ਪੈਰਿਸ : ਧਰਮਬੀਰ ਨੇ ਏਸ਼ੀਆਈ ਰਿਕਾਰਡ ਤੋੜਦੇ ਹੋਏ ਪੁਰਸ਼ਾਂ ਦੇ ਐੱਫ51 ਕਲੱਬ ਥਰੋਅ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਜਦੋਂਕਿ ਪ੍ਰਣਬ ਸੁਰਮਾ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਜਿਸ ਨਾਲ ਪੈਰਾਲੰਪਿਕ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਕਾਇਮ ਰਿਹਾ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਮਗਾ ਜੇਤੂ ਸੋਨੀਪਤ ਦੇ 35 ਸਾਲਾ ਧਰਮਬੀਰ ਸਭ ਤੋਂ ਪਹਿਲਾਂ ਮੈਦਾਨ 'ਚ ਉਤਰੇ। ਉਨ੍ਹਾਂ ਨੇ ਸ਼ੁਰੂਆਤੀ ਚਾਰ ਯਤਨਾਂ ਵਿੱਚ ਫਾਊਲ ਕਰਨ ਤੋਂ ਬਾਅਦ ਪੰਜਵੀਂ ਕੋਸ਼ਿਸ਼ ਵਿੱਚ ਕਲੱਬ ਨੂੰ 34.92 ਮੀਟਰ ਦੀ ਦੂਰੀ ਤੱਕ ਸੁੱਟ ਦਿੱਤਾ ਅਤੇ ਫਿਰ ਪੂਰੇ ਮੁਕਾਬਲੇ ਵਿੱਚ ਚੋਟੀ 'ਤੇ ਰਿਹਾ। ਪ੍ਰਣਵ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 34.59 ਮੀਟਰ ਦੀ ਥਰੋਅ ਕੀਤੀ ਪਰ ਇਸ ਦੇ ਬਾਵਜੂਦ ਫਰੀਦਾਬਾਦ ਦਾ 29 ਸਾਲਾ ਖਿਡਾਰੀ ਧਰਮਵੀਰ ਨੂੰ ਪਛਾੜ ਨਹੀਂ ਸਕਿਆ।
ਸਰਬੀਆ ਦੇ ਫਿਲਿਪ ਗ੍ਰੋਵਾਕ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 34.18 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸੇ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਅਤੇ 2017 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜੇਤੂ ਅਮਿਤ ਕੁਮਾਰ ਸਰੋਹਾ ਹਾਲਾਂਕਿ 23.96 ਮੀਟਰ ਦੇ ਸਰਵੋਤਮ ਯਤਨ ਨਾਲ 10ਵੇਂ ਅਤੇ ਆਖਰੀ ਸਥਾਨ ’ਤੇ ਰਿਹਾ। ਐੱਫ51 ਕਲੱਬ ਥਰੋਅ ਮੁਕਾਬਲੇ ਉਨ੍ਹਾਂ ਖਿਡਾਰੀਆਂ ਲਈ ਹੈ ਜਿਨ੍ਹਾਂ ਦੇ ਧੜ, ਲੱਤਾਂ ਅਤੇ ਬਾਹਾਂ ਦੀ ਮੂਵਮੈਂਟ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਸਾਰੇ ਪ੍ਰਤੀਯੋਗੀ ਬੈਠੇ-ਬੈਠੇ ਮੁਕਾਬਲਾ ਕਰਦੇ ਹਨ ਅਤੇ ਸ਼ਕਤੀ ਪੈਦਾ ਕਰਨ ਲਈ ਆਪਣੇ ਮੋਢਿਆਂ ਅਤੇ ਬਾਹਾਂ 'ਤੇ ਭਰੋਸਾ ਕਰਦੇ ਹਨ।
