ਪਰਥ, (ਭਾਸ਼ਾ)– ਆਸਟਰੇਲੀਆ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਇੱਥੇ ਪਰਥ ਦੀ ਖਤਰਨਾਕ ਪਿੱਚ ’ਤੇ ਪਾਕਿਸਤਾਨ ਨੂੰ 360 ਦੌੜਾਂ ਨਾਲ ਹਰਾ ਦਿੱਤਾ, ਜਿਸ ਵਿਚ ਨਾਥਨ ਲਿਓਨ ਨੇ 500 ਟੈਸਟ ਵਿਕਟਾਂ ਦੀ ਉਪਲਬਧੀ ਆਪਣੇ ਨਾਂ ਕੀਤੀ। ਪਾਕਿਸਤਾਨ ਦੀ ਦੂਜੀ ਪਾਰੀ ਚੌਥੇ ਦਿਨ ਦੇ ਆਖਰੀ ਸੈਸ਼ਨ ਵਿਚ 89 ਦੌੜਾਂ ’ਤੇ ਸਿਮਟ ਗਈ, ਜਿਸ ਨਾਲ ਉਸ ਨੂੰ ਆਸਟਰੇਲੀਆ ਵਿਚ ਟੈਸਟ ਵਿਚ ਲਗਾਤਾਰ 15ਵੀਂ ਹਾਰ ਝੱਲਣੀ ਪਈ।
ਮੇਜ਼ਬਾਨ ਟੀਮ ਨੇ ਲੰਚ ਦੇ ਅੱਧੇ ਘੰਟੇ ਬਾਅਦ 5 ਵਿਕਟਾਂ ’ਤੇ 233 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਕਰਕੇ ਪਾਕਿਸਤਾਨ ਨੂੰ ਜਿੱਤ ਲਈ 450 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਪਰ ਉਛਾਲ ਭਰੀ ਪਿੱਚ ’ਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ ਤੇ ਕਪਤਾਨ ਪੈਟ ਕਮਿੰਸ ਦੇ ਸਾਹਮਣੇ ਪਾਕਿਸਤਾਨ ਦਾ ਚੋਟੀਕ੍ਰਮ ਡਗਮਗਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਕਈ ਬੱਲੇਬਾਜ਼ਾਂ ਨੂੰ ਗੇਂਦ ਵੀ ਲੱਗੀ। ਹੇਜ਼ਲਵੁਡ (13 ਦੌੜਾਂ ’ਤੇ 3 ਵਿਕਟਾਂ) ਤੇ ਸਟਾਰਕ (31 ਦੌੜਾਂ ਦੇ ਕੇ 3 ਵਿਕਟਾਂ) ਨੇ ਮਿਲ ਕੇ 6 ਵਿਕਟਾਂ ਲਈਆਂ ਜਦਕਿ ਕਮਿੰਸ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ (14 ਦੌੜਾਂ) ਨੂੰ ਆਊਟ ਕੀਤਾ, ਜਿਹੜਾ ਉਸਦੀ ਗੇਂਦ ’ਤੇ ਬੱਲੇ ਛੂਹਾ ਕੇ ਵਿਕਟਕੀਪਰ ਨੂੰ ਕੈਚ ਦੇ ਬੈਠਾ।
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੱਖਣੀ ਅਫਰੀਕਾ ਦੀ ਟੈਸਟ ਸੀਰੀਜ਼ ਤੋਂ ਬਾਹਰ, ਭਰਤ ਲੈਣਗੇ ਜਗ੍ਹਾ
