ਬ੍ਰਿਸਬੇਨ- ਆਸਟਰੇਲੀਆ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਪਾਕਿਸਤਾਨ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਪਾਰੀ ਤੇ 5 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਪਾਕਿਸਤਾਨ ਨੇ ਪਹਿਲੀ ਪਾਰੀ 'ਚ 240 ਦੌੜਾਂ ਬਣਾਈਆਂ ਸਨ, ਜਦਕਿ ਆਸਟਰੇਲੀਆ ਨੇ ਪਹਿਲੀ ਪਾਰੀ 'ਚ 580 ਦੌੜਾਂ ਬਣਾ ਕੇ 340 ਦੌੜਾਂ ਦੀ ਵਿਸ਼ਾਲ ਬੜ੍ਹਤ ਹਾਸਲ ਕੀਤੀ ਸੀ। ਪਾਕਿਸਤਾਨ ਦੀ ਟੀਮ ਕੱਲ ਦੀਆਂ 3 ਵਿਕਟਾਂ 'ਤੇ 64 ਦੌੜਾਂ ਤੋਂ ਅੱਗੇ ਖੇਡਦੀ ਹੋਈ 335 ਦੌੜਾਂ 'ਤੇ ਸਿਮਟ ਗਈ। ਆਸਟਰੇਲੀਆਈ ਪਾਰੀ 'ਚ 185 ਦੌੜਾਂ ਬਣਾਉਣ ਵਾਲੇ ਮਾਰਨਸ ਲਾਬੂਸ਼ੇਨ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ ।

ਆਸਟਰੇਲੀਆ ਨੂੰ ਇਸ ਜਿੱਤ ਨਾਲ 60 ਅੰਕ ਮਿਲੇ, ਜਿਸ ਦੇ ਨਾਲ ਉਸ ਦੇ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ 116 ਅੰਕ ਹੋ ਗਏ ਹਨ । ਪਾਕਿਸਤਾਨ ਦਾ ਚੈਂਪੀਅਨਸ਼ਿਪ 'ਚ ਇਹ ਪਹਿਲਾ ਟੈਸਟ ਹੈ ਅਤੇ ਉਸ ਦਾ ਖਾਤਾ ਨਹੀਂ ਖੁੱਲ੍ਹਿਆ ਹੈ। ਪਾਕਿਸਤਾਨ ਨੇ ਦੂਜੀ ਪਾਰੀ 'ਚ ਕਾਫੀ ਸੰਘਰਸ਼ ਕੀਤਾ ਪਰ ਬਾਬਰ ਆਜ਼ਮ (104) ਦੇ ਸੈਂਕੜੇ ਦੇ ਬਾਵਜੂਦ ਉਸ ਨੂੰ ਪਾਰੀ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਪਾਕਿਸਤਾਨ ਦੀ ਵਿਦੇਸ਼ੀ ਜ਼ਮੀਨ 'ਤੇ ਪਿਛਲੇ 5 ਮੈਚਾਂ 'ਚ ਇਹ ਲਗਾਤਾਰ 5ਵੀਂ ਹਾਰ ਹੈ । ਪਾਕਿਸਤਾਨ ਨੂੰ ਇਸ ਮੈਦਾਨ 'ਤੇ ਪਾਰੀ ਨਾਲ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਆਸਟਰੇਲੀਆ ਨੇ ਇਸ ਮੈਦਾਨ 'ਤੇ 1988 ਤੋਂ ਅਜੇਤੂ ਰਹਿਣ ਦਾ ਆਪਣਾ ਰਿਕਾਰਡ ਬਰਕਰਾਰ ਰੱਖਿਆ ਹੈ । ਆਸਟਰੇਲੀਆ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਪਿਛਲੇ 31 ਟੈਸਟਾਂ 'ਚੋਂ 24 ਜਿੱਤੇ ਹਨ, ਜਦਕਿ 7 ਡਰਾਅ ਖੇਡੇ ਹਨ।
ਵਾਟਲਿੰਗ ਦਾ ਦੋਹਰਾ ਸੈਂਕੜਾ, ਨਿਊਜ਼ੀਲੈਂਡ ਜਿੱਤ ਦੇ ਨੇੜੇ
NEXT STORY