ਨਵੀਂ ਦਿੱਲੀ (ਵਾਰਤਾ) : ਪ੍ਰੀਤੀ ਦਹੀਆ ਅਤੇ ਤਿੰਨ ਹੋਰ ਯੁਵਾ ਮਹਿਲਾ ਮੁੱਕੇਬਾਜ਼ 2021 ਏ.ਐਸ.ਬੀ.ਸੀ. ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਚੈਂਪੀਅਨ ਬਣ ਕੇ ਉਭਰੀਆਂ। ਇਨ੍ਹਾਂ ਦੀ ਸੁਨਹਿਰੀ ਸਫ਼ਲਤਾ ਦੀ ਬਦੌਲਤ ਭਾਰਤ ਨੇ ਦੁਬਈ ਵਿਚ ਆਯੋਜਿਤ ਕੀਤੇ ਗਏ ਇਸ ਮਹਾਂਦੀਪੀ ਮੁਕਾਬਲੇ ਵਿਚ 14 ਗੋਲਡ ਸਮੇਤ ਕੁੱਲ 39 ਤਮਗੇ ਆਪਣੀ ਝੋਲੀ ਵਿਚ ਪਾਏ। ਭਾਰਤ ਇਸ ਤੋਂ ਪਹਿਲਾਂ ਖੇਡੇ ਗਏ ਜੂਨੀਅਰ ਇਵੈਂਟ ਵਿਚ 8 ਗੋਲਡ, 5 ਚਾਂਦੀ ਅਤੇ 6 ਕਾਂਸੀ ਤਮਗਿਆਂ ਸਮੇਤ ਕੁੱਲ 19 ਤਮਗੇ ਪਹਿਲਾਂ ਹੀ ਜਿੱਤ ਚੁੱਕਾ ਸੀ। ਯੁਵਾ ਮੁਕਾਬਲੇਬਾਜ਼ਾਂ ਨੇ ਵੱਕਾਰੀ ਕੋਂਟੀਨੈਂਟਲ ਇਵੈਂਟ ਵਿਚ ਭਾਰਤ ਦੀ ਸੂਚੀ ਵਿਚ 20 ਹੋਰ ਤਮਗੇ (6 ਗੋਲਡ, 9 ਚਾਂਦੀ ਅਤੇ 5 ਕਾਂਸੀ) ਜੋੜੇ। ਖ਼ਾਸ ਗੱਲ ਇਹ ਰਹੀ ਕਿ ਪਹਿਲੀ ਵਾਰ ਇਸ ਇਵੈਂਟ ਜ਼ਰੀਏ ਜੂਨੀਅਰ ਅਤੇ ਯੁਵਾ ਦੋਵਾਂ ਉਮਰ ਵਰਗ ਦੇ ਮੁਕਾਬਲੇ ਨਾਲ-ਨਾਲ ਖੇਡੇ ਗਏ।
ਟੋਕੀਓ ਪੈਰਾਲੰਪਿਕ: ਹਰਿਆਣਾ ਸਰਕਾਰ ਵੱਲੋਂ ਸੁਮਿਤ ਅਤੇ ਕਥੂਰੀਆ ਨੂੰ ਕਰੋੜਾਂ ਦੇ ਨਕਦ ਪੁਰਸਕਾਰਾਂ ਦਾ ਐਲਾਨ
ਵਿਸ਼ਵਾਮਿੱਤਰ ਚੋਂਗਥਮ (51 ਕਿਲੋਗ੍ਰਾਮ) ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਯੁਵਾ ਪੁਰਸ਼ ਵਰਗ ਵਿਚ ਪਿਛਲੇ 7 ਸਾਲਾਂ ਵਿਚ ਭਾਰਤ ਦਾ ਪਹਿਲਾ ਗੋਲਡ ਜਿੱਤਿਆ ਅਤੇ ਵਿਸ਼ਾਲ (80 ਕਿਲੋਗ੍ਰਾਮ) ਨੇ ਤਮਗਾ ਸੂਚੀ ਵਿਚ ਇਕ ਹੋਰ ਸੋਨੇ ਦਾ ਤਮਗਾ ਜੋੜਿਆ। ਇਸ ਤਰ੍ਹਾਂ ਨੇਹਾ (54 ਕਿਲੋਗ੍ਰਾਮ) ਨੇ ਯੁਵਾ ਮਹਿਲਾ ਵਰਗ ਵਿਚ ਦੇਸ਼ ਨੂੰ ਗੋਲਡ ਮੈਡਲ ਦਿਵਾਇਆ। ਉਨ੍ਹਾਂ ਦਾ ਮੁਕਾਬਲਾ ਸੋਮਵਾਰ ਦੀ ਦੇਰ ਰਾਤ ਖੇਡਿਆ ਗਿਆ। ਉਹ 3-2 ਦੇ ਵੱਖਰੇ ਫ਼ੈਸਲੇ ਨਾਲ ਕਜ਼ਾਖਿਸਤਾਨ ਦੀ ਏਸ਼ਾਗੁਲ ਯੇਲੁਬਾਯੇਵਾ ਖ਼ਿਲਾਫ਼ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੀ। ਬਾਅਦ ਵਿਚ ਪ੍ਰੀਤੀ ਦਹੀਆ ਨੇ 2021 ਯੁਵਾ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਕਜ਼ਾਖਿਸਤਾਨ ਦੀ ਜੁਲਦੀਜ਼ ਸ਼ਾਇਆਖ਼ਮੇਤੋਵਾ ਖ਼ਿਲਾਫ਼ 60 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਇਸੇ ਤਰ੍ਹਾਂ ਦੀ ਜਿੱਤ ਨਾਲ ਇਕ ਹੋਰ ਸੋਨ ਤਮਗਾ ਭਾਰਤ ਦੀ ਝੋਲੀ ਵਿਚ ਪਾਇਆ। ਇਸ ਦੇ ਬਾਅਦ ਸਨੇਹਾ ਕੁਮਾਰੀ (66 ਕਿਲੋਗ੍ਰਾਮ) ਅਤੇ ਖ਼ੁਸ਼ੀ (75 ਕਿਲੋਗ੍ਰਾਮ) ਨੇ ਵੀ ਆਪਣੇ-ਆਪਣੇ ਫਾਈਨਲ ਵਿਚ ਜਿੱਤ ਹਾਸਲ ਕਰਦੇ ਹੋਏ ਸੋਨ ਤਮਗਾ ਜਿੱਤਿਆ। ਸਨੇਹਾ ਨੇ ਰੈਫਰੀ ਸਟਾਪਿੰਗ ਦਿ ਕੰਟੈਸਟ (ਆਰ.ਐਸ.ਸੀ.) ਜ਼ਰੀਏ ਸਥਾਨਕ ਦਾਅਵੇਦਾਰ ਰਹਿਮਾ ਅਲਮੁਸ਼ਿਰਦੀ ’ਤੇ ਜਿੱਤ ਦਰਜ ਕੀਤੀ, ਜਦੋਂਕਿ ਖ਼ੁਸ਼ੀ ਨੇ ਕਜ਼ਾਖਿਸਤਾਨ ਦੀ ਡਾਨਾ ਦੀਡੇ ਨੂੰ ਹਰਾਇਆ।
ਇਹ ਵੀ ਪੜ੍ਹੋ: ਪੈਰਾਲੰਪਿਕ: PM ਅਤੇ ਰਾਸ਼ਟਰਪਤੀ ਨੇ ਨਿਸ਼ਾਨੇਬਾਜ਼ ਸਿੰਘਰਾਜ ਨੂੰ ਕਾਂਸੀ ਤਮਗਾ ਜਿੱਤਣ ’ਤੇ ਦਿੱਤੀ ਵਧਾਈ
ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀ.ਐਫ.ਆਹੀ.) ਪ੍ਰਧਾਨ ਅਜੈ ਸਿੰਘ ਨੇ ਕਿਹਾ, ‘ਇਹ ਸਾਡੇ ਜੂਨੀਅਰ ਅਤੇ ਯੁਵਾ ਮੁੱਕੇਬਾਜ਼ਾਂ ਲਈ ਇਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। 39 ਤਮਗੇ ਜਿੱਤਣਾ ਇਕ ਸ਼ਲਾਘਾਯੋਗ ਉਪਲਬੱਧੀ ਹੈ ਅਤੇ ਇਹ ਸਿਰਫ਼ ਭਾਰਤ ਵਿਚ ਸਾਡੇ ਕੋਲ ਮੌਜੂਦਾ ਮੁੱਕੇਬਾਜ਼ੀ ਪ੍ਰਤਿਭਾ ਦੀ ਡੂੰਘਾਈ ਨੂੰ ਦਰਸਾਉਂਦੀ ਹੈ। ਇਕ ਮਹਾਸੰਘ ਦੇ ਰੂਪ ਵਿਚ ਅਸੀਂ ਦੇਸ਼ ਭਰ ਤੋਂ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਉਨ੍ਹਾਂ ਨੂੰ ਉਚ ਪੱਧਰ ’ਤੇ ਭਵਿੱਖ ਦੇ ਚੈਂਪੀਅਨ ਦੇ ਰੂਪ ਵਿਚ ਤਿਆਰ ਕਰਨ ਲਈ ਵਧੀਆ ਕੋਚਿੰਗ ਅਤੇ ਮਾਰਗਦਰਸ਼ਨ ਯਕੀਨੀ ਕੀਤਾ ਜਾ ਸਕੇ। ਮੈਨੂੰ ਯਕੀਨ ਹੈ ਕਿ ਇੰਨੇ ਵੱਡੇ ਟੂਰਨਾਮੈਂਟਾਂ ਵਿਚ ਪ੍ਰਾਪਤ ਕੀਤਾ ਕੀਮਤੀ ਤਜ਼ਰਬਾ ਇਨ੍ਹਾਂ ਮੁੱਕੇਬਾਜ਼ਾਂ ਨੂੰ ਆਪਣੇ ਲਈ ਇਕ ਮਜ਼ਬੂਤ ਰਸਤਾ ਤੈਅ ਕਰਨ ਵਿਚ ਮਦਦ ਕਰੇਗਾ। ਬਾਕਸਿੰਗ ਫੈਡਰੇਸ਼ਨ ਆਫ ਇੰਡੀਆ (ਬੀ.ਐਫ.ਆਈ.) ਵੱਲੋਂ, ‘ਮੈਂ ਇਕ ਵਾਰ ਫਿਰ ਸਾਰੇ ਜੇਤੂਆਂ ਅਤੇ ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਇਸ ਸਫ਼ਲ ਮੁਹਿੰਮ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਭਵਿੱਖ ਦੇ ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।’
ਇਹ ਵੀ ਪੜ੍ਹੋ: ਗੋਲਡਨ ਗਰਲ ਅਵਨੀ ਲੇਖਰਾ ਨੂੰ ਤੋਹਫ਼ਾ, ਆਨੰਦ ਮਹਿੰਦਰਾ ਦੇਣਗੇ ਦਿਵਿਆਂਗਾਂ ਲਈ ਵਿਸ਼ੇਸ਼ ਤੌਰ 'ਤੇ ਬਣੀ ਪਹਿਲੀ SUV
ਇਸ ਦੌਰਾਨ ਅੰਤਿਮ ਦਿਨ ਹੋਰ ਯੁਵਾ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼ (48 ਕਿਲੋਗ੍ਰਾਮ), ਨਿਵੇਦਿਤਾ ਕਾਕਰੀ (48 ਕਿਲੋਗ੍ਰਾਮ), ਤਮੰਨਾ (50 ਕਿਲੋਗ੍ਰਾਮ), ਸਿਮਰਨ ਵਰਮਾ (52 ਕਿਲੋਗ੍ਰਾਮ), ਪ੍ਰੀਤੀ (57 ਕਿਲੋਗ੍ਰਾਮ), ਖ਼ੁਸ਼ੀ (63 ਕਿਲੋਗ੍ਰਾਮ), ਵੰਸ਼ਜ (64 ਕਿਲੋਗ੍ਰਾਮ), ਜੈਦੀਪ ਰਾਵਤ (71 ਕਿਲੋਗ੍ਰਾਮ) ਅਤੇ ਤਨੀਸ਼ਬੀਰ ਕੌਰ ਸੰਧੂ (81 ਕਿਲੋਗ੍ਰਾਮ) ਨੇ ਦੇਸ਼ ਲਈ ਚਾਂਦੀ ਤਮਗੇ ਜਿੱਤੇ। ਇਸ ਤੋਂ ਪਹਿਲਾਂ ਇਕ ਮਹਿਲਾ ਸਮੇਤ 5 ਮੁੱਕੇਬਾਜ਼ਾਂ ਨੇ ਸੈਮੀਫਾਈਨਲ ਵਿਚ ਪਹੁੰਚ ਕੇ ਯੁਵਾ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ। ਪੁਰਸ਼ਾਂ ਵਿਚ ਦਕਸ਼ ਸਿੰਘ (67 ਕਿਲੋਗ੍ਰਾਮ), ਦੀਪਕ (75 ਕਿਲੋਗ੍ਰਾਮ), ਅਭਿਮਨਿਊ ਲੌਰਾ (92 ਕਿਲੋਗ੍ਰਾਮ) ਅਤੇ ਅਮਨ ਸਿੰਘ ਬਿਸ਼ਟ (92+ ਕਿਲੋਗ੍ਰਾਮ) ਨੇ ਕਾਂਸੀ ਤਮਗਾ ਹਾਸਲ ਕੀਤਾ, ਜਦੋਂਕਿ ਲਸ਼ੁ ਯਾਦਵ (70 ਕਿਲੋਗ੍ਰਾਮ) ਨੇ ਮਹਿਲਾ ਵਰਗ ਵਿਚ ਕਾਂਸੀ ਤਮਗਾ ਜਿੱਤਿਆ। ਯੁਵਾ ਵਰਗ ਵਿਚ 20 