ਸਪੋਰਟਸ ਡੈਸਕ— ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ 'ਚ ਫੈਲਾਏ ਜਾ ਰਹੇ ਅੱਤਵਾਦ ਕਾਰਨ ਭਾਰਤ ਅਤੇ ਪਾਕਿ ਦੀਆਂ ਕ੍ਰਿਕਟ ਟੀਮਾਂ ਇਕ-ਦੂਜੇ ਦੇ ਦੇਸ਼ ਦਾ ਦੌਰਾ ਨਹੀਂ ਕਰਦੀਆਂ ਹਨ ਪਰ ਹਾਲ ਹੀ 'ਚ ਭਾਰਤੀ ਟੈਨਿਸ ਟੀਮ ਦੇ ਪਾਕਿਸਤਾਨ ਦੇ ਪ੍ਰਸਤਾਵਤ ਦੌਰੇ ਨੂੰ ਲੈ ਕੇ ਸਵਾਲ ਉਠਣ ਲੱਗੇ ਹਨ। ਭਾਰਤੀ ਟੈਨਿਸ ਟੀਮ ਨੂੰ 14-15 ਸਤੰਬਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਗਰੁੱਪ-1 ਏਸ਼ੀਆਈ ਓਸੀਆਨਾ ਖੇਤਰੀ ਮੈਚ 'ਚ ਮੇਜ਼ਬਾਨ ਟੀਮ ਨਾਲ ਭਿੜਨਾ ਹੈ ਅਤੇ ਇਸ ਦੀਆਂ ਤਿਆਰੀਆਂ ਜ਼ੋਰਾ 'ਤੇ ਹਨ। ਭਾਰਤੀ ਟੈਨਿਸ ਸੰਘ ਅਤੇ ਪਾਕਿਸਤਾਨ ਟੈਨਿਸ ਸੰਘ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਇਸ ਦੀ ਇਜਾਜ਼ਤ ਦੇਵੇਗੀ ਪਰ ਇਸ ਪ੍ਰਸਤਾਵਤ ਦੌਰੇ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਤਰਾਜ਼ ਜਤਾ ਦਿੱਤਾ ਹੈ।

ਬੀ.ਸੀ.ਸੀ.ਆਈ. ਦੇ ਇਕ ਅਹੁਦੇਦਾਰ ਨੇ ਕਿਹਾ ਹੈ ਕਿ ਕੀ ਭਾਰਤ ਸਰਕਾਰ ਨੇ ਆਪਣੀ ਨੀਤੀ 'ਚ ਬਦਲਾਅ ਕੀਤਾ ਹੈ? ਪਾਕਿਸਤਾਨ ਤੋਂ ਨਿਰਪੱਖ ਦੇਸ਼ 'ਚ, ਇੱਥੇ ਤਕ ਕਿ ਵਰਲਡ ਕੱਪ 'ਚ ਵੀ ਮੈਚ ਖੇਡਣ ਕਾਰਨ ਭਾਰਤੀ ਕ੍ਰਿਕਟ ਟੀਮ ਅਤੇ ਬੀ.ਸੀ.ਸੀ.ਆਈ. ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ। ਅਜਿਹੇ 'ਚ ਭਾਰਤੀ ਟੈਨਿਸ ਟੀਮ ਪਾਕਿਸਤਾਨ ਦਾ ਦੌਰਾ ਕਿਵੇਂ ਕਰ ਸਕਦੀ ਹੈ? ਜਦੋਂ ਸਾਨੂੰ ਇਕ-ਦੂਜੇ ਦੇਸ਼ 'ਚ ਦੋ ਪੱਖੀ ਸੀਰੀਜ਼ ਖੇਡਣ ਦੀ ਇਜਾਜ਼ਤ ਨਹੀਂ ਹੈ ਤਾਂ ਫਿਰ ਟੈਨਿਸ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਕਿਵੇਂ ਹੋ ਸਕਦੀਆਂ ਹਨ? ਦੋ ਖੇਡਾਂ ਨੂੰ ਅਲਗ-ਅਲਗ ਮਿਆਰਾਂ 'ਤੇ ਨਹੀਂ ਤੌਲਿਆ ਜਾ ਸਕਦਾ। ਜੇਕਰ ਸਰਕਾਰ ਦੀ ਨੀਤੀ 'ਚ ਬਦਲਾਅ ਹੈ ਤਾਂ ਬੀ.ਸੀ.ਸੀ.ਆਈ. ਨੂੰ ਵੀ ਇਸ ਦਿਸ਼ਾ 'ਚ ਸੋਚਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਬੋਰਡ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਹੁਣ ਸਿਰਫ ਆਈ.ਸੀ.ਸੀ. ਵਰਲਡ ਕੱਪ, ਟੀ-20 ਵਰਲਡ ਕੱਪ, ਚੈਂਪੀਅਨਸ ਟਰਾਫੀ ਅਤੇ ਏਸ਼ੀਆ ਕੱਪ 'ਚ ਹੀ ਆਪਸ 'ਚ ਭਿੜਦੀਆਂ ਹਨ। ਸਰਕਾਰ ਵੱਲੋਂ ਕ੍ਰਿਕਟ ਖੇਡਣ ਦੀ ਇਜਾਜ਼ਤ ਨਾ ਮਿਲਣ ਕਾਰਨ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਨੇ ਇਕ-ਦੂਜੇ ਦੇਸ਼ਾਂ ਅੰਦਰ ਦੌਰਾ ਕਰਨਾ ਬੰਦ ਕੀਤਾ ਹੋਇਆ ਹੈ। ਇੱਥੋਂ ਤਕ ਕਿ ਨਿਰਪੱਖ ਦੇਸ਼ 'ਚ ਵੀ ਇਹ ਦੋਵੇਂ ਟੀਮਾਂ ਦੋ ਪੱਖੀ ਸੀਰੀਜ਼ ਨਹੀਂ ਖੇਡ ਰਹੀਆਂ ਹਨ। ਭਾਰਤੀ ਕ੍ਰਿਕਟ ਟੀਮ ਨੇ ਆਖ਼ਰੀ ਵਾਰ ਪਾਕਿਸਤਾਨ ਦਾ ਦੌਰਾ 2005-06 'ਚ ਕੀਤਾ ਗਿਆ ਸੀ ਅਤੇ ਉਸ ਦੌਰਾਨ ਤਿੰਨ ਟੈਸਟ ਅਤੇ ਪੰਜ ਵਨ-ਡੇ ਖੇਡੇ ਗਏ ਸਨ। ਪਾਕਿਸਤਾਨ ਨੇ 2012-13 'ਚ ਆਖ਼ਰੀ ਵਾਰ ਭਾਰਤ 'ਚ ਤਿੰਨ ਵਨ-ਡੇ ਅਤੇ ਟੀ-20 ਮੈਚਾਂ ਦੀ ਸੀਰੀਜ਼ ਖੇਡੀਆਂ ਸਨ। ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮਾਂ ਦਾ ਆਖਰੀ ਮੁਕਾਬਲਾ ਹਾਲ ਹੀ 'ਚ ਇੰਗਲੈਂਡ 'ਚ ਖਤਮ ਹੋਏ ਵਰਲਡ ਕੱਪ 'ਚ ਹੋਇਆ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਏਸ਼ੀਆ ਕੱਪ 'ਚ ਭਿੜੀਆਂ ਸਨ ਅਤੇ ਉਸ ਤੋਂ ਪਹਿਲਾਂ ਦੋਵੇਂ ਟੀਮਾਂ ਦਾ ਆਹਮੋ-ਸਾਹਮਣਾ 2016 ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਇੰਗਲੈਂਡ 'ਚ ਹੋਇਆ ਸੀ।
ਸਚਿਨ ਦਾ ਵੀਡੀਓ ਸ਼ੇਅਰ ਕਰਨਾ ਅੰਪਾਇਰ ਧਰਮਸੇਨਾ ਨੂੰ ਪਿਆ ਮਹਿੰਗਾ, ਲੋਕ ਕਰਨ ਲੱਗੇ ਟ੍ਰੋਲ
NEXT STORY