ਸਪੋਰਟਸ ਡੈਸਕ- ਅੰਤਰਰਾਸ਼ਟਰੀ ਕ੍ਰਿਕਟ ਜਗਤ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬੰਗਲਾਦੇਸ਼ ਸਰਕਾਰ ਨੇ ਅਧਿਕਾਰਤ ਤੌਰ 'ਤੇ ਆਗਾਮੀ ਆਈ.ਸੀ.ਸੀ. (ICC) ਟੀ-20 ਵਰਲਡ ਕੱਪ 2026 ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਆਈ.ਸੀ.ਸੀ. ਦੀਆਂ ਚੇਤਾਵਨੀਆਂ ਅਤੇ ਅਲਟੀਮੇਟਮ ਨੂੰ ਦਰਕਿਨਾਰ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਟੂਰਨਾਮੈਂਟ ਦਾ ਵੇਨਿਊ ਭਾਰਤ ਤੋਂ ਬਦਲ ਕੇ ਸ੍ਰੀਲੰਕਾ ਨਹੀਂ ਕੀਤਾ ਜਾਂਦਾ, ਉਨ੍ਹਾਂ ਦੀ ਟੀਮ ਇਸ ਵਿੱਚ ਹਿੱਸਾ ਨਹੀਂ ਲਵੇਗੀ। ਇਸ ਫੈਸਲੇ ਨੇ ਆਈ.ਸੀ.ਸੀ. ਦੇ ਸਾਹਮਣੇ ਇੱਕ ਬਹੁਤ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ ਅਤੇ ਪੂਰੇ ਟੂਰਨਾਮੈਂਟ ਦੇ ਸ਼ਡਿਊਲ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
ਬੰਗਲਾਦੇਸ਼ ਨੇ ਇਸ ਵੱਡੇ ਫੈਸਲੇ ਪਿੱਛੇ ਸੁਰੱਖਿਆ ਅਤੇ ਮੌਜੂਦਾ ਸਿਆਸੀ ਹਾਲਾਤ ਨੂੰ ਮੁੱਖ ਵਜ੍ਹਾ ਦੱਸਿਆ ਹੈ। ਬੰਗਲਾਦੇਸ਼ ਦੇ ਖੇਲ ਸਲਾਹਕਾਰ ਆਸਿਫ਼ ਨਜ਼ਰੂਲ ਨੇ ਆਈ.ਸੀ.ਸੀ. 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕੌਂਸਲ ਖਿਡਾਰੀਆਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਬੰਗਲਾਦੇਸ਼ ਨਾਲ ਨਿਆਂ ਨਹੀਂ ਕਰ ਰਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ, ਕ੍ਰਿਕਟ ਬੋਰਡ ਅਤੇ ਖਿਡਾਰੀ ਇਸ ਮੁੱਦੇ 'ਤੇ ਇੱਕਮਤ ਹਨ ਅਤੇ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ, ICC ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਟੂਰਨਾਮੈਂਟ ਦੇ ਮੈਚ ਭਾਰਤ ਤੋਂ ਬਾਹਰ ਨਹੀਂ ਲਿਜਾਏ ਜਾਣਗੇ।
ਜਾਣਕਾਰੀ ਅਨੁਸਾਰ 22 ਜਨਵਰੀ ਨੂੰ ਖਿਡਾਰੀਆਂ ਅਤੇ ਖੇਲ ਸਲਾਹਕਾਰ ਵਿਚਾਲੇ ਹੋਈ ਇੱਕ ਅਹਿਮ ਬੈਠਕ ਵਿੱਚ ਖਿਡਾਰੀਆਂ ਦੀ ਰਾਇ ਲਈ ਗਈ, ਜਿਸ ਵਿੱਚ ਉਨ੍ਹਾਂ ਨੇ ਭਾਰਤ ਵਿੱਚ ਖੇਡਣ ਤੋਂ ਮਨ੍ਹਾ ਕਰ ਦਿੱਤਾ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤਿਆਂ ਵਿੱਚ ਤਲਖ਼ੀ ਦੇਖੀ ਜਾ ਰਹੀ ਹੈ। ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹੋਏ ਕਥਿਤ ਅੱਤਿਆਚਾਰਾਂ ਤੋਂ ਬਾਅਦ ਇਹ ਵਿਵਾਦ ਕ੍ਰਿਕਟ ਤੱਕ ਪਹੁੰਚ ਗਿਆ, ਜਿਸ ਕਾਰਨ ਮੁਸਤਾਫ਼ਿਜ਼ੁਰ ਰਹਿਮਾਨ ਦਾ ਆਈ.ਪੀ.ਐੱਲ. (IPL) ਕੰਟਰੈਕਟ ਖ਼ਤਮ ਹੋਇਆ ਅਤੇ ਬੰਗਲਾਦੇਸ਼ ਨੇ ਆਈ.ਪੀ.ਐੱਲ. ਦੇ ਪ੍ਰਸਾਰਣ 'ਤੇ ਵੀ ਰੋਕ ਲਗਾ ਦਿੱਤੀ ਸੀ।
ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਬੰਗਲਾਦੇਸ਼ ਨੂੰ ਗਰੁੱਪ-ਸੀ ਵਿੱਚ ਰੱਖਿਆ ਗਿਆ ਸੀ ਅਤੇ ਉਸ ਦੇ ਪਹਿਲੇ ਤਿੰਨ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਵੈਸਟਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ) ਅਤੇ ਇੰਗਲੈਂਡ (14 ਫਰਵਰੀ) ਵਿਰੁੱਧ ਹੋਣੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਆਖਰੀ ਗਰੁੱਪ ਮੈਚ 17 ਫਰਵਰੀ ਨੂੰ ਨੇਪਾਲ ਵਿਰੁੱਧ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਣਾ ਸੀ। ਹੁਣ ਇਸ ਬਾਈਕਾਟ ਤੋਂ ਬਾਅਦ ਆਈ.ਸੀ.ਸੀ. ਲਈ ਟੂਰਨਾਮੈਂਟ ਨੂੰ ਸਹੀ ਢੰਗ ਨਾਲ ਚਲਾਉਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਕਿਉਂਕਿ ਬੰਗਲਾਦੇਸ਼ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ।
ਭਾਰਤ ਦੇ ਮਸ਼ਹੂਰ ਖਿਡਾਰੀ ਦਾ ਹੋਇਆ ਦੇਹਾਂਤ, ਖੇਡ ਜਗਤ 'ਚ ਫੈਲੀ ਸੋਗ ਦੀ ਲਹਿਰ
NEXT STORY