ਮੁਲਤਾਨ (ਪਾਕਿਸਤਾਨ)– ਇੰਗਲੈਂਡ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਪਹਿਲੀ ਪਾਰੀ ਵਿਚ ਪਾਕਿਸਤਾਨ ਦੀਆਂ 556 ਦੌੜਾਂ ਦੇ ਜਵਾਬ ਵਿਚ 1 ਵਿਕਟ ’ਤੇ 96 ਦੌੜਾਂ ਬਣਾ ਕੇ ਮਜ਼ਬੂਤ ਸ਼ੁਰੂਆਤ ਕੀਤੀ। ਦਿਨ ਦੀ ਖੇਡ ਖਤਮ ਹੋਣ ਸਮੇਂ ਜੈਕ ਕ੍ਰਾਊਲੀ 11 ਚੌਕਿਆਂ ਦੀ ਮਦਦ ਨਾਲ 64 ਜਦਕਿ ਜੋ ਰੂਟ 32 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸਨ। ਕਪਤਾਨ ਓਲੀ ਪੋਪ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਿਆ। ਨਸੀਮ ਸ਼ਾਹ ਦੀ ਗੇਂਦ ’ਤੇ ਅਮੀਰ ਜਮਾਲ ਨੇ ਡਾਈਵ ਲਾ ਕੇ ਇਕ ਹੱਥ ਨਾਲ ਉਸਦਾ ਸ਼ਾਨਦਾਰ ਕੈਚ ਫੜਿਆ। ਇੰਗਲੈਂਡ ਅਜੇ ਵੀ ਪਾਕਿਸਤਾਨ ਤੋਂ 460 ਦੌੜਾਂ ਨਾਲ ਪਿੱਛੇ ਹੈ।
ਇਸ ਤੋਂ ਪਹਿਲਾਂ ਸਲਮਾਨ ਆਗਾ (ਅਜੇਤੂ 104) ਇਸ ਮੈਚ ਵਿਚ ਸੈਂਕੜਾ ਲਾਉਣ ਵਾਲਾ ਪਾਕਿਸਤਾਨ ਦਾ ਤੀਜਾ ਬੱਲੇਬਾਜ਼ ਬਣਿਆ। ਟੀਮ ਲਈ ਸਊਦ ਸ਼ਕੀਲ ਨੇ 82 ਜਦਕਿ ਨਾਈਟਵਾਚਮੈਨ ਨਸੀਮ ਨੇ 33 ਤੇ ਸ਼ਾਹੀਨ ਸ਼ਾਹ ਅਫਰੀਦੀ ਨੇ 26 ਦੌੜਾਂ ਦਾ ਉਪਯੋਗੀ ਯੋਗਦਾਨ ਦਿੱਤਾ। ਇੰਗਲੈਂਡ ਲਈ ਜੈਕ ਲੀਚ ਨੇ 160 ਦੌੜਾਂ ਦੇ ਕੇ 3 ਜਦਕਿ ਸ਼ੋਏਬ ਬਸ਼ੀਰ ਨੇ 124 ਦੌੜਾਂ ਦੇ ਕੇ 1 ਵਿਕਟ ਲਈ। ਪਾਕਿਸਾਤਨ ਨੂੰ ਹਾਲਾਂਕਿ ਇਨ੍ਹਾਂ ਦੋਵਾਂ ਸਪਿਨਰਾਂ ਵਿਰੁੱਧ ਕੋਈ ਪ੍ਰੇਸ਼ਾਨੀ ਨਹੀਂ ਹੋਈ। ਬ੍ਰਾਇਡਨ ਕ੍ਰਾਸ ਦਾ ਆਪਣੀ ਪਹਿਲੀ ਟੈਸਟ ਵਿਚ ਵਿਕਟ ਲੈਣ ਦਾ ਲੰਬਾ ਇੰਤਜ਼ਾਰ ਨਸੀਮ ਦੀ ਵਿਕਟ ਨਾਲ ਪੂਰਾ ਹੋਇਆ। ਉਸ ਨੇ 74 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਗਸ ਐਟਕਿੰਸਨ (99 ਦੌੜਾਂ ’ਤੇ 2 ਵਿਕਟਾਂ) ਤੇ ਕ੍ਰਿਸ ਵੋਕਸ (69 ਦੌੜਾਂ ’ਤੇ 1 ਵਿਕਟ) ਨੂੰ ਵੀ ਪਿੱਚ ਤੋਂ ਜ਼ਿਆਦਾ ਮਦਦ ਨਹੀਂ ਮਿਲੀ। ਪਾਕਿਸਤਾਨ ਨੇ ਦਿਨ ਦੀ ਸ਼ੁਰੂਆਤ 4 ਵਿਕਟਾਂ ’ਤੇ 328 ਦੌੜਾਂ ਤੋਂ ਕੀਤੀ ਸੀ।
ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ! ਇਸ ਦੇਸ਼ 'ਚ ਖੇਡਿਆ ਜਾਵੇਗਾ ਚੈਂਪੀਅਨਸ ਟਰਾਫੀ 2025 ਦਾ ਫਾਈਨਲ
NEXT STORY