ਸਪੋਰਟਸ ਡੈਸਕ-ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਅਰਧ ਸੈਂਕੜੇ ਤੇ ਮੁਹੰਮਦ ਨਵਾਜ਼ ਦੇ ਨਾਲ ਉਸਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਰੋਮਾਂਚਕ ਮੁਕਾਬਲੇ ਵਿਚ ਐਤਵਾਰ ਨੂੰ ਇੱਥੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀਆਂ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ ਰਿਜ਼ਵਾਨ (51 ਗੇਂਦਾਂ ’ਤੇ 71 ਦੌੜਾਂ) ਤੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਣ ਵਾਲੇ ਨਵਾਜ਼ (20 ਗੇਂਦਾਂ ’ਤੇ 42 ਦੌੜਾਂ) ਵਿਚਾਲੇ ਤੀਜੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਨਾਲ ਇਕ ਗੇਂਦ ਬਾਕੀ ਰਹਿੰਦਿਆਂ 5 ਵਿਕਟਾਂ ’ਤੇ 182 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ।ਰਿਜ਼ਵਾਨ ਤੇ ਨਵਾਜ਼ ਦੇ ਆਊਟ ਹੋਣ ਤੋਂ ਬਾਅਦ ਅਾਸਿਫ ਅਲੀ (16) ਤੇ ਖੁਸ਼ਦਿਲ ਸ਼ਾਹ (ਅਜੇਤੂ 14) ਨੇ ਟੀਮ ਦੀ ਜਿੱਤ ਤੈਅ ਕੀਤੀ। ਭਾਰਤ ਲਈ ਰਵੀ ਬਿਸ਼ਨੋਈ (26 ਦੌੜਾਂ ’ਤੇ 1 ਵਿਕਟ) ਤੇ ਅਰਸ਼ਦੀਪ ਸਿੰਘ (27 ਦੌੜਾਂ ’ਤੇ 1 ਵਿਕਟ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ, ਕਿਹਾ-UP ਸਰਕਾਰ ’ਚ ਆਟਾ 22 ਰੁਪਏ ਲੀਟਰ ਸੀ, ਜੋ ਹੁਣ 40 ਰੁਪਏ ਲੀਟਰ ਹੈ
ਇਸ ਤੋਂ ਪਹਿਲਾਂ ਕੋਹਲੀ ਨੇ 44 ਗੇਂਦਾਂ ’ਤੇ 4 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 60 ਦੌੜਾਂ ਦੀ ਪਾਰੀ ਖੇਡੀ। ਕਪਤਾਨ ਰੋਹਿਤ ਸ਼ਰਮਾ (28) ਤੇ ਲੋਕੇਸ਼ ਰਾਹੁਲ (28) ਦੀ ਸਲਾਮੀ ਜੋੜੀ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ। ਬੱਲੇਬਾਜ਼ੀ ਕ੍ਰਮ ਵਿਚ ਇਨ੍ਹਾਂ ਟਾਪ-3 ਬੱਲੇਬਾਜ਼ਾਂ ਤੋਂ ਇਲਾਵਾ ਹੋਰ ਬੱਲੇਬਾਜ਼ ਹਾਲਾਂਕਿ ਟਿਕ ਕੇ ਨਹੀਂ ਖੇਡ ਸਕੇ। ਪਾਕਿਸਤਾਨ ਵਲੋਂ ਲੈੱਗ ਸਪਿਨਰ ਸ਼ਾਦਾਬ ਖਾਨ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੇ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ 25 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੇ ਭਾਰਤ ਨੂੰ ਕਪਤਾਨ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਨੇ 5.1 ਓਵਰਾਂ ਵਿਚ 54 ਦੌੜਾਂ ਜੋੜ ਕੇ ਤੇਜ਼ ਸ਼ੁਰੂਆਤ ਦਿਵਾਈ। ਰੋਹਿਤ ਨੇ ਪਹਿਲੇ ਹੀ ਓਵਰ ਵਿਚ ਨਸੀਮ ਸ਼ਾਹ (45 ਦੌੜਾਂ ’ਤੇ 1 ਵਿਕਟ) ’ਤੇ ਚੌਕਾ ਤੇ ਛੱਕਾ ਲਾਇਆ ਜਦਕਿ ਰਾਹੁਲ ਨੇ ਵੀ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ ਵਿਚ ਦੋ ਛੱਕੇ ਮਾਰੇ। ਰੋਹਿਤ ਨੇ ਹੈਰਿਸ ਰਾਓਫ (38 ਦੌੜਾਂ ’ਤੇ 1 ਵਿਕਟ) ਦਾ ਸਵਾਗਤ ਲਗਾਤਾਰ ਗੇਂਦਾਂ ’ਤੇ ਚੌਕੇ ਤੇ ਛੱਕੇ ਦੇ ਨਾਲ ਕੀਤਾ ਪਰ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ ਵਿਚ ਗੇਂਦ ਨੂੰ ਹਵਾ ਵਿਚ ਲਹਿਰਾ ਕੇ ਖੁਸ਼ਦਿਲ ਸ਼ਾਹ ਨੂੰ ਕੈਚ ਦੇ ਬੈਠਾ। ਭਾਰਤ ਨੇ ਪਾਵਰਪਲੇਅ ਵਿਚ 1 ਵਿਕਟ ’ਤੇ 62 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਉਪ ਰਾਸ਼ਟਰਪਤੀ ਨੇ ਧਾਰਮਿਕ ਆਗੂਆਂ ਤੇ ਮੀਡੀਆ ਰਾਹੀਂ ਲੋਕਾਂ ਨੂੰ ਕੀਤੀ ਇਹ ਅਪੀਲ
ਅਗਲੇ ਓਵਰ ਵਿਚ ਲੈੱਗ ਸਪਿਨਰ ਸ਼ਾਦਾਬ ਖਾਨ ਦੀ ਪਹਿਲੀ ਹੀ ਗੇਂਦ ’ਤੇ ਰਾਹੁਲ ਨੇ ਮੁਹੰਮਦ ਨਵਾਜ਼ ਨੂੰ ਲਾਂਗ ਆਨ ’ਤੇ ਕੈਚ ਦੇ ਦਿੱਤਾ। ਸੂਰਯਕੁਮਾਰ ਯਾਦਵ ਨੇ ਆਉਂਦੇ ਹੀ ਸ਼ਾਦਾਬ ’ਤੇ ਚੌਕੇ ਨਾਲ ਖਾਤਾ ਖੋਲ੍ਹਿਆ ਤੇ ਫਿਰ ਨਵਾਜ਼ ਦੀ ਗੇਂਦ ਨੂੰ ਵੀ ਬਾਊਂਡਰੀ ਦੇ ਦਰਸ਼ਨ ਕਰਵਾਏ। ਕੋਹਲੀ ਸ਼ਾਦਾਬ ਦੀ ਗੇਂਦ ’ਤੇ ਲੱਕੀ ਰਿਹਾ ਜਦੋਂ ਗੇਂਦ ਨੇ ਉਸ ਦੇ ਬੱਲੇ ਦਾ ਕਿਨਾਰਾ ਲਿਆ ਪਰ ਗੇਂਦ ਸ਼ਾਰਟ ਥਰਡ ਮੈਨ ’ਤੇ ਖੜ੍ਹੇ ਨਸੀਮ ਦੀ ਗਲਤੀ ਨਾਲ 4 ਦੌੜਾਂ ਲਈ ਚਲੀ ਗਈ। ਸੂਰਯਕੁਮਾਰ ਨਵਾਜ਼ ਦੀ ਗੇਂਦ ’ਤੇ ਸਕੁਐਰ ਲੈੱਗ ਬਾਊਂਡਰੀ ’ਤੇ ਆਸਿਫ ਅਲੀ ਨੂੰ ਕੈਚ ਦੇ ਬੈਠਾ।
