ਗੋਲਡ ਕੋਸਟ (ਆਸਟਰੇਲੀਆ)— ਪਿਛਲੀ ਵਾਰ ਚਾਂਦੀ ਦਾ ਤਮਗਾ ਜੇਤੂ ਭਾਰਤੀ ਟੀਮ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਹਾਕੀ ਮੁਕਾਬਲੇ ਦੇ ਪਹਿਲੇ ਮੈਚ 'ਚ ਆਪਣੀ ਲੰਬੇ ਸਮੇਂ ਦੀ ਮੁਕਾਬਲੇਬਾਜ਼ ਪਾਕਿਸਤਾਨ ਨਾਲ ਖੇਡੇਗੀ। ਕੌਮਾਂਤਰੀ ਹਾਕੀ ਮਹਾਸੰਘ ਵੱਲੋਂ ਅੱਜ ਜਾਰੀ ਸ਼ੈਡਿਊਲ ਦੇ ਮੁਤਾਬਕ ਏਸ਼ੀਆਈ ਚੈਂਪੀਅਨਸ਼ਿਪ 'ਚ ਭਾਰਤ ਲਗਭਗ ਆਸਾਨ ਪੂਲ ਬੀ 'ਚ ਹੈ ਜਿਸ 'ਚ ਪਾਕਿਸਤਾਨ, ਪਿਛਲੀ ਵਾਰ ਦੀ ਕਾਂਸੀ ਤਗਮਾ ਜੇਤੂ ਇੰਗਲੈਂਡ, ਮਲੇਸ਼ੀਆ ਅਤੇ ਵੇਲਸ ਹਨ। ਪੰਜ ਵਾਰ ਦੀ ਚੈਂਪੀਅਨ ਮੇਜ਼ਬਾਨ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਕੈਨੇਡਾ ਅਤੇ ਸਕਾਟਲੈਂਡ ਪੂਲ ਏ 'ਚ ਹਨ। ਭਾਰਤੀ ਟੀਮ 7 ਅਪ੍ਰੈਲ ਨੂੰ ਪਾਕਿਸਤਾਨ ਨਾਲ ਪਹਿਲਾ ਮੈਚ ਖੇਡੇਗੀ। ਇਸ ਤੋਂ ਬਾਅਦ ਵੇਲਸ (ਅੱਠ ਅਪ੍ਰੈਲ), ਮਲੇਸ਼ੀਆ (10 ਅਪ੍ਰੈਲ) ਅਤੇ ਇੰਗਲੈਂਡ (11 ਅਪ੍ਰੈਲ) ਨਾਲ ਮੈਚ ਹਨ।
ਭਾਰਤੀ ਮਹਿਲਾ ਹਾਕੀ ਟੀਮ ਨੂੰ ਪੂਲ ਏ 'ਚ ਮੌਜੂਦਾ ਚਾਂਦੀ ਤਗਮਾ ਜੇਤੂ ਇੰਗਲੈਂਡ, ਦੱਖਣੀ ਅਫਰੀਕਾ, ਮਲੇਸ਼ੀਆ ਅਤੇ ਵੇਲਸ ਦੇ ਨਾਲ ਰਖਿਆ ਗਿਆ ਹੈ। ਮੌਜੂਦਾ ਚੈਂਪੀਅਨ ਆਸਟਰੇਲੀਆ, ਨਿਊਜ਼ੀਲੈਂਡ, ਸਕਾਟਲੈਂਡ, ਕੈਨੇਡਾ ਅਤੇ ਘਾਨਾ ਪੂਲ ਬੀ 'ਚ ਹਨ। ਭਾਰਤੀ ਮਹਿਲਾ ਟੀਮ 5 ਅਪ੍ਰੈਲ ਨੂੰ ਵੇਲਸ 'ਚ ਖੇਡੇਗੀ। ਇਸ ਤੋਂ ਬਾਅਦ ਉਸ ਨੂੰ ਮਲੇਸ਼ੀਆ (6 ਅਪ੍ਰੈਲ), ਇੰਗਲੈਂਡ (ਅੱਠ ਅਪ੍ਰੈਲ) ਅਤੇ ਦੱਖਣੀ ਅਫਰੀਕਾ (10 ਅਪ੍ਰੈਲ) ਨਾਲ ਖੇਡਣਾ ਹੈ।
ਪੁਰਸ਼ ਵਰਗ 'ਚ ਆਸਟਰੇਲੀਆ ਰਾਸ਼ਟਰਮੰਡਲ ਖੇਡਾਂ 'ਚ ਪੰਜੋ ਵਾਰ ਖਿਤਾਬ ਜਿੱਤ ਚੁੱਕਾ ਹੈ। ਏਸ਼ੀਆਈ ਚੈਂਪੀਅਨ ਭਾਰਤ ਪਿਛਲੇ ਦੋ ਵਾਰ ਚਾਂਦੀ ਦਾ ਤਮਗਾ ਜੇਤੂ ਰਹਿ ਚੁੱਕਾ ਹੈ। ਮਹਿਲਾ ਵਰਗ 'ਚ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ ਆਪਣੀ ਸਰਜ਼ਮੀਂ 'ਤੇ ਖੇਡਣ ਦਾ ਫਾਇਦਾ ਮਿਲੇਗਾ। ਮਹਿਲਾ ਅਤੇ ਪੁਰਸ਼ ਦੋਹਾਂ ਵਰਗਾਂ 'ਚ ਹਰ ਪੂਲ 'ਚ 2 ਚੋਟੀ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚਣਗੀਆਂ ਜਦਕਿ ਬਾਕੀ ਕਲਾਸੀਫਿਕੇਸ਼ਨ ਮੈਚ ਖੇਡਣਗੀਆਂ। ਮਹਿਲਾ ਸੈਮੀਫਾਈਨਲ 12 ਅਪ੍ਰੈਲ ਨੂੰ ਅਤੇ ਪੁਰਸ਼ ਵਰਗ ਦਾ 13 ਅਪ੍ਰੈਲ ਨੂੰ ਹੋਵੇਗਾ। ਕਾਂਸੀ ਤਗਮੇ ਦੇ ਮੁਕਾਬਲੇ 14 ਅਪ੍ਰੈਲ ਨੂੰ ਖੇਡੇ ਜਾਣਗੇ। ਰਾਸ਼ਟਰਮੰਡਲ ਖੇਡ ਪੰਜ ਤੋਂ 14 ਅਪ੍ਰੈਲ ਤੱਕ ਆਸਟਰੇਲੀਆ ਦੇ ਗੋਲਡ ਕੋਸਟ 'ਚ ਖੇਡੇ ਜਾਣੇ ਹਨ।
ਪ੍ਰਿਥਵੀ ਸ਼ਾਅ ਦੀ 26 ਗੇਂਦਾਂ 'ਚ ਫਿਫਟੀ, ਇਸ ਤਰ੍ਹਾਂ ਖੇਡਦੇ ਰਹੇ ਤਾਂ ਜਲਦ ਤੋੜ ਦੇਣਗੇ ਇਹ ਰਿਕਾਰਡ
NEXT STORY