ਤਮਗਿਆਂ ਨਾਲ ਭਾਰਤ ਨੇ 2019 ਵਿਚ ਮੰਗੋਲੀਆ ਦੇ ਉਲਾਨਬਟਾਰ ਵਿਚ ਹਾਸਲ ਕੀਤੇ ਗਏ 5 ਗੋਲਡ ਸਮੇਤ 12 ਤਮਗਿਆਂ ਦੇ ਆਪਣੇ ਪਿਛਲੇ ਸੰਸਕਰਨ ਦੇ ਤਮਗਿਆਂ ਦੀ ਸੰਖਿਆ ਨੂੰ ਵੀ ਬਿਹਤਰ ਬਣਾਇਆ। ਯੁਵਾ ਵਰਗ ਵਿਚ ਸੋਨ ਤਮਗਾ ਜੇਤੂਆਂ ਨੂੰ 6000 ਅਮਰੀਕੀ ਡਾਲਰ, ਜਦੋਂਕਿ ਚਾਂਦੀ ਅਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 3000 ਅਮਰੀਕੀ ਡਾਲਰ ਅਤੇ 1500 ਅਮਰੀਕੀ ਡਾਲਰ ਦਾ ਪੁਰਸਕਾਰ ਦਿੱਤਾ ਗਿਆ। ਹਾਲਾਂਕਿ ਜੂਨੀਅਰ ਮੁਕਾਬਲੇ ਵਿਚ ਗੋਲਡ, ਚਾਂਦੀ ਅਤੇ ਕਾਂਸੀ ਤਮਗਾ ਜੇਤੂਆਂ ਨੂੰ ਕ੍ਰਮਵਾਰ 4000 ਅਮਰੀਕੀ ਡਾਲਰ, 2000 ਅਮਰੀਕੀ ਡਾਲਰ ਅਤੇ 1000 ਅਮਰੀਕੀ ਡਾਲਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਟੋਕੀਓ ਪੈਰਾਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ, ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਨੇ ਰਚਿਆ ਇਤਿਹਾਸ
ਚੈਂਪੀਅਨਸ਼ਿਪ ਵਿਚ ਇਸ ਸਾਲ ਕਜ਼ਾਖਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਵਰਗੇ ਮਜ਼ਬੂਤ ਮੁੱਕੇਬਾਜ਼ੀ ਦੇਸ਼ਾਂ ਨੇ ਹਿੱਸਾ ਲਿਆ। ਇਸ ਨਾਲ ਇਸ ਵੱਕਾਰੀ ਆਯੋਜਨ ਵਿਚ ਮੁਕਾਬਲਿਆਂ ਦੇ ਪੱਧਰ ਵਿਚ ਵਾਧਾ ਦੇਖਿਆ ਗਿਆ। ਮਹਾਮਾਰੀ ਕਾਰਨ ਯੁਵਾ ਮੁੱਕੇਬਾਜ਼ ਲੰਬੇ ਸਮੇਂ ਤੋਂ ਰਿੰਗ ਵਿਚ ਮੁਕਾਬਲਾ ਨਹੀਂ ਕਰ ਪਾ ਰਹੇ ਸਨ ਪਰ ਇਸ ਆਯੋਜਨ ਨੇ ਏਸ਼ੀਆਈ ਪੱਧਰ ’ਤੇ ਹੋਨਹਾਰ ਯੁਵਾ ਪ੍ਰਤਿਭਾਵਾਂ ਨੂੰ ਰਿੰਗ ਵਿਚ ਉਤਰ ਕੇ ਆਪਣੀ ਸਮਰਥਾ ਦਾ ਮੁਲਾਂਕਣ ਕਰਨ ਦਾ ਬਿਹਤਰੀਨ ਮੌਕਾ ਪ੍ਰਦਾਨ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਹਲੀ ਦੀ ਖ਼ਰਾਬ ਫ਼ਾਰਮ 'ਤੇ ਇਰਫ਼ਾਨ ਪਠਾਨ ਦਾ ਬਿਆਨ, ਤਕਨੀਕੀ ਸਮੱਸਿਆ ਨਹੀਂ ਇਸ ਚੀਜ਼ ਤੋਂ ਹਨ ਪਰੇਸ਼ਾਨ
NEXT STORY