ਭਾਰਤ ਦੀਆਂ ਦੌੜਾਂ ਦਾ ਸੈਂਕੜਾ 11ਵੇਂ ਓਵਰ ਵਿਚ ਪੂਰਾ ਹੋਇਆ। ਕੋਹਲੀ ਤੇ ਰਿਸ਼ਭ ਪੰਤ (14) ਨੇ ਨਸੀਮ ਦੇ ਓਵਰ ਵਿਚ ਚੌਕੇ ਲਾਏ। ਪੰਤ ਨੇ ਸ਼ਾਦਾਬ ’ਤੇ ਵੀ ਚੌਕਾ ਮਾਰਿਆ ਪਰ ਇਸ ਲੈੱਗ ਸਪਿਨਰ ਦੀ ਅਗਲੀ ਗੇਂਦ ਨੂੰ ਸਵੀਪ ਕਰਨ ਦੀ ਕੋਸ਼ਿਸ਼ ਵਿਚ ਬੈਕਵਰਡ ਪੁਆਇੰਟ ’ਤੇ ਆਸਿਫ ਨੂੰ ਕੈਚ ਦੇ ਬੈਠਾ।
ਇਹ ਵੀ ਪੜ੍ਹੋ : ਹੜ੍ਹ ਪ੍ਰਭਾਵਿਤ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਦੀ ਕੀਤੀ ਅਪੀਲ
ਗਰੁੱਪ ਗੇੜ ਦੇ ਮੈਚ ਵਿਚ ਭਾਰਤ ਦੀ ਜਿੱਤ ਦਾ ਹੀਰੋ ਰਿਹਾ ਹਾਰਦਿਕ ਅਗਲੇ ਓਵਰ ਵਿਚ ਮੁਹੰਮਦ ਹਸਨੈਨ ਦੀ ਗੇਂਦ ’ਤੇ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਪਰਤ ਗਿਆ, ਜਿਸ ਨਾਲ ਭਾਰਤ ਦਾ ਸਕੋਰ 5 ਵਿਕਟਾਂ ’ਤੇ 131 ਦੌੜਾਂ ਹੋ ਗਿਆ। ਦੀਪਕ ਹੁੱਡਾ (16) ਨੇ ਰਾਓਫ ਤੇ ਹਸਨੈਨ ’ਤੇ ਚੌਕੇ ਮਾਰੇ। ਕੋਹਲੀ ਨੇ ਹਸਨੈਨ ’ਤੇ ਛੱਕੇ ਦੇ ਨਾਲ 36 ਗੇਂਦਾਂ ਵਿਚ ਕਰੀਅਰ ਦਾ 32ਵਾਂ ਅਰਧ ਸੈਂਕੜਾ ਪੂਰਾ ਕੀਤਾ।ਹੁੱਡਾ ਹਾਲਾਂਕਿ ਨਸੀਮ ਦੇ ਅਗਲੇ ਓਵਰ ਦੀ ਗੇਂਦ ਨੂੰ ਹਵਾ ਵਿਚ ਲਹਿਰਾ ਕੇ ਨਵਾਜ਼ ਨੂੰ ਕੈਚ ਦੇ ਬੈਠਾ। ਰਾਓਫ ਦੇ ਆਖਰੀ ਓਵਰ ਦੀਆਂ ਪਹਿਲੀਆਂ ਚਾਰ ਗੇਂਦਾਂ ’ਤੇ 1 ਦੌੜ ਬਣਾ ਕੇ ਕੋਹਲੀ ਰਨ ਆਊਟ ਹੋ ਗਿਆ। ਰਵੀ ਬਿਸ਼ਨੋਈ (ਅਜੇਤੂ 08) ਨੇ ਆਖਰੀ ਦੋ ਗੇਂਦਾਂ ’ਤੇ ਚੌਕਿਆਂ ਦੇ ਨਾਲ ਟੀਮ ਦਾ ਸਕੋਰ 180 ਦੌੜਾਂ ਦੇ ਪਾਰ ਪਹੁੰਚਾਇਆ।
ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦੀਪਕ ਹੁੱਡਾ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ
ਪਾਕਿਸਤਾਨ : ਮੁਹੰਮਦ ਰਿਜ਼ਵਾਨ (ਵਿਕਟਕੀਪਰ), ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਖੁਸ਼ਦਿਲ ਸ਼ਾਹ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਆਸਿਫ ਅਲੀ, ਮੁਹੰਮਦ ਨਵਾਜ਼, ਹੈਰਿਸ ਰਾਊਫ, ਮੁਹੰਮਦ ਹਸਨੈਨ, ਨਸੀਮ ਸ਼ਾਹ
ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਹਾਰ ਕੇ ਯੂ. ਐੱਸ. ਓਪਨ ਤੋਂ ਬਾਹਰ
NEXT STORY