ਨਵੀਂ ਦਿੱਲੀ - ਯੂਕ੍ਰੇਨ ਦੀ ਸਟਾਰ ਟੈਨਿਸ ਖਿਡਾਰਨ ਐਲਿਨਾ ਸਵੀਤੋਲਿਨਾ ਨੇ ਫਰਾਂਸੀਸੀ ਖਿਡਾਰੀ ਗੇਲ ਮੋਂਫਿਲਸ ਨਾਲ ਪ੍ਰੇਮ ਕਹਾਣੀ 'ਤੇ ਡਾਕੂਮੈਂਟਰੀ ਬਣਾਉਣ ਦਾ ਫੈਸਲਾ ਕੀਤਾ ਹੈ। ਇਟਾਲੀਅਨ ਓਪਨ ਵਿਚ ਖੇਡਣ ਲਈ ਰੋਮ ਪਹੁੰਚੀ ਐਲਿਨਾ ਨੇ ਖੁਲਾਸਾ ਕੀਤਾ ਕਿ ਮੋਂਫਿਲਸ ਨਾਲ ਉਹ ਆਪਣੀ ਪਹਿਲੀ ਮੁਲਾਕਾਤ ਕਦੇ ਨਹੀਂ ਭੁੱਲ ਸਕਦੀ, ਇਸ ਲਈ ਮੈਂ ਇਸ ਨੂੰ ਯਾਦਗਾਰ ਬਣਾਉਣ ਲਈ ਡਾਕੂਮੈਂਟਰੀ ਬਣਾਉਣ ਦੀ ਸੋਚੀ ਹੈ। ਹਾਲਾਂਕਿ ਸਵੀਤੋਲਿਨਾ ਨੇ ਨਾਲ ਹੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨਵੇਂ ਪ੍ਰਾਜੈਕਟ ਲਈ ਸਾਨੂੰ ਦੋਵਾਂ ਨੂੰ ਬਹੁਤ ਸਾਰੀਆਂ ਫੋਟੋਆਂ ਦੀ ਲੋੜ ਹੈ। ਇਹ ਵੱਖ-ਵੱਖ ਟੂਰਨਾਮੈਂਟਾਂ ਦੀਆਂ ਫੋਟੋਆਂ ਹੋਣਗੀਆਂ, ਜਿਹੜੀਆਂ ਵੱਖ-ਵੱਖ ਏਜੰਸੀਆਂ ਨਾਲ ਗੱਲ ਕਰਨ ਤੋਂ ਬਾਅਦ ਲੈਣੀਆਂ ਪੈਣਗੀਆਂ।



ਉਸ ਨੇ ਕਿਹਾ ਕਿ ਸਾਡੀ ਚਿੰਤਾ ਇਹ ਹੈ ਕਿ ਇਨ੍ਹਾਂ ਫੋਟੋਆਂ ਦਾ ਅਸੀਂ ਪੇਸ਼ੇਵਰ ਇਸਤੇਮਾਲ ਕਰਨਾ ਹੈ, ਅਜਿਹੀ ਹਾਲਤ 'ਚ ਇਹ ਸਾਨੂੰ ਕਾਫੀ ਮਹਿੰਗੀਆਂ ਪੈਣਗੀਆਂ। ਸਵੀਤੋਲਿਨਾ ਦਾ ਕਹਿਣਾ ਹੈ ਕਿ ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਕੋਰਟ ਦੇ ਬਾਹਰ ਸਾਡੀ ਜ਼ਿੰਦਗੀ ਕਿਹੋ ਜਿਹੀ ਹੈ ਪਰ ਅਜੇ ਸਾਨੂੰ ਪੁਰਾਣੀਆਂ ਫੋਟੋਆਂ ਹਾਸਲ ਕਰਨ ਵਿਚ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਇਹ ਬਹੁਤ ਮਹਿੰਗੀਆਂ ਹਨ। ਅਸੀਂ ਇਸ ਦੇ ਬਦਲ 'ਤੇ ਵਿਚਾਰ ਕਰ ਰਹੇ ਹਾਂ।


ਜ਼ਿਕਰਯੋਗ ਹੈ ਕਿ ਸਵੀਤੋਲਿਨਾ ਅਤੇ ਮੋਂਫਿਲਸ ਵਿਚਾਲੇ ਪਹਿਲੀ ਵਾਰ ਆਸਟਰੇਲੀਅਨ ਓਪਨ ਦੌਰਾਨ ਨੇੜਤਾ ਦੇਖੀ ਗਈ ਸੀ। ਇਸ ਤੋਂ ਬਾਅਦ ਦੋਵੇਂ ਸੋਸ਼ਲ ਮੀਡੀਆ 'ਤੇ ਇਕੱਠੇ ਫੋਟੋਆਂ ਸ਼ੇਅਰ ਕਰਨ ਲੱਗੇ। ਇਕ ਦਿਨ ਸਵੀਤੋਲਿਨਾ ਨੇ ਮੋਂਫਿਲਸ ਨਾਲ ਆਪਣੀ ਵੀਡੀਓ ਅਤੇ ਫੋਟੋਆਂ ਜੋੜ ਕੇ ਇਕ ਛੋਟੀ ਜਿਹੀ ਫਿਲਮ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਮੰਨਿਆ ਸੀ ਕਿ ਹਾਂ, ਉਹ ਦੋਵੇਂ ਡੇਟ ਕਰ ਰਹੇ ਹਨ।

ਇੰਗਲੈਂਡ ਨੇ ਪਾਕਿਸਤਾਨ ਦਾ 4-0 ਨਾਲ ਕੀਤਾ ਸਫਾਇਆ
NEXT STORY