ਸਾਊਥੰਪਟਨ– ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿਚ 600 ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ ਜਦਕਿ ਪਾਕਿਸਤਾਨ ਵਿਰੁੱਧ ਮੀਂਹ ਪ੍ਰਭਾਵਿਤ ਤੀਜਾ ਤੇ ਆਖਰੀ ਟੈਸਟ ਪੰਜਵੇਂ ਦਿਨ ਮੰਗਲਵਾਰ ਨੂੰ ਡਰਾਅ 'ਤੇ ਛੁੱਟਣ ਨਾਲ ਇੰਗਲੈਂਡ ਨੇ 10 ਸਾਲ ਬਾਅਦ ਉਸਦੇ ਖਿਲਾਫ ਟੈਸਟ ਲੜੀ ਆਪਣੇ ਨਾਂ ਕੀਤੀ। ਇੰਗਲੈਂਡ ਨੇ ਪਹਿਲਾ ਟੈਸਟ ਜਿੱਤਿਆ ਸੀ ਜਦਕਿ ਬਾਕੀ ਦੋਵੇਂ ਟੈਸਟ ਡਰਾਅ ਰਹੇ। ਤੀਜੇ ਟੈਸਟ ਦੇ 5ਵੇਂ ਦਿਨ ਸਿਰਫ 27.1 ਓਵਰ ਸੁੱਟੇ ਜਾ ਸਕੇ ਤੇ 15 ਓਵਰ ਬਾਕੀ ਰਹਿੰਦਿਆਂ ਅੰਪਾਇਰਾਂ ਨੇ ਖੇਡ ਖਤਮ ਹੋਣ ਦਾ ਐਲਾਨ ਕਰ ਦਿੱਤਾ। ਖਰਾਬ ਰੌਸ਼ਨੀ ਤੇ ਮੀਂਹ ਕਾਰਣ ਤੀਜੇ ਤੇ ਚੌਥੇ ਦਿਨ ਦੀ ਖੇਡ ਵੀ ਪ੍ਰਭਾਵਿਤ ਹੋਈ ਸੀ।
ਇੰਗਲੈਂਡ ਨੇ ਪਹਿਲੀ ਪਾਰੀ ਦੀਆਂ 8 ਵਿਕਟਾਂ 'ਤੇ 583 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ ਸੀ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ ਫਾਲੋਆਨ ਖੇਡਦੇ ਹੋਏ 4 ਵਿਕਟਾਂ 'ਤੇ 187 ਦੌੜਾਂ ਬਣਾਈਆਂ। ਪਾਕਿਸਤਾਨੀ ਟੀਮ ਪਹਿਲੀ ਪਾਰੀ ਵਿਚ 273 ਦੌੜਾਂ 'ਤੇ ਆਊਟ ਹੋ ਗਈ ਸੀ। ਦੂਜੀ ਪਾਰੀ ਵਿਚ ਬਾਬਰ ਆਜ਼ਮ 63 ਦੌੜਾਂ ਬਣਾ ਕੇ ਅਜੇਤੂ ਰਿਹਾ। ਕੱਲ ਦੇ ਸਕੋਰ 2 ਵਿਕਟਾਂ 'ਤੇ 100 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਾਕਿਸਤਾਨ ਨੇ ਦੋ ਵਿਕਟਾਂ ਹੋਰ ਗਵਾਈਆਂ। ਐਂਡਰਸਨ ਨੇ ਅਜ਼ਹਰ ਅਲੀ ਨੂੰ ਆਊਟ ਕਰਕੇ ਕਰੀਅਰ ਦੀ 600ਵੀਂ ਟੈਸਟ ਵਿਕਟ ਹਾਸਲ ਕੀਤੀ। ਅਸਦ ਸ਼ਫੀਕ (21) ਨੂੰ ਜੋ ਰੂਟ ਨੇ ਪੈਵੇਲੀਅਨ ਭੇਜਿਆ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਪਹਿਲੀ ਸਲਿਪ ਵਿਚ ਅਲੀ ਦਾ ਕੈਚ ਜਿਵੇਂ ਹੀ ਫੜਿਆ, ਸਾਰੇ ਖਿਡਾਰੀਆਂ ਨੇ ਐਂਡਰਸਨ ਨੂੰ ਘੇਰ ਲਿਆ। ਇਸ ਤੋਂ ਬਾਅਦ ਐਂਡਰਸਨ ਨੇ ਹੱਥ ਵਿਚ ਗੇਂਦ ਲੈ ਕੇ ਮੈਦਾਨ ਦੇ ਚਾਰੇ ਪਾਸੇ ਸਲਾਮ ਕੀਤਾ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਲਾਗੂ ਪਾਬੰਦੀਆਂ ਦੀ ਵਜ੍ਹਾ ਨਾਲ ਮੈਦਾਨ ਵਿਚ ਇਕ ਵੀ ਦਰਸ਼ਕ ਨਹੀਂ ਸੀ।
ਆਪਣਾ 156ਵਾਂ ਟੈਸਟ ਖੇਡ ਰਿਹਾ ਐਂਡਰਸਨ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਟੈਸਟ ਗੇਂਦਬਾਜ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਆ ਗਿਆ। ਉਸ ਤੋਂ ਪਹਿਲਾਂ ਮੁਥੱਈਆ ਮੁਰਲੀਧਰਨ (800), ਸ਼ੇਨ ਵਾਰਨ (708) ਤੇ ਅਨਿਲ ਕੁੰਬਲੇ (619) ਹਨ ਪਰ ਇਹ ਤਿੰਨੇ ਸਪਿਨਰ ਹਨ। ਐਂਡਰਸਨ ਇਹ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਹੈ।
ਗਰਦਨ ਦੀ ਦਰਦ ਦੇ ਬਾਵਜੂਦ ਜੋਕੋਵਿਚ ਨੇ ਜਿੱਤ ਨਾਲ ਕੀਤੀ ਵਾਪਸੀ, ਸੇਰੇਨਾ ਨੇ ਵਹਾਇਆ ਪਸੀਨਾ
NEXT STORY