ਆਸਟਰੇਲੀਆ ਦੇ ਤੇਜ਼ਤਰਾਰ ਗੇਂਦਬਾਜ਼ਾਂ ਦਾ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ। ਲਿਓਨ ਨੇ ਫਹੀਮ ਅਸ਼ਰਫ ਨੂੰ ਐੱਲ. ਬੀ. ਡਬਲਯੂ. ਦੇ ਰੈਫਰਲ ’ਚ ਸਫਲਤਾ ਹਾਸਲ ਕਰਕੇ ਆਪਣੀ 500ਵੀਂ ਵਿਕਟ ਦੀ ਉਪਲਬਧੀ ਹਾਸਲ ਕੀਤੀ, ਜਿਸ ਤੋਂ ਬਾਅਦ 8 ਖਿਡਾਰੀਆਂ ਦੇ ਇਸ ‘ਐਕਸਕਲਿਊਸਿਵ ਕਲੱਬ’ ਵਿਚ ਸ਼ਾਮਲ ਹੋਣ ਵਾਲਾ ਤੀਜਾ ਆਸਟਰੇਲੀਅਨ ਗੇਂਦਬਾਜ਼ ਬਣ ਗਿਆ। ਲਿਓਨ ਨੇ ਫਿਰ ਇਸ ਓਵਰ ਵਿਚ ਆਮੇਰ ਜਮਾਲ ਨੂੰ ਆਊਟ ਕੀਤਾ, ਜਿਹੜੀ ਪਾਕਿਸਤਾਨ ਦੀ 8ਵੀਂ ਵਿਕਟ ਸੀ। ਇਸ ਤਰ੍ਹਾਂ ਉਸ ਨੇ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਪਾਕਿਸਤਾਨ ਨੇ ਪਹਿਲੇ 7 ਓਵਰਾਂ ਵਿਚ 17 ਦੌੜਾਂ ਦੇ ਅੰਦਰ 3 ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਅਬਦੁੱਲ੍ਹਾ ਸ਼ਫੀਕ ਪਹਿਲੇ ਓਵਰ ਵਿਚ ਸਟਾਰਕ ਦੀ ਖੂਬਸੂਰਤ ਗੇਂਦ ’ਤੇ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਹੋਇਆ, ਜਿਸ ਨਾਲ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਆਪਣੇ ਮੈਦਾਨ ’ਤੇ 200ਵੀਂ ਟੈਸਟ ਵਿਕਟ ਹਾਸਲ ਕੀਤੀ। ਕਪਤਾਨ ਸ਼ਾਨ ਮਸੂਦ 2 ਦੌੜਾਂ ਬਣਾ ਕੇ ਹੇਜ਼ਲਵੁਡ ਦਾ ਸ਼ਿਕਾਰ ਹੋਇਅਾ ਜਦਕਿ ਇਮਾਮ ਉਲ ਹੱਕ ਨੂੰ ਸਟਾਰਕ ਨੇ ਇਕ ਹੋਰ ਖੂਬਸਰੂਤ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਕੀਤਾ।
ਇਸ ਤੋਂ ਪਹਿਲਾਂ ਉਸਮਾਨ ਖਵਾਜਾ ਆਪਣੇ ਸੈਂਕੜੇ ਤੋਂ ਖੁੰਝ ਗਿਆ। ਉਸ ਨੇ 90 ਦੌੜਾਂ ਬਣਾਈਆਂ। ਆਸਟਰੇਲੀਆ ਲੰਚ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਜੋੜਨ ਦੀ ਕੋਸ਼ਿਸ਼ ਵਿਚ ਰੁੱਝਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਖਵਾਜਾ (9 ਚੌਕੇ) ਤੇ ਮਿਸ਼ੇਲ ਸਟਾਰਕ (ਅਜੇਤੂ 63 ਦੌੜਾਂ) ਨੇ 126 ਦੌੜਾਂ ਦੀ ਹਿੱਸੇਦਾਰੀ ਨਿਭਾਈ। ਮਾਰਸ਼ ਨੇ ਆਪਣੇ ਘਰੇਲੂ ਮੈਦਾਨ ’ਤੇ ਲਗਾਤਾਰ ਦੂਜਾ ਅਰਧ ਸੈਂਕੜਾ ਲਾਇਆ।
ਇਹ ਵੀ ਪੜ੍ਹੋ : ਫਿਲ ਸਾਲਟ ਦੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ
