ਹੈਮਿਲਟਨ— ਭਾਰਤ ਨੇ ਮਿਤਾਲੀ ਰਾਜ ਦੀ ਕਪਤਾਨੀ ਵਿਚ ਨਿਊਜ਼ੀਲੈਂਡ ਤੋਂ ਮਹਿਲਾ ਵਨ ਡੇ ਸੀਰੀਜ਼ 2-1 ਨਾਲ ਜਿੱਤ ਲਈ ਸੀ ਪਰ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਭਾਰਤੀ ਟੀਮ ਟੀ-20 ਮੈਚਾਂ ਦੀ ਸੀਰੀਜ਼ ਵਿਚ 0-2 ਨਾਲ ਪਿੱਛੜ ਚੁੱਕੀ ਹੈ। ਭਾਰਤੀ ਟੀਮ ਨੂੰ ਐਤਵਾਰ ਨਿਊਜ਼ੀਲੈਂਡ ਵਿਰੁੱਧ ਹੈਮਿਲਟਨ ਵਿਚ ਹੋਣ ਵਾਲੇ ਤੀਜੇ ਤੇ ਆਖਰੀ ਟੀ-20 ਮੁਕਾਬਲੇ ਵਿਚ ਸਨਮਾਨ ਦੀ ਲੜਾਈ ਲੜਨੀ ਪਵੇਗੀ ਤੇ ਦੌਰੇ ਦੀ ਸਮਾਪਤੀ ਜਿੱਤ ਨਾਲ ਕਰਨੀ ਪਵੇਗੀ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀ-20 ਟੀਮ ਤੋਂ ਤਜਰਬੇਕਾਰ ਮਿਤਾਲੀ ਰਾਜ ਨੂੰ ਪਹਿਲੇ ਦੋਵੇਂ ਟੀ-20 ਮੈਚਾਂ ਤੋਂ ਇਹ ਕਹਿੰਦੇ ਹੋਏ ਬਾਹਰ ਰੱਖਿਆ ਗਿਆ ਹੈ ਕਿ ਉਸ ਦੀ ਸਟ੍ਰਾਈਕ ਰੇਟ ਹੌਲੀ ਹੈ। ਇਹੀ ਗੱਲ ਪਿਛਲੇ ਸਾਲ ਨਵੰਬਰ ਵਿਚ ਵੈਸਟਇੰਡੀਜ਼ ਵਿਚ ਹੋਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮਿਤਾਲੀ ਨੂੰ ਬਾਹਰ ਰੱਖਦੇ ਹੋਏ ਕਹੀ ਗਈ ਸੀ ਤੇ ਉਸ ਮਕਾਬਲੇ ਵਿਚ ਭਾਰਤੀ ਪਾਰੀ ਦਾ ਪਤਨ ਹੋ ਗਿਆ ਸੀ।
ਕੁਝ ਉਸੇ ਤਰ੍ਹਾਂ ਦੇ ਹਾਲਾਤ ਇਸ ਟੀ-20 ਸੀਰੀਜ਼ ਵਿਚ ਵੀ ਦਿਖਾਈ ਦੇ ਰਹੇ ਹਨ ਤੇ ਕਪਤਾਨ ਹਰਮਨਪ੍ਰੀਤ ਦਾ ਵੀ ਕਹਿਣਾ ਹੈ ਕਿ ਮਿਤਾਲੀ ਨੂੰ ਆਖਰੀ-11 ਵਿਚੋਂ ਬਾਹਰ ਰੱਖਣ ਦਾ ਕਾਰਨ ਉਸ ਦੀ ਹੌਲੀ ਬੱਲੇਬਾਜ਼ੀ ਹੈ ਪਰ ਹਰਮਨਪ੍ਰੀਤ ਸ਼ਾਇਦ ਆਪਣੇ ਪ੍ਰਦਰਸ਼ਨ 'ਤੇ ਧਿਆਨ ਨਹੀਂ ਦੇ ਰਹੀ ਕਿ ਉਸ ਦਾ ਆਪਣਾ ਪ੍ਰਦਰਸ਼ਨ ਕਿੰਨਾ ਫਲਾਪ ਚੱਲ ਰਿਹਾ ਹੈ ਤੇ ਪਹਿਲੇ ਦੋ ਮੈਚਾਂ ਵਿਚ ਭਾਰਤ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਹਰਮਨਪ੍ਰੀਤ ਦੇ ਬੱਲੇ ਦੀ ਅਸਫਲਤਾ ਹੈ।
