ਨਵੀਂ ਦਿੱਲੀ—ਏਸ਼ੀਆਈ ਖੇਡਾਂ 'ਚ ਗੋਲਡ ਮੈਡਲਿਸਟ ਹਾਕਮ ਸਿੰਘ ਦੀ ਜਿਗਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ। ਉਹ ਨਾ ਤਾਂ ਬੋਲਣ ਦੀ ਹਾਲਤ 'ਚ ਨਹੀਂ ਸਨ ਅਤੇ ਨਾਂ ਹੀ ਕੁੱਝ ਖਾ ਪੀ ਸਕਦੇ ਸਨ। ਇਹ ਕਹਿਣਾ ਹੈ ਹਸਪਤਾਲ 'ਚ ਜੇਰੇ ਇਲਾਜ ਹਾਕਮ ਸਿੰਘ ਦੀ ਪਤਨੀ ਬੇਅੰਤ ਕੌਰ ਦਾ। ਹਾਕਮ ਸਿੰਘ ਉਹ ਖਿਡਾਰੀ ਸਨ ਜਿੰਨ੍ਹਾਂ ਨੇ ਕਦੇ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਪਰ ਅੱਜ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਸਨ। ਉਨ੍ਹਾਂ ਬੈਂਕਾਕ 'ਚ ਹੋਈਆਂ 8ਵੀਂ ਏਸ਼ੀਆਈ ਖੇਡਾਂ 'ਚ 20 ਕਿਲੋਮੀਟਰ ਤੇਜ਼ ਚਾਲ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ ਸੀ ਪਰ ਅੱਜ ਉਨ੍ਹਾਂ ਦੀ ਜ਼ਿੰਦਗੀ ਦੀ ਰਫ਼ਤਰ ਹੀ ਹੌਲੀ ਪੈ ਗਈ ਸੀ।
ਇਹੀ ਵਜ੍ਹਾ ਹੈ ਕਿ ਹਾਲ ਹੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕਮ ਸਿੰਘ ਦੇ ਇਲਾਜ ਲਈ 5 ਲੱਖ ਰੁਪਏ ਜਾਰੀ ਕੀਤੇ ਅਤੇ ਬਰਨਾਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇ। ਬੇਅੰਤ ਕੌਰ ਦਾ ਕਹਿਣਾ ਹੈ, “2003 'ਚ ਹਾਕਮ ਸਿੰਘ ਨੂੰ ਪੰਜਾਬ ਪੁਲਿਸ 'ਚ ਕੋਚ ਦੀ ਨੌਕਰੀ ਮਿਲੀ ਸੀ ਜਿਸ ਦੀ 7 ਹਜ਼ਾਰ ਪੈਨਸ਼ਨ ਆਉਂਦੀ ਹੈ। ਸਾਡੇ ਲਈ ਤਾਂ ਇਲਾਜ ਕਰਵਾਉਣਾ ਵੀ ਔਖਾ ਸੀ। ਹੁਣ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵਲੋਂ ਵੀ 10 ਲੱਖ ਰੁਪਏ ਦੀ ਮਦਦ ਕੀਤੀ ਗਈ ਸੀ। ਹਸਪਤਾਲ ਦਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਸੀ। ਫੌਜ ਦੇ ਵੱਡੇ ਅਫਸਰ ਵੀ ਆਏ ਸਨ। ਉਨ੍ਹਾਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਸੀ।''
ਟਰੈਕ ਦੇ ਬਾਦਸ਼ਾਹ ਹਾਕਮ ਸਿੰਘ
