ਸਿਡਨੀ– ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਸਿਡਨੀ ਵਿਚ ਭਾਰਤ ਨਾਲ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਸੋਮਵਾਰ ਨੂੰ 5ਵੇਂ ਤੇ ਆਖਰੀ ਦਿਨ ਮੈਦਾਨ ’ਤੇ ਆਪਣੇ ਮਾੜੇ ਰਵੱਈਏ ਲਈ ਮੁਆਫੀ ਮੰਗੀ ਹੈ। ਇਹ ਮੈਚ ਡਰਾਅ ਰਿਹਾ ਤੇ ਦੋਵੇਂ ਟੀਮਾਂ 4 ਟੈਸਟ ਮੈਚਾਂ ਦੀ ਸੀਰੀਜ਼ ’ਚ 1-1 ਦੀ ਬਰਾਬਰੀ ’ਤੇ ਹਨ।
ਆਸਟਰੇਲੀਆ ਦਾ ਕਪਤਾਨ ਅਤੇ ਵਿਕਟਕੀਪਰ ਪੇਨ ਭਾਰਤੀ ਬੱਲੇਬਾਜ਼ ਰਵੀਚੰਦਰਨ ਅਸ਼ਵਿਨ ਨੂੰ ਵਿਕਟਾਂ ਦੇ ਪਿੱਛੇ ਤੋਂ ਵਾਰ-ਵਾਰ ਕੁਝ ਕੁਮੈਂਟ ਕਰ ਰਿਹਾ ਸੀ, ਜਿਸ ਦੇ ਕਾਰਣ ਅਸ਼ਵਿਨ ਬੱਲੇਬਾਜ਼ੀ ਕ੍ਰੀਜ਼ ਤੋਂ ਹਟ ਜਾਂਦਾ ਸੀ ਤੇ ਉਸ ਨੇ ਅੰਪਾਇਰ ਵੱਲ ਇਸ਼ਾਰਾ ਵੀ ਕੀਤਾ ਕਿ ਪੇਨ ਵਿਕਟਾਂ ਦੇ ਪਿੱਛੇ ਤੋਂ ਲਗਾਤਾਰ ਕੁਝ ਬੋਲ ਰਿਹਾ ਹੈ। ਅਸ਼ਵਿਨ ਤੇ ਹਨੁਮਾ ਵਿਹਾਰੀ ਮੈਚ ਡਰਾਅ ਕਰਵਾਉਣ ਲਈ ਕ੍ਰੀਜ਼ ’ਤੇ ਡਟੇ ਰਹੇ ਤੇ ਅਸ਼ਵਿਨ ਦੀ ਇਕਾਗਰਤਾ ਭੰਗ ਕਰਨ ਲਈ ਪੇਨ ਅਜਿਹੀ ਰਣਨੀਤੀ ਦਾ ਸਹਾਰਾ ਲੈ ਰਿਹਾ ਸੀ ਪਰ ਇਹ ਵਿਵਾਦ ਬਣਦਾ ਜਾ ਰਿਹਾ ਸੀ।
ਪੇਨ ਨੇ ਆਪਣੀ ਇਸ ਹਰਕਤ ਲਈ ਮੁਆਫੀ ਮੰਗੀ। ਉਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਕੱਲ ਜੋ ਕੁਝ ਹੋਇਆ, ਉਸ ਦੇ ਬਾਰੇ ਵਿਚ ਗੱਲ ਕਰਨਾ ਮਹੱਤਵਪੂਰਨ ਹੈ। ਮੈਂ ਕੱਲ ਜੋ ਕੁਝ ਕੀਤਾ, ਉਸਦੇ ਲਈ ਮੈਂ ਮੁਆਫੀ ਮੰਗਦਾ ਹਾਂ। ਮੈਂ ਇਸ ਟੀਮ ਦੀ ਅਗਵਾਈ ਕਰਨ ਦੇ ਤਰੀਕੇ ਨਾਲ ਖੁਦ ’ਤੇ ਮਾਣ ਕਰਦਾ ਸੀ ਪਰ ਕੱਲ ਇਕ ਖਰਾਬ ਪ੍ਰਤੀਬਿੰਬ ਦਿਖਾਈ ਦਿੱਤਾ। ਮੇਰੀ ਅਗਵਾਈ ਚੰਗੀ ਨਹੀਂ ਸੀ, ਮੈਂ ਖੇਡ ਦਾ ਦਬਾਅ ਆਪਣੇ ਉਪਰ ਲੈ ਲਿਆ, ਜਿਸ ਨਾਲ ਮੇਰਾ ਮੂਡ ਖਰਾਬ ਹੋਇਆ ਤੇ ਇਸ ਵਜ੍ਹਾ ਨਾਲ ਮੇਰੇ ਪ੍ਰਦਰਸ਼ਨ ’ਤੇ ਅਸਰ ਪਿਆ । ਕੱਲ ਜਦੋਂ ਮੈਂ ਮੈਦਾਨ ਵਿਚੋਂ ਬਾਹਰ ਆਇਆ ਤਾਂ ਮੇਰਾ ਪੂਰਾ ਧਿਆਨ ਮੇਰੀ ਵਿਕਟਕੀਪਿੰਗ ਦੇ ਉਸ ਸਮੇਂ ’ਤੇ ਸੀ। ਮੈਂ ਪੂਰੀ ਖੇਡ ਦੇ ਬਾਰੇ ਵਿਚ ਵੀ ਸੋਚਿਆ ਤੇ ਮੈਨੂੰ ਲੱਗਦਾ ਹੈ ਕਿ ਮੈਂ ਟੀਮ ਦੇ ਇਕ ਲੀਡਰ ਦੇ ਰੂਪ ਵਿਚ ਬਹੁਤ ਖਰਾਬ ਕ੍ਰਿਕਟ ਖੇਡੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਕ੍ਰਿਕਟ ਟੀਮ ਨੂੰ ਲੱਗਾ ਇਕ ਹੋਰ ਵੱਡਾ ਝਟਕਾ, ਹੁਣ ਮਯੰਕ ਅਗਰਵਾਲ ਵੀ ਹੋਏ ਜ਼ਖ਼ਮੀ
NEXT STORY