ਦੁਬਈ- ਦਿੱਲੀ ਕੈਪੀਟਲਸ ਨੇ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੂਜੇ ਪੜਾਅ ਲਈ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਬੇਨ ਡਵਾਰਸ਼ੁਈਸ ਨੂੰ ਕ੍ਰਿਸ ਵੋਕਸ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਹੈ। ਖੱਬੇ ਹੱਥ ਦੇ 27 ਸਾਲ ਦੇ ਤੇਜ਼ ਗੇਂਦਬਾਜ਼ ਡਵਾਰਸ਼ੁਈਸ ਨੇ ਅਜੇ ਤਕ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਨਹੀਂ ਕੀਤੀ ਹੈ। ਉਨ੍ਹਾਂ ਨੇ 7 ਲਿਸਟ ਏ ਮੈਚਾਂ 'ਚ 12 ਤੇ 82 ਟੀ20 ਮੈਚਾਂ 'ਚ 100 ਵਿਕਟਾਂ ਲਈਆਂ ਹਨ।
ਉਹ ਲਿਸਟ ਏ ਕ੍ਰਿਕਟ 'ਚ ਨਿਊ ਸਾਊਥ ਵੇਲਸ ਜਦਕਿ ਬਿਗ ਬੈਸ਼ ਲੀਗ (ਟੀ-20 ਟੂਰਨਾਮੈਂਟ) 'ਚ ਸਿਡਨੀ ਸਿਕਸਰਸ ਲਈ ਖੇਡਦੇ ਹਨ। ਉਹ ਇਸ ਲੀਗ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਿਆਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਹਨ। ਉਨ੍ਹਾਂ ਨੇ 69 ਮੈਚਾਂ 'ਚ 85 ਵਿਕਟਾਂ ਲਈਆਂ ਹਨ। ਉਹ ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਦਿੱਲੀ ਦੀ ਫ੍ਰੈਂਚਾਈਜ਼ੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਛੇਤੀ ਹੀ ਯੂ. ਯੇ. ਈ. (ਸੰਯੁਕਤ ਅਰਬ ਅਮੀਰਾਤ) 'ਚ ਟੀਮ ਦੇ ਬਾਇਓ-ਬਬਲ 'ਚ ਸ਼ਾਮਲ ਹੋਣਗੇ।
ਵੋਕਸ ਇੰਗਲੈਂਡ ਟੀਮ ਦੇ ਆਪਣੇ ਸਾਥੀ ਖਿਡਾਰੀਆਂ ਜਾਨੀ ਬੇਅਰਸਟੋ (ਸਨਰਾਈਜ਼ਰਜ਼ ਹੈਦਰਾਬਾਦ) ਤੇ ਡੇਵਿਡ ਮਲਾਨ (ਪੰਜਾਬ ਕਿੰਗਜ਼) ਦੇ ਨਾਲ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਈ. ਪੀ. ਐੱਲ. ਦੇ ਦੂਜੇ ਪੜਾਅ ਤੋਂ ਹੱਟ ਗਏ ਸਨ। ਇਹ ਤਿੰਨੋ ਖਿਡਾਰੀ ਭਾਰਤ ਖ਼ਿਲਾਫ਼ ਹਾਲ ਹੀ ਖ਼ਤਮ ਹੋਈ ਟੈਸਟ ਸੀਰੀਜ਼ ਦਾ ਹਿੱਸਾ ਸਨ। ਦਿੱਲੀ ਕੈਪੀਟਲਸ ਦੀ ਟੀਮ ਅੱਠ ਮੈਚਾਂ 'ਚ 12 ਅੰਕ ਦੇ ਨਾਲ ਮੌਜੂਦਾ ਸੈਸ਼ਨ ਦੀ ਅੰਕ ਸਾਰਣੀ 'ਚ ਚੋਟੀ 'ਤੇ ਹੈ।
ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ BCCI ਦਾ ਵੱਡਾ ਬਿਆਨ, ਦੱਸਿਆ ਕਪਤਾਨੀ ਕਰਨਗੇ ਜਾਂ ਨਹੀਂ
NEXT STORY