ਮੈਲਬੋਰਨ : ਮਯੰਕ ਅਗਰਵਾਲ ਤੇ ਹਨੁਮਾ ਵਿਹਾਰੀ ਦੇ ਆਸਟਰੇਲੀਆ ਵਿਰੁੱਧ ਤੀਜੇ ਟੈਸਟ ਦੇ ਪਹਿਲੇ ਦਿਨ ਬੁੱਧਵਾਰ ਓਪਨਿੰਗ 'ਚ ਉਤਰਨ ਦੇ ਨਾਲ ਹੀ ਭਾਰਤ ਨੇ ਪਿਛਲੇ 82 ਸਾਲਾਂ 'ਚ ਪਹਿਲੀ ਵਾਰ ਨਵੀਂ ਓਪਨਿੰਗ ਜੋੜੀ ਉਤਾਰ ਦਿੱਤੀ। ਭਾਰਤੀ ਟੀਮ ਮੈਨੇਜਮੈਂਟ ਨੇ ਓਪਨਿੰਗ 'ਚ ਲਗਾਤਾਰ ਅਸਫਲ ਹੋ ਰਹੇ ਓਪਨਰਾਂ ਮੁਰਲੀ ਵਿਜੇ ਤੇ ਲੋਕੇਸ਼ ਰਾਹੁਲ ਨੂੰ ਇਸ ਮੈਚ ਲਈ ਆਖਰੀ-11 'ਚੋਂ ਬਾਹਰ ਕਰ ਦਿੱਤਾ ਸੀ ਤੇ ਮਯੰਕ ਨੂੰ ਆਖਰੀ-11 ਵਿਚ ਸ਼ਾਮਲ ਕੀਤਾ ਸੀ। ਹਨੁਮਾ ਵਿਹਾਰੀ ਪਹਿਲਾਂ ਤੋਂ ਹੀ ਟੀਮ ਵਿਚ ਮੌਜੂਦ ਸੀ। ਪ੍ਰਿਥਵੀ ਸ਼ਾਹ ਦੇ ਜ਼ਖ਼ਮੀ ਹੋ ਕੇ ਇਸ ਦੌਰੇ ਤੋਂ ਬਾਹਰ ਹੋਣ ਤੋਂ ਬਾਅਦ ਮਯੰਕ ਨੂੰ ਆਖਰੀ ਦੋ ਟੈਸਟਾਂ ਲਈ ਆਸਟਰੇਲੀਆ ਬੁਲਾਇਆ ਗਿਆ ਸੀ। ਤੀਜੇ ਟੈਸਟ ਲਈ ਓਪਨਿੰਗ ਦੇ ਦਾਅਵੇਦਾਰਾਂ 'ਚ ਮਯੰਕ ਤੇ ਹਨੁਮਾ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਸ਼ਾਮਲ ਸੀ ਪਰ ਟੀਮ ਮੈਨੇਜਮੈਂਟ ਨੇ ਮਯੰਕ ਤੇ ਹਨੁਮਾ ਨੂੰ ਮੌਕਾ ਦਿੱਤਾ।

ਪਿਛਲੇ 82 ਸਾਲਾਂ 'ਚ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਇਕ ਨਵੀਂ ਓਪਨਿੰਗ ਜੋੜੀ ਉਤਾਰੀ ਹੈ। ਇਸ ਤੋਂ ਪਹਿਲਾਂ 1936 'ਚ ਦੱਤਾਰਾਮ ਹਿੰਡਲੇਕਰ ਤੇ ਵਿਜੇ ਮਰਚੈਂਟ ਇੰਗਲੈਂਡ ਵਿਰੁੱਧ ਲਾਰਡਸ ਵਿਚ ਨਵੀਂ ਓਪਨਿੰਗ ਜੋੜੀ ਦੇ ਰੂਪ 'ਚ ਉਤਰੇ ਸਨ। ਮਯੰਕ ਇਸ ਦੇ ਨਾਲ ਹੀ ਭਾਰਤ ਵਲੋਂ ਡੈਬਿਊ ਕਰਨ ਵਾਲਾ 295ਵਾਂ ਖਿਡਾਰੀ ਬਣ ਗਿਆ। ਮਯੰਕ 2018 ਵਿਚ ਭਾਰਤ ਵਲੋਂ ਡੈਬਿਊ ਕਰਨ ਵਾਲਾ ਛੇਵਾਂ ਖਿਡਾਰੀ ਬਣਿਆ ਹੈ। ਇਸ ਸਾਲ ਉਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਹਨੁਮਾ ਵਿਹਾਰੀ, ਪ੍ਰਿਥਵੀ ਸ਼ਾਹ ਤੇ ਸ਼ਾਰਦੁਲ ਠਾਕੁਰ ਨੇ ਟੈਸਟ ਡੈਬਿਊ ਕੀਤਾ ਸੀ।

ਦਰਸ਼ਕਾਂ ਅਤੇ ਮੀਡੀਆ ਦੀ ਗੈਰਮੌਜੂਦਗੀ 'ਚ ਭਿੜਨਗੇ ਭਾਰਤ ਤੇ ਓਮਾਨ
NEXT STORY