ਨਵੀਂ ਦਿੱਲੀ- ਦਿੱਲੀ ਕੈਪੀਟਲਜ਼ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨਾਰਤਜੇ 7 ਅਪ੍ਰੈਲ ਤੋਂ ਦਿੱਲੀ ਲਈ ਖੇਡਦੇ ਨਜ਼ਰ ਆ ਸਕਦੇ ਹਨ। ਦਿੱਲੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਦਿੱਲੀ ਦੇ ਤੀਜੇ ਮੈਚ 'ਚ ਮੌਜੂਦ ਰਹਿਣਗੇ। ਦਿੱਲੀ ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦੀ ਸ਼ੁਰੂਆਤ 27 ਮਾਰਚ ਨੂੰ ਮੁੰਬਈ ਇੰਡੀਅਨਜ਼ ਖਿਲਾਫ ਕਰੇਗੀ, ਜਦਕਿ ਟੀਮ ਦਾ ਤੀਜਾ ਮੈਚ 7 ਅਪ੍ਰੈਲ ਨੂੰ ਨਵੀਂ ਟੀਮ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ। ਇਹ ਮੈਚ ਡੀ. ਵਾਈ. ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਨਾਰਤਜੇ ਪਹਿਲਾਂ ਹੀ ਮੁੰਬਈ ਪਹੁੰਚ ਚੁੱਕੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਇਕਾਂਤਵਾਸ ਵਿੱਚ ਹੈ।
ਇਸ ਗੇਂਦਬਾਜ਼ ਦਾ ਖੇਡਣਾ ਦਿੱਲੀ ਦੀ ਟੀਮ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਉਸ ਨੇ ਆਪਣੀ ਗੇਂਦਬਾਜ਼ੀ ਨਾਲ ਦਿੱਲੀ ਲਈ ਕਈ ਮੈਚ ਜਿੱਤੇ ਹਨ। ਦਿੱਲੀ ਲਈ ਉਸ ਦੀ ਉਪਯੋਗਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੂੰ ਟੀਮ ਨੇ 6.5 ਕਰੋੜ ਵਿਚ ਬਰਕਰਾਰ ਰੱਖਿਆ ਅਤੇ ਕਾਗਿਸੋ ਰਬਾਡਾ ਨੂੰ ਜਾਣ ਦਿੱਤਾ। ਨਾਰਤਜੇ ਤੋਂ ਇਲਾਵਾ ਟੀਮ ਨੇ ਤਿੰਨ ਹੋਰ ਖਿਡਾਰੀਆਂ ਰਿਸ਼ਭ ਪੰਤ, ਅਕਸ਼ਰ ਪਟੇਲ ਅਤੇ ਪ੍ਰਿਥਵੀ ਸ਼ਾਹ ਨੂੰ ਰਿਟੇਨ ਕੀਤਾ ਸੀ।
ਹਾਲਾਂਕਿ, ਦੱਖਣੀ ਅਫਰੀਕਾ ਕ੍ਰਿਕਟ ਨੇ ਨਾਰਤਜੇ ਦੀ ਸੱਟ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਅਤੇ ਉਹ ਨਵੰਬਰ 2021 ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਸੀ। ਇਸ ਕਾਰਨ ਉਸ ਦੇ ਖੇਡਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਪਰ ਆਖਿਰਕਾਰ ਦਿੱਲੀ ਦੇ ਪ੍ਰਸ਼ੰਸਕਾਂ ਨੂੰ ਮੁਸਕਰਾਉਣ ਦਾ ਕਾਰਨ ਮਿਲ ਹੀ ਗਿਆ ਹੈ। ਨਾਰਤਜੇ ਦੇ ਆਈ. ਪੀ. ਐਲ. ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 24 ਮੈਚਾਂ ਵਿੱਚ 34 ਵਿਕਟਾਂ ਲਈਆਂ ਹਨ।
ਜ਼ਿਕਰਯੋਗ ਹੈ ਕਿ ਉਸ ਨੂੰ ਦੱਖਣੀ ਅਫਰੀਕਾ ਦੀ ਘਰੇਲੂ ਸੀਰੀਜ਼ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦੱਖਣੀ ਅਫਰੀਕਾ ਦੀ ਟੀਮ ਬੰਗਲਾਦੇਸ਼ ਖ਼ਿਲਾਫ਼ ਵਨਡੇ ਸੀਰੀਜ਼ ਖੇਡ ਰਹੀ ਹੈ। ਹਾਲਾਂਕਿ ਆਈ. ਪੀ. ਐਲ. ਖੇਡਣ ਲਈ ਦੱਖਣੀ ਅਫਰੀਕਾ ਬੋਰਡ ਵੱਲੋਂ ਖਿਡਾਰੀਆਂ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਹੈ।
IPL 'ਚ ਇਨ੍ਹਾਂ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਲੱਗੇ ਹਨ ਸਭ ਤੋਂ ਜ਼ਿਆਦਾ ਛੱਕੇ, ਨੰਬਰ ਵਨ 'ਤੇ ਹੈ ਇਹ ਭਾਰਤੀ ਗੇਂਦਬਾਜ
NEXT STORY