ਨਵੀਂ ਦਿੱਲੀ— ਭਾਰਤ ਨੇ ਵਿਸ਼ਵ ਕੱਪ 2015 ਤੋਂ ਬਾਅਦ ਜਿਹੜੇ 72 ਵਨ ਡੇ ਕੌਮਾਂਤਰੀ ਮੈਚ ਖੇਡੇ ਹਨ, ਉਨ੍ਹਾਂ 'ਚ 11 ਖਿਡਾਰੀਆਂ ਨੂੰ ਨੰਬਰ ਚਾਰ 'ਤੇ ਉਤਾਰਿਆ ਗਿਆ। ਪਹਿਲੀ ਵਾਰ ਕਪਤਾਨ ਵਿਰਾਟ ਕੋਹਲੀ ਨੂੰ ਲੱਗ ਰਿਹਾ ਹੈ ਕਿ ਟੀਮ ਨੂੰ ਇਸ ਮਹੱਤਵਪੂਰਨ ਨੰਬਰ 'ਤੇ ਅੰਬਾਤੀ ਰਾਇਡੂ ਦੇ ਰੂਪ ਵਿਚ ਇਕ ਬੁੱਧੀਮਾਨ ਬੱਲੇਬਾਜ਼ ਮਿਲ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਰਾਇਡੂ 4 ਪਾਰੀਆਂ ਵਿਚ ਨੰਬਰ ਚਾਰ 'ਤੇ ਖੇਡਣ ਲਈ ਉਤਰਿਆ, ਜਿਨ੍ਹਾਂ 'ਚ ਉਸ ਨੇ 72.33 ਦੀ ਔਸਤ ਨਾਲ 217 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿਚ ਸੋਮਵਾਰ ਨੂੰ ਵੈਸਟਇੰਡੀਜ਼ ਵਿਰੁੱਧ ਮੁੰਬਈ ਵਿਚ ਬਣਾਇਆ ਗਿਆ ਸੈਂਕੜਾ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਉਸ ਨੂੰ ਇਸ ਸਥਾਨ ਲਈ ਸਭ ਤੋਂ ਲੋੜੀਂਦਾ ਬੱਲੇਬਾਜ਼ ਕਰਾਰ ਦਿੱਤਾ।
ਏਸ਼ੀਆ ਕੱਪ ਵਿਚ ਕੋਹਲੀ ਦੀ ਗੈਰ-ਹਾਜ਼ਰੀ ਵਿਚ ਰਾਇਡੂ ਨੰਬਰ 3 'ਤੇ ਬੱਲੇਬਾਜ਼ੀ ਲਈ ਉਤਰਿਆ ਸੀ, ਜਿਥੇ ਉਸ ਨੇ ਲਗਾਤਾਰਤਾ ਦਿਖਾਈ ਸੀ। ਹੁਣ ਕਪਤਾਨ ਦੀ ਵਾਪਸੀ ਤੋਂ ਬਾਅਦ ਉਸ ਨੂੰ ਨੰਬਰ ਚਾਰ 'ਤੇ ਅਜ਼ਮਾਇਆ ਗਿਆ ਹੈ, ਜਿਸ ਵਿਚ ਉਹ ਖਰਾ ਹੈ, ਇਸ ਲਈ ਏਸ਼ੀਆ ਕੱਪ ਵਿਚ ਕਪਤਾਨ ਰਹੇ ਰੋਹਿਤ ਨੂੰ ਲੱਗਦਾ ਹੈ ਕਿ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੰਬਰ ਚਾਰ ਦੀ ਸਮੱਸਿਆ ਸੁਲਝ ਗਈ ਹੈ। ਵਿਸ਼ਵ ਕੱਪ ਅਗਲੇ ਸਾਲ ਇੰਗਲੈਂਡ ਵਿਚ ਖੇਡਿਆ ਜਾਵੇਗਾ। ਰਾਇਡੂ ਹਾਲ ਹੀ ਵਿਚ ਇੰਗਲੈਂਡ ਦੌਰੇ 'ਤੇ ਨਹੀਂ ਜਾ ਸਕਿਆ ਸੀ ਕਿਉਂਕਿ ਉਹ 'ਯੋ ਯੋ ਟੈਸਟ' ਵਿਚ ਅਸਫਲ ਰਿਹਾ ਸੀ।
ਇਨ੍ਹਾਂ ਖਿਡਾਰੀਆਂ ਨੂੰ ਅਜ਼ਮਾਇਆ ਗਿਆ ਨੰਬਰ 4 'ਤੇ
ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਖੇਡੇ ਗਏ ਪਿਛਲੇ ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ 11 ਬੱਲੇਬਾਜ਼ਾਂ ਨੂੰ ਨੰਬਰ ਚਾਰ 'ਤੇ ਉਤਾਰਿਆ। ਇਨ੍ਹਾਂ ਵਿਚ ਮਹਿੰਦਰ ਸਿੰਘ ਧੋਨੀ ਸਭ ਤੋਂ ਵੱਧ 11 ਪਾਰੀਆਂ ਵਿਚ ਇਸ ਨੰਬਰ 'ਤੇ ਬੱਲੇਬਾਜ਼ੀ ਲਈ ਉਤਰਿਆ, ਜਿਨ੍ਹਾਂ ਵਿਚ ਉਸ ਨੇ 32.81 ਦੀ ਔਸਤ ਨਾਲ 361 ਦੌੜਾਂ ਬਣਾਈਆਂ। ਧੋਨੀ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਫਾਰਮ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਸ ਨੂੰ ਵੈਸਟਇੰਡੀਜ਼ ਤੇ ਆਸਟਰੇਲੀਆ ਵਿਰੁੱਧ ਟੀ-20 ਸੀਰੀਜ਼ ਲਈ ਨਹੀਂ ਚੁਣਿਆ ਗਿਆ।
ਅਜਿੰਕਯ ਰਹਾਨੇ ਨੂੰ ਇਕ ਸਮੇਂ ਨੰਬਰ ਚਾਰ ਲਈ ਆਦਰਸ਼ ਬੱਲੇਬਾਜ਼ ਮੰਨਿਆ ਜਾਂਦਾ ਸੀ ਪਰ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਰਿਹਾ। ਰਹਾਨੇ ਨੇ ਨੰਬਰ ਚਾਰ 'ਤੇ 10 ਪਾਰੀਆਂ ਵਿਚ 46.66 ਦੀ ਔਸਤ ਨਾਲ 420 ਦੌੜਾਂ ਬਣਾਈਆਂ, ਜਿਨ੍ਹਾਂ ਵਿਚ ਚਾਰ ਅਰਧ ਸੈਂਕੜੇ ਸ਼ਾਮਲ ਹਨ। ਰਹਾਨੇ ਫਿਲਹਾਲ ਵਨ ਡੇ ਟੀਮ 'ਚੋਂ ਬਾਹਰ ਹੈ।
ਯੁਵਰਾਜ ਸਿੰਘ ਵੀ ਇਸ ਵਿਚਾਲੇ 9 ਪਾਰੀਆਂ ਵਿਚ ਨੰਬਰ ਚਾਰ 'ਤੇ ਉਤਰਿਆ ਤੇ ਉਸ ਨੇ 44.75 ਦੀ ਔਸਤ ਨਾਲ 358 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 150 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਯੁਵਰਾਜ ਇਸ ਪਾਰੀ ਤੋਂ ਇਲਾਵਾ ਕੁਝ ਖਾਸ ਜਲਵਾ ਨਹੀਂ ਦਿਖਾ ਸਕਿਆ ਸੀ, ਜਿਸ ਕਾਰਨ ਉਸ ਨੂੰ ਟੀਮ ਵਿਚ ਆਪਣਾ ਸਥਾਨ ਗੁਆਉਣਾ ਪਿਆ। ਦਿਨੇਸ਼ ਕਾਰਤਿਕ (9 ਪਾਰੀਆਂ ਵਿਚ 52.80 ਦੀ ਔਸਤ ਨਾਲ 264 ਦੌੜਾਂ) ਹੁਣ ਵੀ ਇਸ ਸਥਾਨ 'ਤੇ ਆਪਣਾ ਦਾਅਵਾ ਠੋਕਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਸ ਤੋਂ ਇਲਾਵਾ ਮਨੀਸ਼ ਪਾਂਡੇ (7 ਪਾਰੀਆਂ 'ਚ 183 ਦੌੜਾਂ), ਹਾਰਦਿਕ ਪੰਡਯਾ (5 ਪਾਰੀਆਂ 'ਚ 150 ਦੌੜਾਂ), ਮਨੋਜ ਤਿਵਾੜੀ (3 ਪਾਰੀਆਂ 'ਚ 34 ਦੌੜਾਂ), ਲੋਕੇਸ਼ ਰਾਹੁਲ (3 ਪਾਰੀਆਂ 'ਚ 26 ਦੌੜਾਂ) ਤੇ ਕੇਦਾਰ ਜਾਧਵ (3 ਪਾਰੀਆਂ 'ਚ 18 ਦੌੜਾਂ) ਵੀ ਇਸ ਵਿਚਾਲੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਪਰ ਪ੍ਰਭਾਵਿਤ ਕਰਨ 'ਚ ਅਸਫਲ ਰਹੇ।
ਚੌਥੇ ਦੋਹਰੇ ਸੈਂਕੜੇ ਬਾਰੇ ਨਹੀਂ ਸੋਚਿਆ : ਰੋਹਿਤ
NEXT STORY