ਆਸਟਰੇਲੀਆ ਨੇ ਸਵੇਰੇ 2 ਵਿਕਟਾਂ ’ਤੇ 84 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪਹਿਲੇ ਘੰਟੇ ਵਿਚ ਹੀ ਸਟੀਵ ਸਮਿਥ (45) ਤੇ ਟ੍ਰੈਵਿਸ ਹੈੱਡ (14) ਦੀਆਂ ਵਿਕਟਾਂ ਗੁਆ ਦਿੱਤੀਆਂ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਪੂਰੀ ਤਰ੍ਹਾਂ ਨਾਲ ਹਾਵੀ ਸਨ ਪਰ ਖਵਾਜਾ ਤੇ ਮਾਰਸ਼ ਨੇ ਉਸਦਾ ਡਟ ਕੇ ਸਾਹਮਣਾ ਕੀਤਾ। ਖਵਾਜਾ ਨੇ 151 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਦਕਿ ਮਾਰਸ਼ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 68 ਗੇਂਦਾਂ ਵਿਚ 7 ਚੌਕਿਆਂ ਤੇ 2 ਛੱਕਿਆਂ ਨਾਲ ਅਜੇਤੂ 63 ਦੌੜਾਂ ਬਣਾਈਆਂ।
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਖੁਰਮ ਸ਼ਹਿਜ਼ਾਦ ਨੇ ਸਮਿਥ ਨੂੰ ਐੱਲ. ਬੀ. ਡਬਲਯੂ. ਕਰਕੇ ਪਾਕਿਸਤਾਨ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ, ਜਿਸ ਨਾਲ ਆਸਟਰੇਲੀਆ ਦਾ ਸਕੋਰ 3 ਵਿਕਟਾਂ ’ਤੇ 87 ਦੌੜਾਂ ਹੋ ਗਿਆ। ਇਹ ਮੈਚ ਵਿਚ ਦੂਜਾ ਮੌਕਾ ਸੀ ਜਦੋਂ ਸ਼ਹਿਜ਼ਾਦ ਨੇ ਸਮਿਥ ਨੂੰ ਆਊਟ ਕੀਤਾ। ਸ਼ਹਿਜ਼ਾਦ ਦੀ ਤਰ੍ਹਾਂ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਮਿਰ ਜਮਾਲ (28 ਦੌੜਾਂ ’ਤੇ 1 ਵਿਕਟ) ਨੇ ਵੀ ਹੈੱਡ ਨੂੰ ਲਗਾਤਾਰ ਦੂਜੀ ਪਾਰੀ ਵਿਚ ਆਊਟ ਕੀਤਾ। ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਦੀ ਜਿੱਤ ਦੇ ਹੀਰੋ ਰਹੇ ਹੈੱਡ ਨੇ ਮਿਡ ਆਫ ’ਤੇ ਇਮਾਮ ਉਲ ਹੱਕ ਨੂੰ ਕੈਚ ਦਿੱਤਾ। ਜਮਾਲ ਨੇ ਪਹਿਲੀ ਪਾਰੀ ਵਿਚ 111 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਲਬੋਰਨ ਵਿਚ ‘ਬਾਕਸਿੰਗ ਡੇ’ ਤੋਂ ਸ਼ੁਰੂ ਹੋਵੇਗਾ ਜਦਕਿ ਤੀਜਾ ਟੈਸਟ ਸਿਡਨੀ ਵਿਚ 3 ਤੋਂ 7 ਜਨਵਰੀ ਵਿਚਾਲੇ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੀਅਲ ਕਸ਼ਮੀਰ ਐਫ ਸੀ ਨੇ ਸ਼ਿਲਾਂਗ ਲਾਜੋਂਗ ਐਫ ਸੀ ਨੂੰ 3-1 ਨਾਲ ਹਰਾਇਆ
NEXT STORY