ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20I ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ, ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਸ਼੍ਰੇਅਸ ਅਈਅਰ ਦੀ ਸੱਟ ਬਾਰੇ ਇੱਕ ਮਹੱਤਵਪੂਰਨ ਅਪਡੇਟ ਦਿੱਤਾ ਹੈ। ਭਾਵੇਂ ਅਈਅਰ ਟੀ-20 ਟੀਮ ਦਾ ਹਿੱਸਾ ਨਹੀਂ ਹਨ, ਪਰ ਭਾਰਤੀ ਟੀਮ ਕੈਨਬਰਾ ਵਿੱਚ ਰਹਿੰਦੇ ਹੋਏ ਵੀ ਸਿਡਨੀ ਵਿੱਚ ਮੌਜੂਦ ਉਨ੍ਹਾਂ ਨਾਲ ਅਤੇ ਟੀਮ ਡਾਕਟਰ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਅਈਅਰ ਹੁਣ ਠੀਕ ਹਨ
30 ਸਾਲਾ ਅਈਅਰ ਦੀ ਹਾਲਤ ਹੁਣ ਸਥਿਰ ਹੈ, ਅਤੇ ਉਨ੍ਹਾਂ ਨੂੰ ICU ਤੋਂ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੇ ਸਿਹਤ ਨੂੰ ਲੈ ਕੇ ਟੀਮ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਰਾਹਤ ਮਿਲੀ ਹੈ। ਸੂਰਯਕੁਮਾਰ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਈਅਰ ਹੁਣ ਸਾਰਿਆਂ ਨਾਲ ਗੱਲ ਕਰ ਰਹੇ ਹਨ ਅਤੇ ਸਾਰੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਹਨ। ਸੂਰਯਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੱਟ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੇ ਫਿਜ਼ੀਓ ਕਮਲੇਸ਼ ਜੈਨ ਨਾਲ ਗੱਲ ਕੀਤੀ ਸੀ।
ਕਪਤਾਨ ਨੇ ਦੱਸਿਆ ਕਿ ਅਈਅਰ ਹੁਣ ਫੋਨ 'ਤੇ ਜਵਾਬ ਦੇ ਰਹੇ ਹਨ, ਜਿਸ ਦਾ ਮਤਲਬ ਹੈ ਕਿ ਉਹ ਠੀਕ ਹਨ। ਡਾਕਟਰ ਉਨ੍ਹਾਂ ਦੇ ਨਾਲ ਹਨ ਅਤੇ ਉਹ ਲੋਕਾਂ ਨਾਲ ਗੱਲ ਵੀ ਕਰ ਰਹੇ ਹਨ, ਇਸ ਲਈ ਸਭ ਕੁਝ ਠੀਕ ਲੱਗ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ। ਸੂਰਯਕੁਮਾਰ ਯਾਦਵ ਨੇ ਮਜ਼ਾਕੀਆ ਅੰਦਾਜ਼ ਵਿੱਚ ਅਈਅਰ ਨੂੰ 'ਰੇਅਰ ਟੈਲੇਂਟ' ਦੱਸਿਆ ਅਤੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਜੋ ਉਨ੍ਹਾਂ ਨਾਲ ਹੋਇਆ। ਉਨ੍ਹਾਂ ਕਿਹਾ ਕਿ ਅਜਿਹੇ ਕੇਸ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਪਰ ਰੇਅਰ ਟੈਲੇਂਟ ਦੇ ਨਾਲ ਰੇਅਰ ਚੀਜ਼ਾਂ ਹੀ ਹੁੰਦੀਆਂ ਹਨ। ਸੂਰਯਕੁਮਾਰ ਨੇ ਭਰੋਸਾ ਦਿੱਤਾ: "ਸੀਰੀਜ਼ ਖਤਮ ਹੋਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਹੀ ਭਾਰਤ ਵਾਪਸ ਪਰਤਾਂਗੇ।"
ਜਲਦ ਮਿਲੇਗੀ ਛੁੱਟੀ
ਇਸ ਦੌਰਾਨ, ਬੀਸੀਸੀਆਈ (BCCI) ਨਾਲ ਜੁੜੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਸ੍ਰੇਅਸ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ ਅਤੇ ਉਹ ਸਿਡਨੀ ਦੇ ਹਸਪਤਾਲ ਵਿੱਚ ਸਥਿਰ ਹਨ। ਉਨ੍ਹਾਂ ਨੂੰ ICU ਤੋਂ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਕੁਝ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਨੂੰ ਸਿਡਨੀ ਵਿੱਚ ਆਸਟ੍ਰੇਲੀਆ ਖਿਲਾਫ ਤੀਜੇ ODI ਦੌਰਾਨ ਫੀਲਡਿੰਗ ਕਰਦੇ ਸਮੇਂ ਖੱਬੀ ਪਸਲੀ ਦੇ ਹੇਠਲੇ ਹਿੱਸੇ ਵਿੱਚ ਸੱਟ ਲੱਗੀ ਸੀ।
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ-20I ਮੁਕਾਬਲਾ 29 ਅਕਤੂਬਰ ਨੂੰ ਕੈਨਬਰਾ ਵਿੱਚ ਖੇਡਿਆ ਜਾਵੇਗਾ।
ਰੀਅਲ ਮੈਡ੍ਰਿਡ ਨੇ ਬਾਰਸੀਲੋਨਾ ਵਿਰੁੱਧ ਹਾਰ ਦਾ ਸਿਲਸਿਲਾ ਤੋੜਿਆ
NEXT STORY