ਹਰਮਨਪ੍ਰੀਤ ਨੂੰ ਵਨ ਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿਚ ਮੈਦਾਨ ਵਿਚ ਉਤਰਨ ਦਾ ਮੌਕਾ ਨਹੀਂ ਮਿਲ ਸਕਿਆ ਸੀ ਤੇ ਜਦੋਂ ਤੀਜੇ ਵਨ ਡੇ ਵਿਚ ਉਹ ਉਤਰੀ ਤਾਂ ਸਿਰਫ 24 ਦੌੜਾਂ ਹੀ ਬਣਾ ਸਕੀ। ਦੋ ਟੀ-20 ਮੈਚਾਂ ਵਿਚ ਉਸ ਦਾ ਯੋਗਦਾਨ 17 ਤੇ 5 ਦੌੜਾਂ ਰਿਹਾ ਹੈ। ਹਰਮਨਪ੍ਰੀਤ ਦਾ ਇਸ ਤੋਂ ਪਹਿਲਾਂ ਮਹਿਲਾ ਬਿੱਗ ਬੈਸ਼ ਲੀਗ ਵਿਚ ਵੀ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ। ਭਾਰਤੀ ਟੀਮ ਵਿਚ ਸਿਰਫ ਸਮ੍ਰਿਤੀ ਮੰਧਾਨਾ ਤੇ ਜੇਮਿਮਾ ਰੋਡ੍ਰਿਗਜ਼ ਹੀ ਦੋ ਬੱਲੇਬਾਜ਼ ਅਜਿਹੀਆਂ ਹਨ, ਜਿਹੜੀਆਂ ਭਰੋਸੇ ਦੇ ਨਾਲ ਬੱਲੇਬਾਜ਼ੀ ਕਰ ਰਹੀਆਂ ਹਨ ਪਰ ਦੋ ਬੱਲੇਬਾਜ਼ਾਂ ਦੇ ਭਰੋਸੇ ਮੈਚ ਨਹੀਂ ਜਿੱਤਿਆ ਜਾ ਸਕਦਾ। ਟੀਮ ਨੂੰ ਮਿਤਾਲੀ ਵਰਗੀ ਤਜਰਬੇਕਾਰ ਬੱਲੇਬਾਜ਼ ਦੀ ਕਮੀ ਮਹਿਸੂਸ ਹੋ ਰਹੀ ਹੈ ਤੇ ਕਪਤਾਨ ਹਰਮਨਪ੍ਰੀਤ ਆਪਣੀ ਪ੍ਰਤਿਭਾ ਨਾਲ ਨਿਆਂ ਨਹੀਂ ਕਰ ਪਾ ਰਹੀ। ਮਿਤਾਲੀ ਵਰਗੀ ਬੱਲੇਬਾਜ਼ ਨੂੰ ਟੀਮ ਵਿਚ ਸ਼ਾਮਲ ਹੋਣ ਦੇ ਬਾਵਜੂਦ ਆਖਰੀ-11 ਵਿਚੋਂ ਬਾਹਰ ਰੱਖਣਾ ਕਿਸੇ ਵੀ ਤਰ੍ਹਾਂ ਨਾਲ ਠੀਕ ਫੈਸਲਾ ਨਹੀਂ ਕਿਹਾ ਜਾ ਸਕਦਾ। ਜੇਕਰ ਭਾਰਤੀ ਟੀਮ ਹੁਣ ਤੀਜਾ ਮੈਚ ਵੀ ਹਾਰ ਜਾਂਦੀ ਹੈ ਤਾਂ ਮਿਤਾਲੀ ਨੂੰ ਬਾਹਰ ਰੱਖਣ ਲਈ ਕਪਤਾਨ ਹਰਮਨਪ੍ਰੀਤ ਤੇ ਪੂਰੀ ਟੀਮ ਮੈਨੇਜਮੈਂਟ 'ਤੇ ਸਵਾਲ ਉੱਠਣਗੇ।
ਬਹਿਰੀਨ ਓਪਨ ਟੇਟੇ 'ਚ ਭਾਰਤੀ ਲੜਕੀਆਂ ਨੇ ਜਿੱਤੇ 4 ਤਮਗੇ
NEXT STORY