ਲਾਹੌਰ- ਪਾਕਿਸਤਾਨ ਹਾਕੀ ਸੰਘ (ਪੀ. ਐੱਚ. ਐੱਫ.) ਨੇ ਆਪਣੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੈਦਾਨ ’ਤੇ ਭਾਰਤੀ ਖਿਡਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਤੇ ਮੰਗਲਵਾਰ ਨੂੰ ਮਲੇਸ਼ੀਆ ਦੇ ਜੋਹੋਰ ਬਾਹਰੂ ਵਿਚ ਸੁਲਤਾਨ ਕੱਪ ਮੈਚ ਦੌਰਾਨ ਸਿਰਫ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਨ।
ਪਹਿਲਗਾਮ ਵਿਚ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਟੀਮ ਨੇ ਹਾਲ ਹੀ ਵਿਚ ਖਤਮ ਹੋਏ ਏਸ਼ੀਆ ਕੱਪ ਦੇ ਮੈਚਾਂ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ, ਜਿਸ ਵਿਚ ਫਾਈਨਲ ਵੀ ਸ਼ਾਮਲ ਸੀ। ਇਸ ਨਾਲ ਵਿਵਾਦ ਪੈਦਾ ਹੋ ਗਿਆ ਸੀ ਤੇ ਪਾਕਿਸਤਾਨ ਨੇ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਿਚ ਵਿਰੋਧ ਦਰਜ ਕਰਵਾਇਆ ਸੀ।
ਪੂਰੀ ਸੰਭਾਵਨਾ ਹੈ ਕਿ ਭਾਰਤੀ ਜੂਨੀਅਰ ਹਾਕੀ ਟੀਮ ਪਾਕਿਸਤਾਨ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਮੈਚ ਵਿਚ ਆਪਣੀ ਕ੍ਰਿਕਟ ਟੀਮ ਦੀ ਤਰ੍ਹਾਂ ਹੀ ਰਵੱਈਆ ਅਪਣਾਏਗੀ। ਪੀ. ਐੱਚ. ਐੱਫ. ਦੇ ਇਕ ਅਧਿਕਾਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਭਾਰਤੀ ਟੀਮ ਦੀ ਹੱਥ ਨਾ ਮਿਲਾਉਣ ਦੀ ਨੀਤੀ ਲਈ ਮਾਨਸਿਕ ਤੌਰ ’ਤੇ ਤਿਆਰ ਰਹਿਣ ਨੂੰ ਕਿਹਾ ਹੈ।
ਉਸ ਨੇ ਕਿਹਾ, ‘‘ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਭਾਰਤੀ ਟੀਮ ਮੈਚ ਤੋਂ ਪਹਿਲਾਂ ਜਾਂ ਬਾਅਦ ਵਿਚ ਹੱਥ ਨਹੀਂ ਮਲਾਉਂਦੀ ਤਾਂ ਉਨ੍ਹਾਂ ਨੂੰ ਅਣਦੇਖਿਆ ਕਰ ਦੇਣਾ ਚਾਹੀਦਾ ਤੇ ਅੱਗੇ ਵੱਧ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਖੇਡ ਦੌਰਾਨ ਕਿਸੇ ਵੀ ਤਰ੍ਹਾਂ ਦੇ ਭਾਵਨਾਤਮਕ ਟਕਰਾਅ ਤੋਂ ਬਚਣ ਲਈ ਵੀ ਕਿਹਾ ਗਿਆ ਹੈ।’’
ਪਾਕਿਸਤਾਨ ਨੇ ਅਗਸਤ ਵਿਚ ਬਿਹਾਰ ਦੇ ਰਾਜਗੀਰ ਵਿਚ ਆਯੋਜਿਤ ਪੁਰਸ਼ ਏਸ਼ੀਆ ਕੱਪ ਲਈ ਆਪਣੀ ਟੀਮ ਭਾਰਤ ਨਹੀਂ ਭੇਜੀ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਹੈ ਕਿ ਉਹ ਸਿਰਫ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਨ।
IND vs WI: ਦਿੱਲੀ ਟੈਸਟ 'ਚ ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ, ਸੀਰੀਜ਼ 2-0 ਨਾਲ ਜਿੱਤੀ
NEXT STORY