਹੁਲ ਨੇ ਉਨ੍ਹਾਂ ਨਾਲ ਮੁਲਾਕਾਤ ਲਈ ਸਮਾਂ ਮੰਗਿਆ। ਸਮਾਂ ਮਿਲਿਆ ਤਾਂ ਉਹ ਸਵੇਰੇ 8 ਵਜੇ ਹੀ ਪਹੁੰਚ ਗਏ। ਪ੍ਰਣਬ ਮੁਖਰਜੀ ਉਦੋਂ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ’ਚ ਟਹਿਲਿਆ ਕਰਦੇ ਸਨ। ਉਹ ਇਸ ਦੌਰਾਨ ਕਿਸੇ ਨੂੰ ਨਹੀਂ ਮਿਲਦੇ ਸਨ। ਫਿਰ ਵੀ ਉਹ ਰਾਹੁਲ ਨੂੰ ਮਿਲੇ। ਉਨ੍ਹਾਂ ਬਾਅਦ ’ਚ ਕਿਤਾਬ ’ਚ ਲਿਖਿਆ ਕਿ ਰਾਹੁਲ ਨੇ ਮਿਲਣ ਦਾ ਸਮਾਂ ਸ਼ਾਮ 8 ਵਜੇ ਦਾ ਲਿਆ ਸੀ ਪਰ ਉਹ ਸਵੇਰੇ 8 ਵਜੇ ਹੀ ਪਹੁੰਚ ਗਏ। ਉਨ੍ਹਾਂ ਇਸ ’ਤੇ ਟਿੱਪਣੀ ਕੀਤੀ ਕਿ ਜੇ ਰਾਹੁਲ ਗਾਂਧੀ ਦੇ ਮੌਜੂਦਾ ਦਫਤਰ ’ਚ ਕਿਸੇ ਨੂੰ ਊੜੇ ਅਤੇ ਐੜੇ ਦਾ ਫਰਕ ਨਹੀਂ ਪਤਾ ਤਾਂ ਕੱਲ ਜੇ ਉਹ ਪ੍ਰਧਾਨ ਮੰਤਰੀ ਬਣ ਵੀ ਗਏ ਤਾਂ ਦੇਸ਼ ਨੂੰ ਕਿਵੇਂ ਚਲਾਉਣਗੇ।
ਅਰਜੁਨ ਸ਼ਰਮਾ
ਭਾਰਤ ਦਾ ਕਸ਼ਮੀਰ, ਅੱਗੋਂ ਦੀ ਰਾਹ
NEXT STORY