ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਪਹਿਲੇ ਪੜਾਅ 'ਚ ਡੇਵਿਡ ਵਾਰਨਰ ਨੂੰ ਕਪਤਾਨੀ ਤੋਂ ਹਟਾ ਕੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਦੀ ਕਮਾਨ ਸੌਂਪੀ ਗਈ ਸੀ। ਹੁਣ ਜਦੋਂ ਟੀਮ ਦਾ 14ਵੇਂ ਸੀਜ਼ਨ 'ਚ ਸਫ਼ਰ ਖ਼ਤਮ ਹੋ ਚੁੱਕਾ ਹੈ ਤਦ ਆਖ਼ਰਕਾਰ ਡੇਵਿਡ ਵਾਰਨਰ ਨੇ ਪੂਰੇ ਮਾਮਲੇ 'ਚ ਆਪਣੀ ਚੁੱਪੀ ਤੋੜੀ ਹੈ। ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਪ੍ਰਬੰਧਨ ਨੇ ਆਈ. ਪੀ. ਐੱਲ. ਦੇ ਇਸ ਸੈਸ਼ਨ 'ਚ ਉਨ੍ਹਾਂ ਨੂੰ ਹਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ। ਕਪਤਾਨ ਬਦਲਣ ਦੇ ਬਾਵਜੂਦ ਸਨਰਾਈਜਰਜ਼ ਦੇ ਪ੍ਰਦਰਸ਼ਨ 'ਚ ਸੁਧਾਰ ਨਹੀਂ ਆਇਆ ਤੇ ਟੀਮ ਆਈ. ਪੀ. ਐੱਲ. ਪੁਆਇੰਟ ਟੇਬਲ 'ਚ ਸਭ ਤੋਂ ਹੇਠਾਂ ਰਹੀ।
ਵਾਰਨਰ ਨੂੰ ਆਖ਼ਰੀ ਕੁਝ ਮੈਚਾਂ 'ਚ ਤਾਂ ਟੀਮ 'ਚ ਜਗ੍ਹਾ ਵੀ ਨਹੀਂ ਦਿੱਤੀ ਗਈ। ਵਾਰਨਰ ਨੇ ਪੱਤਰਕਾਰਾਂ ਨੂੰ ਕਿਹਾ, 'ਟੀਮ ਮਾਲਾਕਾਂ, ਟ੍ਰੇਵਰ ਬੇਲਿਸ, ਲਕਸ਼ਮਣ, ਮੂਡੀ ਤੇ ਮੁਰਲੀ ਪ੍ਰਤੀ ਪੂਰਾ ਸਨਮਾਨ ਰਖਦੇ ਹੋਏ ਮੈਂ ਕਹਾਂਗਾ ਕਿ ਕੋਈ ਵੀ ਫ਼ੈਸਲਾ ਸਰਬਸੰਮਤੀ ਨਾਲ ਹੁੰਦਾ ਹੈ। ਮੇਰੇ ਲਈ ਨਿਰਾਸ਼ਾਜਨਕ ਗੱਲ ਇਹ ਵੀ ਰਹੀ ਕਿ ਮੈਨੂੰ ਦੱਸਿਆ ਹੀ ਨਹੀਂ ਗਿਆ ਕਿ ਮੈਨੂੰ ਕਪਤਾਨੀ ਤੋਂ ਕਿਉਂ ਹਟਾਇਆ ਗਿਆ। '

ਵਾਰਨਰ ਨੇ ਕਿਹਾ, 'ਫ਼ਾਰਮ ਦੇ ਹਿਸਾਬ ਨਾਲ ਇਹ ਫ਼ੈਸਲਾ ਕੀਤਾ ਗਿਆ ਤਾਂ ਇਹ ਮੁਸ਼ਕਲ ਹੈ ਕਿਉਂਕਿ ਬੀਤੇ ਸਮੇਂ ਦੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਖ਼ਾਸ ਤੌਰ 'ਤੇ ਜਦੋਂ ਤੁਸੀਂ ਟੀਮ ਲਈ 100 ਮੈਚ ਖੇਡੇ ਹੋਣ। ਮੈਨੂੰ ਲਗਦਾ ਹੈ ਕਿ ਚੇਨਈ 'ਚ ਪਹਿਲੇ ਪੰਜ 'ਚੋਂ ਚਾਰ ਮੈਚਾਂ 'ਚ ਖ਼ਰਾਬ ਪ੍ਰਦਰਸ਼ਨ ਰਿਹਾ। ਮੇਰੇ ਕੁਝ ਸਵਾਲ ਹਨ, ਪਰ ਲਗਦਾ ਹੈ ਕਿ ਜਵਾਬ ਕਦੀ ਨਹੀਂ ਮਿਲੇਗਾ। ਅੱਗੇ ਵਧਣਾ ਹੀ ਹੋਵੇਗਾ।' ਵਾਰਨਰ ਨੇ ਕਿਹਾ, 'ਉਹ ਅੱਗੇ ਵੀ ਸਨਰਾਈਜ਼ਰਜ਼ ਲਈ ਖੇਡਣਾ ਚਾਹੁਣਗੇ। ਪਰ ਇਹ ਉਨ੍ਹਾਂ ਦੇ ਹੱਥ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸਨਰਾਈਜ਼ਰਜ਼ ਲਈ ਖੇਡਣ 'ਚ ਮਜ਼ਾ ਆਇਆ। ਉਮੀਦ ਹੈ ਕਿ ਵਾਪਸ ਆਵਾਂਗਾ। ਸਨਰਾਈਜ਼ਰਜ਼ ਦੀ ਜਰਸੀ 'ਚ ਜਾਂ ਕਿਸੇ ਹੋਰ ਟੀਮ ਦੀ, ਪਤਾ ਨਹੀਂ।'
ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਉਬੇਰ ਕੱਪ ਦੇ ਕੁਆਰਟਰ ਫ਼ਾਈਨਲ ਲਈ ਕੀਤਾ ਕੁਆਈਫ਼ਾਈ
NEXT STORY