ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2022 ਦੇ ਤੀਜੇ ਦਿਨ ਉਸ ਸਮੇਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸਾਊਦੀ ਅਰਬ ਨੇ ਲਗਾਤਾਰ 35 ਮੈਚਾਂ 'ਚ ਅਜੇਤੂ ਰਹੀ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਨੇ 2019 ਤੋਂ ਲਗਾਤਾਰ 35 ਮੈਚ ਜਿੱਤੇ ਸਨ। ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਉਸ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਸਾਊਦੀ ਅਰਬ ਵੱਲੋਂ ਸਾਲੇਹ ਅਲ-ਸ਼ਹਿਰੀ ਅਤੇ ਸਲੇਮ ਅਲ-ਦੌਸਾਰੀ ਨੇ 2 ਗੋਲ ਕਰਕੇ ਪੂਰੀ ਖੇਡ ਦਾ ਪਾਸਾ ਪਲਟ ਦਿੱਤਾ।
ਕਪਤਾਨ ਮੇਸੀ ਨੇ ਇਸ ਵਿਸ਼ਵ ਕੱਪ ਵਿੱਚ ਅਰਜਨਟੀਨਾ ਲਈ ਪਹਿਲਾ ਗੋਲ ਕਰਨ ਦੇ ਨਾਲ-ਨਾਲ ਇਸ ਮੈਚ ਦਾ ਪਹਿਲਾ ਗੋਲ ਵੀ ਕੀਤਾ। ਮੇਸੀ ਨੂੰ 10ਵੇਂ ਮਿੰਟ ਵਿੱਚ ਪੈਨਲਟੀ ਮਿਲੀ ਅਤੇ ਇਸ ਨੂੰ ਆਸਾਨੀ ਨਾਲ ਗੋਲ ਵਿੱਚ ਬਦਲ ਦਿੱਤਾ। ਇਸ ਗੋਲ ਨਾਲ ਅਰਜਨਟੀਨਾ ਨੇ ਪਹਿਲੇ ਦਸ ਮਿੰਟਾਂ ਵਿੱਚ ਹੀ ਆਪਣਾ ਸਕੋਰ 1-0 ਕਰ ਲਿਆ। ਇਸ ਤੋਂ ਬਾਅਦ ਅਰਜਨਟੀਨਾ ਦੀ ਟੀਮ ਪਹਿਲੇ ਹਾਫ 'ਚ ਕੋਈ ਗੋਲ ਨਹੀਂ ਕਰ ਸਕੀ, ਜਦਕਿ ਸਾਊਦੀ ਅਰਬ ਵੀ ਗੋਲ ਕਰਨ 'ਚ ਨਾਕਾਮ ਰਿਹਾ। ਅਰਜਨਟੀਨਾ ਦੀ ਟੀਮ ਪਹਿਲੇ ਹਾਫ ਦੇ ਅੰਤ ਤੱਕ 1-0 ਨਾਲ ਅੱਗੇ ਸੀ।
ਇਹ ਵੀ ਪੜ੍ਹੋ : ਐੱਨ. ਜਗਦੀਸ਼ਨ ਨੇ ਖੇਡੀ ਵਨ ਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ , ਬਣਾਈਆਂ 277 ਦੌੜਾਂ
ਦੂਜੇ ਹਾਫ ਵਿੱਚ ਸਾਊਦੀ ਅਰਬ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਖੇਡ ਦੇ 48ਵੇਂ ਮਿੰਟ ਵਿੱਚ ਸਾਲੇਹ ਅਲਸ਼ਹਿਰੀ ਨੇ ਆਪਣੀ ਟੀਮ ਲਈ ਪਹਿਲਾ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ 53ਵੇਂ ਮਿੰਟ ਵਿੱਚ ਸਲੇਮ ਨੇ ਦੂਜਾ ਗੋਲ ਕਰਕੇ ਸਾਊਦੀ ਅਰਬ ਨੂੰ 2-1 ਦੀ ਬੜ੍ਹਤ ਦਿਵਾਈ। ਇਸ ਮੈਚ ਵਿੱਚ ਸਾਊਦੀ ਅਰਬ ਨੇ 90 ਮਿੰਟ ਦੇ ਅੰਤ ਤੱਕ 2-1 ਦੀ ਬੜ੍ਹਤ ਬਣਾਈ ਰੱਖੀ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ 14 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ। ਇਸ ਵਾਧੂ ਸਮੇਂ ਵਿੱਚ ਅਰਜਨਟੀਨਾ ਨੇ ਯਕੀਨੀ ਤੌਰ ’ਤੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਊਦੀ ਡਿਫੈਂਸ ਨੂੰ ਘੇਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਸਾਲੇਹ ਅਲ-ਸ਼ਹਿਰੀ : ਸਾਊਦੀ ਅਰਬ ਦਾ ਸਾਲੇਹ ਅਲ-ਸ਼ਹਿਰੀ ਅਲ-ਹਿਲਾਲ ਅਤੇ ਸਾਊਦੀ ਅਰਬ ਦੀ ਰਾਸ਼ਟਰੀ ਟੀਮ ਲਈ ਸਟ੍ਰਾਈਕਰ ਵਜੋਂ ਖੇਡਦਾ ਹੈ। ਸਾਲੇਹ ਨੇ 2 ਸਤੰਬਰ 2012 ਨੂੰ ਬੀਰਾ-ਮਾਰ ਵਿੱਚ ਮੌਰੀਰੇਂਸ ਦੇ ਖਿਲਾਫ ਆਪਣੀ ਸ਼ੁਰੂਆਤ ਕੀਤੀ ਅਤੇ ਆਪਣੇ ਪਹਿਲੇ ਮੈਚ ਵਿੱਚ ਗੋਲ ਕੀਤਾ। ਸਾਲੇਹ ਸਾਊਦੀ ਅਰਬ ਦਾ ਪਹਿਲਾ ਖਿਡਾਰੀ ਹੈ ਜਿਸ ਨੇ ਯੂਰਪ ਵਿੱਚ ਗੋਲ ਕੀਤਾ ਹੈ। ਵਿਟੋਰੀਆ ਦੇ ਖਿਲਾਫ ਆਪਣੇ ਦੂਜੇ ਮੈਚ ਵਿੱਚ, ਉਸਨੇ ਪ੍ਰਮੀਰਾ ਲੀਗ ਵਿੱਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਬਣਾਇਆ। ਸਾਲੇਹ ਨੇ 2 ਮੈਚ ਖੇਡੇ ਅਤੇ ਐਸ.ਸੀ. ਬੀਰਾ-ਮਾਰ ਲਈ 2 ਗੋਲ ਕੀਤੇ। ਸਾਲੇਹ ਨੇ 48ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਸਲੇਮ ਅਲ-ਦਾਵਸਾਰੀ ਨੇ ਸਾਊਦੀ ਅਰਬ ਫੁੱਟਬਾਲ ਫੈਡਰੇਸ਼ਨ ਅਤੇ ਲਾ ਲੀਗਾ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਸਪੈਨਿਸ਼ ਕਲੱਬ ਵਿਲਾਰੀਅਲ ਵਲ ਗਏ। ਉਸ ਨੇ ਸਪੇਨ 'ਚ ਰੀਅਲ ਮੈਡਰਿਡ ਖਿਲਾਫ ਖੇਡੇ ਗਏ ਮੈਚ 'ਚ ਵਿਲਾਰੀਅਲ ਨੂੰ 2-2 ਨਾਲ ਮੈਚ ਡਰਾਅ ਕਰਵਾਇਆ। ਸਲੇਮ ਨੇ 53ਵੇਂ ਮਿੰਟ ਵਿੱਚ ਗੋਲ ਕਰਕੇ ਸਾਊਦੀ ਅਰਬ ਨੂੰ ਵੱਡੀ ਜਿੱਤ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ਨੇ ਸਪਿਨਰ ਅਬਰਾਰ ਅਹਿਮਦ ਨੂੰ ਦਿੱਤੀ ਟੀਮ ’ਚ ਜਗ੍ਹਾ
NEXT STORY