ਸਪੋਰਟਸ ਡੈਸਕ- ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਚੈਂਪੀਅਨਜ਼ ਟਰਾਫ਼ੀ ਦੇ ਆਖ਼ਰੀ ਗਰੁੱਪ ਮੁਕਾਬਲੇ 'ਚ ਭਾਰਤ ਨੇ ਵਰੁਣ ਚਕਰਵਰਤੀ ਦੇ 'ਪੰਜੇ' ਸਣੇ ਬਾਕੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਕੇ ਗਰੁੱਪ ਸਟੇਜ ਟੇਬਲ ਟਾਪਰ ਵਜੋਂ ਖ਼ਤਮ ਕੀਤੀ ਹੈ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤੀ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸ਼੍ਰੇਅਸ ਅਈਅਰ (79) ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਅਕਸਰ ਪਟੇਲ (42) ਤੇ ਹਾਰਦਿਕ ਪੰਡਯਾ (45) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਸਨ।

250 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਉਮੀਦ ਅਨੁਸਾਰ ਨਹੀਂ ਰਹੀ ਤੇ ਓਪਨਿੰਗ ਕਰਨ ਆਏ ਰਚਿਨ ਰਵਿੰਦਰਾ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਲ ਯੰਗ ਵੀ 22 ਦੌੜਾਂ ਹੀ ਬਣਾ ਸਕੇ ਤੇ ਵਰੁਣ ਚਕਰਵਰਤੀ ਦਾ ਪਹਿਲਾ ਸ਼ਿਕਾਰ ਬਣੇ।

ਡੈਰਿਲ ਮਿਚੇਲ (17) ਨੂੰ ਕੁਲਦੀਪ ਯਾਦਵ ਨੇ ਆਊਟ ਕਰ ਕੇ ਕੀਵੀ ਟੀਮ ਨੂੰ ਵੱਡਾ ਝਟਕਾ ਦਿੱਤਾ। ਗਲੇਨ ਫਿਲਿਪਸ (12) ਤੇ ਮਾਈਕਲ ਬ੍ਰੇਸਵੈੱਲ ਵਰੁਣ ਚਕਰਵਰਤੀ ਦੇ ਅਗਲੇ ਸ਼ਿਕਾਰ ਬਣੇ, ਜਦਕਿ ਟਾਮ ਲੈਥਮ (14) ਰਵਿੰਦਰ ਜਡੇਜਾ ਦੀ ਗੇਂਦ 'ਤੇ ਆਊਟ ਹੋਏ।

ਹਾਲਾਂਕਿ ਇਸ ਦੌਰਾਨ ਜਿੱਥੇ ਇਕ ਪਾਸੇ ਤੋਂ ਲਗਾਤਾਰ ਵਿਕਟਾਂ ਡਿੱਗ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਤਜਰਬੇਕਾਰ ਬੱਲੇਬਾਜ਼ ਕੇਨ ਵਿਲੀਅਮਸਨ ਨੇ ਵਿਕਟ ਬਚਾਉਂਦੇ ਹੋਏ ਸ਼ਾਨਦਾਰ ਪਾਰੀ ਖੇਡੀ ਤੇ 120 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 81 ਦੌੜਾਂ ਦੀ ਸੰਜਮ ਭਰੀ ਪਾਰੀ ਖੇਡੀ। ਉਹ ਅਕਸਰ ਪਟੇਲ ਦੀ ਗੇਂਦ 'ਤੇ ਕੇ.ਐੱਲ. ਰਾਹੁਲ ਹੱਥੋਂ ਸਟੰਪ ਆਊਟ ਹੋ ਗਏ।

ਅੰਤ 'ਚ ਮਿਚੇਲ ਸੈਂਟਨਰ ਨੇ ਕੁਝ ਸ਼ਾਨਦਾਰ ਸਾਟਸ ਖੇਡੇ, ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕਿਆ ਤੇ ਪੂਰੀ ਨਿਊਜ਼ੀਲੈਂਡ ਦੀ ਟੀਮ 205 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਭਾਰਤੀ ਟੀਮ 44 ਦੌੜਾਂ ਨਾਲ ਮੁਕਾਬਲਾ ਜਿੱਤ ਗਈ।

ਭਾਰਤ ਵੱਲੋਂ ਵਰੁਣ ਚਕਰਵਰਤੀ ਨੇ 10 ਓਵਰਾਂ 'ਚ 42 ਦੌੜਾਂ ਦੇ ਕੇ ਸਭ ਤੋਂ ਵੱਧ 5 ਵਿਕਟਾਂ ਲਈਆਂ ਤੇ ਇਸ ਛੋਟੇ ਸਕੋਰ ਨੂੰ ਬਚਾਉਣ 'ਚ ਟੀਮ ਇੰਡੀਆ ਲਈ ਸਭ ਤੋਂ ਅਹਿਮ ਰੋਲ ਨਿਭਾਇਆ। ਇਸ ਚਮਤਕਾਰੀ ਪ੍ਰਦਰਸ਼ਨ ਲਈ ਵਰੁਣ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ। ਵਰੁਣ ਤੋਂ ਇਲਾਵਾ ਕੁਲਦੀਪ ਯਾਦਵ ਨੇ ਵੀ 2 ਕੀਵੀ ਬੱਲੇਬਾਜ਼ਾਂ ਨੂੰ ਆਊਟ ਕੀਤਾ। ਉੱਥੇ ਹੀ ਰਵਿੰਦਰ ਜਡੇਜਾ, ਹਾਰਦਿਕ ਪੰਡਯਾ ਤੇ ਅਕਸਰ ਪਟੇਲ ਨੂੰ 1-1 ਵਿਕਟ ਮਿਲੀ।

ਇਸ ਜਿੱਤ ਨਾਲ ਭਾਰਤ ਨੇ ਸਾਰੇ ਮੈਚ ਜਿੱਤ ਕੇ 6 ਅੰਕਾਂ ਨਾਲ ਚੋਟੀ ਦੇ ਸਥਾਨ 'ਤੇ ਰਹਿ ਕੇ ਗਰੁੱਪ ਸਟੇਜ ਖ਼ਤਮ ਕੀਤੀ ਹੈ, ਜਿਸ ਕਾਰਨ ਉਹ ਹੁਣ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ 4 ਮਾਰਚ ਨੂੰ ਆਸਟ੍ਰੇਲੀਆ ਨਾਲ ਭਿੜੇਗੀ, ਜਦਕਿ 5 ਮਾਰਚ ਨੂੰ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੂਜੇ ਸੈਮੀਫਾਈਨਲ 'ਚ ਖਿਤਾਬੀ ਮੁਕਾਬਲੇ 'ਚ ਪੁੱਜਣ ਲਈ ਖੇਡਣਗੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ’ਚ ਵਾਪਰੇ ਵੱਡੇ ਐਂਨਕਾਊਂਟਰ ਤੇ ਨੌਕਰੀਆਂ ਦੇ ਚਾਹਵਾਨਾਂ ਲਈ CM ਦਾ ਐਲਾਨ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY