ਗੁਰਦਾਸਪੁਰ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਨਮੇ ਦਿਲਪ੍ਰੀਤ ਸਿੰਘ ਬਾਜਵਾ ਨੇ ਆਪਣੀ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਦੇ ਦਮ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੂੰ ਕੈਨੇਡਾ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਦਿਲਪ੍ਰੀਤ ਹੁਣ ਆਉਣ ਵਾਲੇ ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ 2026 ਵਿੱਚ ਕੈਨੇਡੀਅਨ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ।
2003 ਵਿੱਚ ਜਨਮੇ ਦਿਲਪ੍ਰੀਤ ਦਾ ਕ੍ਰਿਕਟ ਸਫ਼ਰ ਗੁਰਦਾਸਪੁਰ ਤੋਂ ਹੀ ਸ਼ੁਰੂ ਹੋਇਆ ਸੀ, ਜਿੱਥੇ ਉਨ੍ਹਾਂ ਨੇ 2012 ਵਿੱਚ ਸਥਾਨਕ ਕੋਚ ਰਾਕੇਸ਼ ਮਾਰਸ਼ਲ ਦੀ ਅਕੈਡਮੀ ਵਿੱਚ ਸਿਖਲਾਈ ਲੈਣੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ, ਬੁਰਜ ਸਾਹਿਬ (ਧਾਰੀਵਾਲ) ਤੋਂ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰੱਥਾ ਦੀ ਸ਼ਲਾਘਾ ਹੁੰਦੀ ਰਹੀ ਹੈ।
ਸਾਲ 2020 ਵਿੱਚ ਦਿਲਪ੍ਰੀਤ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਸਨ। ਨਵੇਂ ਦੇਸ਼ ਅਤੇ ਵੱਖਰੀਆਂ ਹਾਲਤਾਂ ਦੇ ਬਾਵਜੂਦ, ਉਨ੍ਹਾਂ ਨੇ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ। ਉਹ ਮਾਂਟਰੀਅਲ ਟਾਈਗਰਜ਼ ਟੀਮ ਦਾ ਹਿੱਸਾ ਬਣੇ ਅਤੇ ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ਵਿੱਚ ਸੈਂਕੜਾ ਜੜਨ ਵਾਲੇ ਪਹਿਲੇ ਕੈਨੇਡੀਅਨ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਦੀ ਇਹੀ ਨਿਰੰਤਰਤਾ ਅਤੇ ਵੱਡੇ ਮੈਚਾਂ ਵਿੱਚ ਜ਼ਿੰਮੇਵਾਰੀ ਚੁੱਕਣ ਦੀ ਕਾਬਲੀਅਤ ਉਨ੍ਹਾਂ ਨੂੰ ਕਪਤਾਨੀ ਤੱਕ ਲੈ ਗਈ ਹੈ।
ਦਿਲਪ੍ਰੀਤ ਬਾਜਵਾ ਨੂੰ ਨਿਕੋਲਸ ਕਿਰਟਨ ਦੀ ਜਗ੍ਹਾ ਟੀਮ ਦਾ ਮੁੱਖ ਕਪਤਾਨ ਬਣਾਇਆ ਗਿਆ ਹੈ। ਚੋਣਕਾਰਾਂ ਨੇ ਮੈਦਾਨ 'ਤੇ ਫੈਸਲੇ ਲੈਣ ਦੀ ਉਨ੍ਹਾਂ ਦੀ ਸਮਝਦਾਰੀ, ਟੀਮ ਨੂੰ ਜੋੜ ਕੇ ਰੱਖਣ ਦੇ ਹੁਨਰ ਅਤੇ ਦਬਾਅ ਹੇਠ ਪ੍ਰਦਰਸ਼ਨ ਕਰਨ ਦੀ ਸਮਰੱਥਾ ਨੂੰ ਮੁੱਖ ਅਧਾਰ ਬਣਾਇਆ ਹੈ। ਇੱਕ ਆਲ-ਰਾਊਂਡਰ ਵਜੋਂ ਟੀਮ ਵਿੱਚ ਉਨ੍ਹਾਂ ਦੀ ਭੂਮਿਕਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਹਿਮ ਹੋ ਗਈ ਹੈ।
IND vs NZ 3rd ODI : ਨਿਊਜ਼ੀਲੈਂਡ ਨੂੰ ਲੱਗਾ ਦੂਜਾ ਝਟਕਾ, ਕੌਨਵੇ ਹੋਇਆ ਆਊਟ
NEXT STORY