ਨਹਿਰ ਵਿੱਚ ਗੋਤਾ ਲਗਾਉਣ ਕਾਰਨ ਲਕਵਾਗ੍ਰਸਤ ਹੋਏ ਧਰਮਬੀਰ
ਨਹਿਰ ਵਿੱਚ ਗਲਤ ਡੁਬਕੀ ਲੱਗਣ ਕਾਰਨ ਧਰਮਬੀਰ ਦਾ ਕਮਰ ਤੋਂ ਹੇਠਾਂ ਦਾ ਹਿੱਸਾ ਲਕਵਾਗ੍ਰਸਤ ਹੋ ਗਿਆ ਸੀ। ਪੈਰਾ ਖੇਡਾਂ ਨੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਨਵੀਂ ਦਿਸ਼ਾ ਦਿੱਤੀ ਜਦੋਂ ਸਾਥੀ ਪੈਰਾ ਐਥਲੀਟ ਅਮਿਤ ਕੁਮਾਰ ਸਰੋਹਾ ਉਨ੍ਹਾਂ ਨੂੰ ਇਸ ਨਾਲ ਜੋੜਿਆ। ਦੋ ਸਾਲਾਂ ਦੇ ਅੰਦਰ ਧਰਮਬੀਰ ਨੇ 2016 ਰੀਓ ਪੈਰਾਲੰਪਿਕਸ ਲਈ ਕੁਆਲੀਫਾਈ ਕੀਤਾ, ਜੋ ਕਿ ਇੱਕ ਸਫਲ ਕਰੀਅਰ ਦੀ ਸ਼ੁਰੂਆਤ ਸੀ। ਉਦੋਂ ਤੋਂ ਉਨ੍ਹਾਂ ਨੇ ਭਾਰਤ ਲਈ ਕਈ ਤਮਗੇ ਜਿੱਤੇ ਹਨ, ਜਿਸ ਵਿੱਚ 2022 ਦੀਆਂ ਏਸ਼ੀਅਨ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਸ਼ਾਮਲ ਹੈ।
ਪ੍ਰਣਵ ਦੇ ਸਿਰ 'ਤੇ ਡਿੱਗੀ ਸੀ ਸੀਮਿੰਟ ਦੀ ਸ਼ੀਟ
ਕ੍ਰਿਕਟ ਅਤੇ ਰੋਲਰ ਹਾਕੀ ਦੇ ਸ਼ੌਕੀਨ ਪ੍ਰਣਵ ਜਦੋਂ 16 ਸਾਲ ਦੇ ਸਨ ਤਾਂ ਉਨ੍ਹਾਂ ਦੇ ਸਿਰ 'ਤੇ ਸੀਮਿੰਟ ਦੀ ਸ਼ੀਟ ਗਈ ਜਿਸ ਕਾਰਨ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਲੱਗਣ ਕਾਰਨ ਉਹ ਲਕਵਾਗ੍ਰਸਤ ਹੋ ਗਏ। ਆਪਣੇ ਪਰਿਵਾਰ ਦੇ ਸਮਰਥਨ ਅਤੇ ਸਕਾਰਾਤਮਕ ਸੋਚ ਨੇ ਉਨ੍ਹਾਂ ਨੂੰ ਧਿਆਨ ਅਤੇ ਸਿੱਖਿਆ ਵੱਲ ਮੁੜਨ ਵਿੱਚ ਮਦਦ ਕੀਤੀ। ਉਨ੍ਹਾਂ ਨੇ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ 91.2 ਫੀਸਦੀ ਅੰਕਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਿਰ ਉਨ੍ਹਾਂ ਨੇ ਦਿੱਲੀ ਸਕੂਲ ਆਫ਼ ਇਕਨਾਮਿਕਸ ਤੋਂ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਬੈਂਕ ਆਫ਼ ਬੜੌਦਾ ਵਿੱਚ ਸਹਾਇਕ ਮੈਨੇਜਰ ਵਜੋਂ ਨੌਕਰੀ ਹਾਸਲ ਕੀਤੀ।
ਮੈਂ ਸਪਿਨਰਾਂ ਵਿਰੁੱਧ ਆਪਣੇ ਡਿਫੈਂਸ ’ਤੇ ਕੰਮ ਕੀਤੈ : ਗਿੱਲ
NEXT STORY