ਸਪੋਰਟਸ ਡੈਸਕ— ਕਪਤਾਨ ਰਾਣੀ ਰਾਮਪਾਲ ਦੇ ਚੌਥੇ ਕੁਆਰਟਰ 'ਚ ਫੈਸਲਾਕੁੰਨ ਗੋਲ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਇਥੇ ਕਲਿੰਗਾ ਸਟੇਡੀਅਮ 'ਚ ਅਮਰੀਕਾ ਨੂੰ 6-5 ਦੇ ਸਕੋਰ ਨਾਲ ਹਰਾ ਕੇ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। ਭਾਰਤੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ 'ਚ ਸ਼ੁੱਕਰਵਾਰ ਅਮਰੀਕਾ ਨੂੰ 5-1 ਨਾਲ ਹਰਾਇਆ ਸੀ ਪਰ ਦੂਜੇ ਮੈਚ 'ਚ ਅਮਰੀਕਾ ਨੇ 4-1 ਨਾਲ ਜਿੱਤ ਹਾਸਲ ਕੀਤੀ। ਭਾਰਤ ਦਾ ਦੋਵਾਂ ਮੈਚਾਂ 'ਚ ਕੁਲ ਸਕੋਰ 6 ਗੋਲ ਦਾ ਰਿਹਾ, ਜਦਕਿ ਅਮਰੀਕਾ ਦਾ 5 ਗੋਲ ਰਿਹਾ। ਭਾਰਤ ਨੇ ਇਸ ਤਰ੍ਹਾਂ ਕੁਲ 6-5 ਦੇ ਸਕੋਰ ਨਾਲ ਕੁਆਲੀਫਾਇਰ ਮੁਕਾਬਲਾ ਜਿੱਤ ਲਿਆ।
ਭਾਰਤ ਲਈ ਮਸੀਬਤ ਦੀ ਘੜੀ ਉਦੋਂ ਬਣ ਗਈ ਜਦੋਂ ਅਮਰੀਕਾ ਨੇ 4-0 ਦੀ ਬੜ੍ਹਤ ਬਣਾ ਲਈ ਸੀ ਅਤੇ ਕੁਲ ਸਕੋਰ 5-5 ਨਾਲ ਬਰਾਬਰ ਹੋ ਚੁੱਕਾ ਸੀ। ਰਾਣੀ ਰਾਮਪਾਲ ਨੇ ਆਖਰੀ ਕੁਆਰਟਰ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਮੈਦਾਨੀ ਗੋਲ ਕੀਤਾ ਅਤੇ ਭਾਰਤ ਲਈ ਇਹ ਗੋਲ ਆਖਰ 'ਚ ਫੈਸਲਾਕੁੰਨ ਸਾਬਤ ਹੋਇਆ। ਰਾਣੀ ਰਾਮਪਾਲ ਦੀ ਅਗਵਾਈ 'ਚ 9ਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਪਹਿਲੇ ਮੈਚ 'ਚ ਜਿਸ ਤਰ੍ਹਾਂ 5-1 ਨਾਲ ਹਰਾਇਆ ਸੀ, ਉਸ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਇਹ ਕੁਆਲੀਫਾਇਰ ਜਿੱਤਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਪਰ ਅਮਰੀਕੀ ਟੀਮ ਨੇ ਦੂਜੇ ਮੈਚ 'ਚ ਮੇਜ਼ਬਾਨਾਂ ਦੇ ਮੱਥੇ 'ਤੇ ਪਸੀਨਾ ਲਿਆ ਦਿੱਤਾ। ਅਮਾਂਡਾ ਮਗਦਾਨ ਨੇ ਪੰਜਵੇਂ, ਕੈਥਲੀਨ ਸ਼ਾਰਕੀ ਨੇ 14ਵੇਂ, ਐਲਿਸਾ ਪਾਰਕਰ ਨੇ 20ਵੇਂ ਅਤੇ ਅਮਾਂਡਾ ਨੇ 28ਵੇਂ ਮਿੰਟ 'ਚ ਗੋਲ ਕਰ ਕੇ ਅਮਰੀਕਾ ਨੂੰ 4-0 ਨਾਲ ਅੱਗੇ ਕਰ ਦਿੱਤਾ। ਇਕ ਸਮੇਂ ਕੁਲ ਸਕੋਰ 5-5 ਹੋ ਚੁੱਕਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਸਕੋਰ ਬਰਾਬਰ ਰਹਿਣ 'ਤੇ ਮੁਕਾਬਲਾ ਸ਼ੂਟਆਊਟ 'ਚ ਜਾ ਸਕਦਾ ਹੈ ਪਰ ਚੌਥਾ ਕੁਆਰਟਰ ਸ਼ੁਰੂ ਹੁੰਦੇ ਹੀ ਰਾਣੀ ਨੇ 48ਵੇਂ ਮਿੰਟ 'ਚ ਮੈਦਾਨੀ ਗੋਲ ਕਰ ਦਿੱਤਾ। ਭਾਰਤੀ ਮਹਿਲਾ ਟੀਮ ਇਸ ਤਰ੍ਹਾਂ ਤੀਜੀ ਵਾਰ ਓਲੰਪਿਕ ਖੇਡਣ ਉਤਰੇਗੀ। ਮਹਿਲਾ ਟੀਮ ਇਸ ਤੋਂ ਪਹਿਲਾਂ 1980 ਦੇ ਮਾਸਕੋ ਅਤੇ 2016 ਦੀਆਂ ਰੀਓ ਓਲੰਪਿਕ 'ਚ ਖੇਡੀ ਸੀ।
ਕੁਆਲੀਫਾਇਰ ਦੇ ਫਾਰਮੈਟ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ 'ਚੋਂ ਦੋ ਮੈਚ ਜਿੱਤਣ 'ਤੇ 3 ਅੰਕ ਅਤੇ ਡਰਾਅ ਰਹਿਣ 'ਤੇ 1 ਅੰਕ ਮਿਲਦਾ ਹੈ। ਭਾਰਤ ਅਤੇ ਅਮਰੀਕਾ ਦੇ 3-3 ਅੰਕ ਰਹੇ। ਇਸ ਤੋਂ ਬਾਅਦ ਗੋਲ ਔਸਤ ਦੇਖੀ ਗਈ, ਜਿਸ 'ਚ ਭਾਰਤ ਇਕ ਗੋਲ ਨਾਲ ਅੱਗੇ ਰਿਹਾ। ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ਵਿਚ ਹੋਇਆ ਸੀ, ਜਿਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ ਪਰ ਕੁਆਲੀਫਾਇਰ ਦੇ ਦੂਜੇ ਮੈਚ 'ਚ ਭਾਰਤ ਦੇ ਸਾਹ ਜਿਵੇਂ ਰੁਕ ਗਏ ਸਨ।
'ਦਿ ਗ੍ਰੇਟ ਖਲੀ' ਨੂੰ ਟੱਕਰ ਦਿੰਦੈ ਅਫਗਾਨਿਸਤਾਨੀ 'ਖਲੀ 2.0'
NEXT STORY