ਮੁੰਬਈ– ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਅਤੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਸਮੇਤ ਮੁੰਬਈ ਦੇ ਕੁਝ ਕ੍ਰਿਕਟ ਨਾਇਕਾਂ ਨੂੰ ਐਤਵਾਰ ਨੂੰ ਵਾਨਖੇੜੇ ਸਟੇਡੀਅਮ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ.ਸੀ.ਏ.) ਵੱਲੋਂ ਆਯੋਜਿਤ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਮੁੱਖ ਸਮਾਰੋਹ 19 ਜਨਵਰੀ ਨੂੰ ਵਾਨਖੇੜੇ ਸਟੇਡੀਅਮ ’ਚ ਹੋਵੇਗਾ।
ਗਾਵਸਕਰ ਐਤਵਾਰ ਨੂੰ ਸਨਮਾਨਿਤ ਹੋਣ ਵਾਲਾ ਮੁੰਬਈ ਦਾ ਪਹਿਲਾ ਕਪਤਾਨ ਸੀ। ਉਸ ਨੂੰ ਐੱਮ. ਸੀ. ਏ. ਮੁਖੀ ਅਜਿੰਕਯ ਨਾਇਕ ਨੇ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਗਾਵਸਕਰ ਨੇ ਕਿਹਾ, ‘‘ਇਸ ਵੱਕਾਰੀ ਸਟੇਡੀਅਮ ਵਿਚ ਇੱਥੇ ਆਉਣਾ ਮੇਰੇ ਲਈ ਅਸਲ ਵਿਚ ਬਹੁਤ ਵੱਡਾ ਸਨਮਾਨ ਹੈ, ਜਿਸ ਨੇ ਭਾਰਤੀ ਕ੍ਰਿਕਟ ਨੂੰ ਬਹੁਤ ਕੁਝ ਦਿੱਤਾ ਹੈ ਤੇ 2011 ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਤਾਂ ਸੋਨੇ ’ਤੇ ਸੁਹਾਗਾ ਰਿਹਾ। ਵਾਨਖੇੜੇ ਸਟੇਡੀਅਮ ਦੇ 50 ਸਾਲ ਪੂਰੇ ਹੋਣ ਦੇ ਜਸ਼ਨ ਦੀ ਸ਼ੁਰੂਆਤ ਦਾ ਹਿੱਸਾ ਬਣਨਾ ਸਨਮਾਨਜਨਕ ਹੈ।’’
ਸਾਬਕਾ ਭਾਰਤੀ ਬੱਲੇਬਾਜ਼ ਵਿਨੋਦ ਕਾਂਬਲੀ ਵੀ ਇਸ ਮੌਕੇ ’ਤੇ ਮੌਜੂਦ ਸੀ। ਸਿਹਤ ਸੰਬੰਧੀ ਸਮੱਸਿਆਵਾਂ ਕਾਰਨ 21 ਦਸੰਬਰ ਨੂੰ ਉਸ ਨੂੰ ਆਈ. ਸੀ. ਯੂ. ਵਿਚ ਭਰਤੀ ਕੀਤਾ ਗਿਆ ਸੀ, ਉਹ ਅਜੇ ਵੀ ਆਪਣੀ ਬੀਮਾਰੀ ਤੋਂ ਉੱਭਰ ਰਿਹਾ ਹੈ। ਉਸ ਨੂੰ ਹੋਰਨਾਂ ਲੋਕਾਂ ਵੱਲੋਂ ਫੜ ਕੇ ਲਿਜਾਂਦੇ ਹੋਏ ਦੇਖਿਆ ਗਿਆ।
ਸਨਮਾਨਿਤ ਕੀਤੇ ਜਾਣ ਤੋਂ ਬਾਅਦ ਕਾਂਬਲੀ ਨੇ ਵੱਕਾਰੀ ਵਾਨਖੇੜੇ ਸਟੇਡੀਅਮ ਵਿਚ ਖੇਡਣ ਦੇ ਦਿਨਾਂ ਦੇ ਬਾਰੇ ਵਿਚ ਗੱਲ ਕੀਤੀ। ਉਸ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਮੈਂ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਦੋਹਰਾ ਸੈਂਕੜਾ ਇੱਥੇ ਹੀ ਲਾਇਆ ਸੀ ਤੇ ਫਿਰ ਆਪਣੇ ਕਰੀਅਰ ਵਿਚ ਕਈ ਹੋਰ ਸੈਂਕੜੇ ਲਾਏ।
ਉਸ ਨੇ ਕਿਹਾ,‘‘ਜੇਕਰ ਕੋਈ ਵੀ ਮੇਰੇ ਜਾਂ ਸਚਿਨ ਤੇਂਦੁਲਕਰ ਦੀ ਤਰ੍ਹਾਂ ਭਾਰਤ ਲਈ ਖੇਡਣਾ ਚਾਹੁੰਦਾ ਹਾਂ ਤਾਂ ਮੈਂ ਸਲਾਹ ਦੇਵਾਂਗਾ ਕਿ ਤੁਹਾਨੂੰ ਸਖਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਅਜਿਹਾ ਕਰਨਾ ਕਦੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਸਚਿਨ ਤੇ ਮੈਂ ਬਚਪਨ ਤੋਂ ਹੀ ਅਜਿਹਾ ਕੀਤਾ ਸੀ।’’
ਸਚਿਨ, ਰੋਹਿਤ ਸ਼ਰਮਾ ਤੇ ਦਿਲੀਪ ਵੈਂਗਸਰਕਰ ਵਰਗੇ ਹੋਰ ਮਹਾਨ ਖਿਡਾਰੀ ਵੀ ਵਾਨਖੇੜੇ ਸਟੇਡੀਅਮ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਐੱਮ. ਸੀ. ਏ. ਦੇ ਸ਼ਾਨਦਾਰ ਸਮਾਰੋਹ ਦਾ ਹਿੱਸਾ ਹੋਣਗੇ। ਸਾਬਕਾ ਕਪਤਾਨ ਰਵੀ ਸ਼ਾਸਤਰੀ, ਅਜਿੰਕਯ ਰਹਾਨੇ, ਸੂਰਯਕੁਮਾਰ ਯਾਦਵ ਤੇ ਡਾਇਨਾ ਐਡੁਲਜੀ ਵਰਗੇ ਹੋਰ ਧਾਕੜਾਂ ਦੇ ਵੀ ਆਉਣ ਦੀ ਉਮੀਦ ਹੈ।
ਹੁਣ ਨਹੀਂ ਚੱਲੇਗੀ ਭਾਰਤੀ ਖਿਡਾਰੀਆਂ ਦੀ ਮਨਮਰਜ਼ੀ, ਆਸਟ੍ਰੇਲੀਆ ਸੀਰੀਜ਼ 'ਚ ਹਾਰ ਪਿੱਛੋਂ ਆਰਾਮ ਹੋਵੇਗਾ ਹਰਾਮ
NEXT STORY