ਬਰਨਾਲਾ ਜ਼ਿਲੇ ਦੇ ਪਿੰਡ ਭੱਠਲ ਦੇ ਰਹਿਣ ਵਾਲੇ ਹਾਕਮ ਸਿੰਘ 1978 ਦੀਆਂ ਏਸ਼ੀਆਈ ਖੇਡਾਂ ਕਾਰਨ ਸੁਰਖੀਆਂ 'ਚ ਆ ਗਏ ਸਨ।ਬੈਂਕਾਕ ਵਿਖੇ ਹੋਈਆਂ 8ਵੀਆਂ ਏਸ਼ੀਆਈ ਖੇਡਾਂ 'ਚ ਉਨ੍ਹਾਂ 20 ਕਿਲੋਮੀਟਰ ਤੇਜ਼ ਚਾਲ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ ਸੀ।
ਅਗਲੇ ਹੀ ਸਾਲ ਉਨ੍ਹਾਂ ਟੋਕੀਓ 'ਚ 'ਫੀਲਡ ਐਂਡ ਟਰੈਕ ਚੈਂਪੀਅਨਸ਼ਿਪ' 'ਚ ਫਿਰ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। ਹਾਕਮ ਸਿੰਘ ਨੂੰ 29 ਅਗਸਤ 2008 'ਚ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਹਾਕਮ ਸਿੰਘ ਦੇ ਵੱਡੇ ਪੁੱਤਰ ਸੁਖਜੀਤ ਸਿੰਘ ਦੱਸਿਆ ਕਿ “ਸਾਡੇ ਜਨਮ ਤੋਂ ਪਹਿਲਾਂ ਹੀ ਉਹ ਕੌਮਾਂਤਰੀ ਖਿਡਾਰੀ ਦੇ ਤੌਰ 'ਤੇ ਪ੍ਰਸਿੱਧ ਹੋ ਚੁੱਕੇ ਸਨ। ਕੋਚ ਦੇ ਤੌਰ 'ਤੇ ਵੀ ਉਨ੍ਹਾਂ 8-9 ਸਾਲ ਪੰਜਾਬ ਪੁਲਿਸ 'ਚ ਆਪਣੀਆਂ ਸੇਵਾਵਾਂ ਨਿਭਾਈਆਂ।''
ਸਾਲ 1972 'ਚ ਹਾਕਮ ਸਿੰਘ ਭਾਰਤੀ ਫੌਜ ਦੀ 6ਵੀਂ ਸਿੱਖ ਰੈਜੀਮੈਂਟ 'ਚ ਭਰਤੀ ਹੋ ਗਏ ਸਨ। ਫੌਜ 'ਚ ਆਪਣੀ ਰੈਜੀਮੈਂਟ ਵਲੋਂ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਏਸ਼ੀਆਈ ਜੇਤੂ ਬਣਨ ਤੱਕ ਦਾ ਸਫਰ ਕੁੱਝ ਸਾਲਾਂ 'ਚ ਹੀ ਤੈਅ ਕਰ ਲਿਆ। ਸੂਬੇਦਾਰ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜਰਨੈਲ ਸਿੰਘ ਨੇ ਦੱਸਿਆ, “ਅਸੀਂ ਹਾਕਮ ਸਿੰਘ ਤੋਂ ਬਾਅਦ ਫੌਜ 'ਚ ਭਰਤੀ ਹੋਏ ਸੀ। ਉਹ ਸਾਡੀ ਰੈਜੀਮੈਂਟ ਦਾ ਮਾਣ ਸੀ। ਹਾਕਮ ਸਿੰਘ ਦੇ ਮੈਡਲ ਅਤੇ ਤਸਵੀਰਾਂ ਅੱਜ ਵੀ ਰੈਜੀਮੈਂਟ ਦੀ ਹੀਰੋ ਗੈਲਰੀ 'ਚ ਲੱਗੀਆਂ ਹੋਈਆਂ ਹਨ। ਇਕੋ ਇਲਾਕੇ ਨਾਲ ਸਬੰਧਤ ਹੋਣ ਕਾਰਨ ਮੇਰੀ ਉਨ੍ਹਾਂ ਨਾਲ ਨੇੜਤਾ ਵੱਧ ਸੀ। ਨਵੇਂ ਭਰਤੀ ਹੋਏ ਜਵਾਨਾਂ ਲਈ ਉਹ ਪ੍ਰੇਰਨਾ ਸਰੋਤ ਸਨ।'' ਹਾਲਾਂਕਿ ਉਨ੍ਹਾਂ ਦੇ ਪੁੱਤਰ ਸੁਖਜੀਤ ਸਿੰਘ ਦਾ ਕਹਿਣਾ ਹੈ, “ਜ਼ਮੀਨ ਥੋੜ੍ਹੀ ਹੋਣ ਕਰਕੇ ਆਮਦਨ ਘੱਟ ਸੀ। ਛੋਟਾ ਜਹਾ ਘਰ ਸੀ। ਸਾਡੀ ਕਿਸੇ ਨੇ ਸਾਰ ਨਹੀਂ ਲਈ। ਪ੍ਰਾਈਵੇਟ ਨੌਕਰੀਆਂ ਕਰਕੇ ਸਾਨੂੰ ਉਨ੍ਹਾਂ ਪਾਲਿਆ। ਹੁਣ ਅਸੀਂ ਦੋਵੇਂ ਭਰਾ ਵੀ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਕੇ ਪਰਿਵਾਰ ਚਲਾ ਰਹੇ ਹਾਂ।'' ਸਾਬਕਾ ਫੌਜੀਆਂ ਲਈ ਇਕ ਐਨਜੀਓ ਚਲਾਉਣ ਵਾਲੇ ਸੇਵਾਮੁਕਤ ਕਰਨਲ ਐੱਸ.ਐੱਸ.ਸੋਹੀ ਦਾ ਕਹਿਣਾ ਹੈ ਕਿ ਦੁੱਖ ਦੀ ਗੱਲ ਹੈ ਕਿ ਦੇਸ਼ ਨੂੰ ਮਾਣ ਦਿਵਾਉਣ ਵਾਲਾ ਅਤੇ ਦੇਸ਼ ਦੀ ਸੇਵਾ ਕਰਨ ਵਾਲਾ ਫੌਜੀ ਗੁਰਬਤ ਦੀ ਜ਼ਿੰਦਗੀ ਹੰਢਾ ਰਿਹਾ ਸੀ।
ਉਨ੍ਹਾਂ ਦੱਸਿਆ, “ਇਕ ਕੌਮਾਂਤਰੀ ਖਿਡਾਰੀ ਨੂੰ ਬਿਨਾਂ ਪੈਨਸ਼ਨ ਅਤੇ ਹੋਰ ਲਾਭ ਦਿੱਤਿਆਂ ਸੇਵਾ ਮੁਕਤ ਕਰ ਦਿੱਤਾ ਗਿਆ, ਜਦੋਂ ਕਿ ਉਹ ਉਸ ਵੇਲੇ ਅਨਜਾਨੀਆ ਸਿੰਡਰੋਮ (ਦਿਲ ਨੂੰ ਲੋੜੀਂਦੀ ਆਕਸੀਜਨ ਨਾ ਮਿਲੇ ਤਾਂ ਛਾਤੀ 'ਚ ਦਰਦ ਹੁੰਦਾ ਹੈ) ਤੋਂ ਪੀੜਤ ਸਨ। ਅਸੀਂ ਆਰਮਡ ਫੋਰਸਜ਼ ਟ੍ਰਿਬਿਊਨਲ ਕੋਲ ਹਾਕਮ ਸਿੰਘ ਦਾ ਇਸੇ ਆਧਾਰ ਉੱਤੇ ਮਾਮਲਾ ਚੁੱਕਿਆ ਸੀ। ਟ੍ਰਿਬਿਊਨਲ ਵਲੋਂ ਬੀਤੀ ਇਕ ਫਰਵਰੀ ਨੂੰ ਮੈਡੀਕਲ ਰਿਪੋਰਟ ਦੇ ਆਧਾਰ ਉੱਤੇ 20% ਡਿਸਏਬਿਲਟੀ ਪੈਨਸ਼ਨ ਦੇਣ ਦਾ ਹੁਕਮ ਦਿੱਤਾ ਗਿਆ ਸੀ।''ਉੱਥੇ ਹੀ ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਬਰਨਾਲਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਦਾ ਕਹਿਣਾ ਹੈ ਕਿ ਹਾਕਮ ਸਿੰਘ ਦੇ ਇਲਾਜ ਲਈ ਮੁੱਖ ਮੰਤਰੀ ਵਲੋਂ ਐਲਾਨ ਕੀਤੀ ਮਦਦ ਦੀ ਰਾਸ਼ੀ ਜਲਦੀ ਹੀ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ।
ਲੁਕਾ ਲਾਜ਼ਮੀ ਟ੍ਰਾਇਲ 'ਚ ਹਿੱਸਾ ਨਾ ਲੈਣ ਕਾਰਨ ਏਸ਼ੀਆਈ ਖੇਡਾਂ ਤੋਂ ਬਾਹਰ
NEXT STORY