ਲਖਨਊ (ਭਾਸ਼ਾ) : ਸਪਿਨਰਾਂ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਘੱਟ ਸਕੋਰ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਨਿਊਜ਼ੀਲੈਂਡ ਦੀਆਂ 100 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸੂਰਯਕੁਮਾਰ ਯਾਦਵ (ਅਜੇਤੂ 26) ਦੀ ਮੈਚ ਦੀ ਸਰਵਸ੍ਰੇਸ਼ਠ ਪਾਰੀ ਤੇ ਕਪਤਾਨ ਹਾਰਦਿਕ ਪੰਡਯਾ (ਅਜੇਤੂ 15) ਦੇ ਨਾਲ ਉਸਦੀ 5ਵੀਂ ਵਿਕਟ ਲਈ 31 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਾਲ 19.5 ਓਵਰਾਂ ਵਿਚ 4 ਵਿਕਟਾਂ ’ਤੇ 101 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸੂਰਯਕੁਮਾਰ ਮੈਚ ਵਿਚ 20 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲਾ ਇਕਲੌਤਾ ਬੱਲੇਬਾਜ਼ ਰਿਹਾ।
ਗੇਂਦਬਾਜ਼ਾਂ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਭਾਰਤੀ ਧਰਤੀ ’ਤੇ ਪਹਿਲੀ ਵਾਰ ਕਿਸੇ ਟੀ-20 ਕੌਮਾਂਤਰੀ ਮੈਚ ਦੌਰਾਨ ਕੋਈ ਛੱਕਾ ਨਹੀਂ ਲੱਗਾ। ਪੂਰੇ ਮੈਚ ਵਿਚ ਸਿਰਫ 14 ਚੌਕੇ ਲੱਗੇ, ਜਿਸ ਵਿਚੋਂ 8 ਭਾਰਤੀ ਬੱਲੇਬਾਜ਼ਾਂ ਨੇ ਜਦਕਿ 6 ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਲਗਾਏ। ਮੈਚ ਵਿਚ ਸਪਿਨਰਾਂ ਨੇ 30 ਓਵਰ ਕੀਤੇ, ਜਿਹੜਾ ਇਸ ਸਵਰੂਪ ਵਿਚ ਨਵਾਂ ਵਿਸ਼ਵ ਰਿਕਾਰਡ ਹੈ। ਭਾਰਤੀ ਸਪਿਨਰਾਂ ਯੁਜਵੇਂਦਰ ਚਾਹਲ (4 ਦੌੜਾਂ ’ਤੇ 1 ਵਿਕਟ), ਦੀਪਕ ਹੱੁਡਾ (17 ਦੌੜਾਂ ’ਤੇ 1 ਵਿਕਟ), ਵਾਸ਼ਿੰਗਟਨ ਸੁੰਦਰ (17 ਦੌੜਾਂ ’ਤੇ 1 ਵਿਕਟ) ਤੇ ਕੁਲਦੀਪ ਯਾਦਵ (17 ਦੌੜਾਂ ’ਤੇ 1 ਵਿਕਟ) ਨੇ ਮਿਲ ਕੇ 13 ਓਵਰਾਂ ਵਿਚ 55 ਦੌੜਾਂ ’ਤੇ 4 ਵਿਕਟਾਂ ਲਈਆਂ, ਜਿਸ ਨਾਲ ਨਿਊਜ਼ੀਲੈਂਡ ਦੀ ਟੀਮ 8 ਵਿਕਟਾਂ ’ਤੇ 99 ਦੌੜਾਂ ਹੀ ਬਣਾ ਸਕੀ, ਜਿਹੜਾ ਇਸ ਸਵਰੂਪ ਵਿਚ ਟੀਮ ਇੰਡੀਅਾ ਵਿਰੱੁਧ ਉਸਦਾ ਸਭ ਤੋਂ ਘੱਟ ਸਕੋਰ ਹੈ। ਅਰਸ਼ਦੀਪ ਸਿੰਘ ਨੇ ਵੀ 7 ਦੌੜਾਂ ਦੇ ਕੇ 2 ਵਿਕਟਾਂ ਲਈਅਾਂ। ਨਿਊਜ਼ੀਲੈਂਡ ਵਲੋਂ ਕਪਤਾਨ ਮਿਸ਼ੇਲ ਸੈਂਟਨਰ ਨੇ ਸਭ ਤੋਂ ਵੱਧ ਅਜੇਤੂ 19 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁਭਮਨ ਗਿੱਲ (11) ਤੇ ਇਸ਼ਾਨ ਕਿਸ਼ਨ (19) ਦੀ ਜੋੜੀ ਨੂੰ ਸਪਿਨਰਾਂ ਨੇ ਪ੍ਰੇਸ਼ਾਨ ਕੀਤਾ। ਇਸ਼ਾਨ ਨੂੰ ਤੇਜ਼ੀ ਨਾਲ ਸਪਿਨ ਹੁੰਦੀ ਗੇਂਦ ਵਿਰੁੱਧ ਪ੍ਰੇਸ਼ਾਨੀ ਹੋ ਰਹੀ ਸੀ ਪਰ ਗਿੱਲ ਨੇ ਜੈਕਬ ਡਫੀ ਤੇ ਸੈਂਟਨਰ ’ਤੇ ਚੌਕੇ ਮਾਰੇ। ਗਿੱਲ ਹਾਲਾਂਕਿ ਮਾਈਕਲ ਬ੍ਰੇਸਵੈੱਲ ਦੀ ਗੇਂਦ ਨੂੰ ਹਵਾ ਵਿਚ ਖੇਡ ਕੇ ਡੀਪ ਸਕੁਅੈਰ ਲੈੱਗ ’ਤੇ ਫਿਨ ਐਲਨ ਨੂੰ ਕੈਚ ਦੇ ਬੈਠਾ। ਇਸ਼ਾਨ ਨੇ ਬ੍ਰੇਸਵੈੱਲ ’ਤੇ ਚੌਕਾ ਲਾਇਆ ਤੇ ਰਾਹੁਲ ਤ੍ਰਿਪਾਠੀ ਦੇ ਨਾਲ ਮਿਲ ਕੇ ਪਾਵਰ ਪਲੇਅ ਵਿਚ ਸਕੋਰ 1 ਵਿਕਟ ’ਤੇ 29 ਦੌੜਾਂ ਤਕ ਪਹੁੰਚਾਇਆ। ਇਸ਼ਾਨ ਨੇ ਗਲੇਨ ਫਿਲਿਪਸ ’ਤੇ ਵੀ ਚੌਕਾ ਮਾਰਿਆ ਜਦਕਿ ਤ੍ਰਿਪਾਠੀ ਨੇ ਈਸ਼ ਸੋਢੀ ਦਾ ਸਵਾਗਤ ਚੌਕੇ ਨਾਲ ਕੀਤਾ। ਇਸ਼ਾਨ ਹਾਲਾਂਕਿ 9ਵੇਂ ਓਵਰ ਵਿਚ ਗੈਰ-ਜ਼ਰੂਰੀ ਦੌੜ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋਇਆ।
ਭਾਰਤ ਦੀਆਂ 50 ਦੌੜਾਂ 11ਵੇਂ ਓਵਰ ਵਿਚ ਪੂਰੀਆਂ ਹੋਈਆਂ ਪਰ ਤ੍ਰਿਪਾਠੀ ਇਸੇ ਓਵਰ ਵਿਚ ਸੋਢੀ ਦੀ ਗੇਂਦ ’ਤੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਡੀਪ ਮਿਡਵਿਕਟ ’ਤੇ ਡੈਰਿਲ ਮਿਸ਼ੇਲ ਨੂੰਆਸਾਨ ਕੈਚ ਦੇ ਬੈਠਾ। ਵਾਸ਼ਿੰਗਟਨ ਸੁੰਦਰ 10 ਦੌੜਾਂ ਬਣਾਉਣ ਤੋਂ ਬਾਅਦ ਸੂਰਯਕੁਮਾਰ ਯਾਦਵ ਦੇ ਨਾਲ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਰਨ ਅਾਊਟ ਹੋਇਆ। ਭਾਰਤ ਨੂੰ ਆਖਰੀ 5 ਓਵਰਾਂ ਵਿਚ ਜਿੱਤ ਲਈ 27 ਦੌੜਾਂ ਦੀ ਲੋੜ ਸੀ। ਅਗਲੇ ਦੋ ਓਵਰਾਂ ਵਿਚ 9 ਦੌੜਾਂ ਬਣੀਆਂ, ਜਿਸ ਨਾਲ ਭਾਰਤ ਨੂੰ ਆਖਰੀ ਤਿੰਨ ਓਵਰਾਂ ਵਿਚ 18 ਦੌੜਾਂ ਦੀ ਲੋੜ ਸੀ। ਪੰਡਯਾ ਨੇ 19ਵੇਂ ਓਵਰ ਵਿਚ ਲਾਕੀ ਫਰਗਿਊਸਨ ’ਤੇ ਚੌਕੇ ਦੇ ਨਾਲ ਦਬਾਅ ਘੱਟ ਕੀਤਾ।
ਆਖਰੀ ਓਵਰ ਵਿਚ ਭਾਰਤ ਨੂੰ 6 ਦੌੜਾਂ ਦੀ ਲੋੜ ਸੀ ਤੇ ਗੇਂਦ ਬਲੇਅਰ ਟਿਕਨਰ ਦੇ ਹੱਥਾਂ ਵਿਚ ਸੀ। ਪਹਿਲੀਆਂ ਤਿੰਨ ਗੇਂਦਾਂ ’ਤੇ ਸਿਰਫ 2 ਦੌੜਾਂ ਬਣੀਆਂ। ਤੀਜੀ ਗੇਂਦ ’ਤੇ ਸੂਰਯਕੁਮਾਰ ਲੱਕੀ ਰਿਹਾ ਜਦੋਂ ਗੇਂਦਬਾਜ਼ ਨੇ ਆਪਣੀ ਹੀ ਗੇਂਦ ’ਤੇ ਉਸਦਾ ਕੈਚ ਛੱਡ ਦਿੱਤਾ। ਸੂਰਯਕੁਮਾਰ ਨੇ ਹਾਲਾਂਕਿ ਪੰਜਵੀਂ ਗੇਂਦ ’ਤੇ ਚੌਕੇ ਦੇ ਨਾਲ ਭਾਰਤ ਨੂੰ ਜਿੱਤ ਦਿਵਾ ਦਿੱਤੀ।
ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਮਹਿਲਾ ਅੰਡਰ-19 ਵਿਸ਼ਵ ਕੱਪ 2023 ਕੀਤਾ ਆਪਣੇ ਨਾਂ
NEXT STORY