ਸਪੋਰਟਸ ਡੈਸਕ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਚੇਨਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਤੀਜੀ ਜਿੱਤ ਹਾਸਲ ਕਰ ਲਈ ਹੈ।

ਚੇਨਈ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਕਪਤਾਨ ਸ਼੍ਰੇਅਸ ਅਈਅਰ (34), ਸੁਨੀਲ ਨਾਰਾਇਣ (27) ਅਤੇ ਅੰਗਕ੍ਰਿਸ਼ ਰਘੁਵੰਸ਼ੀ (24) ਤੋਂ ਇਲਾਵਾ ਬਾਕੀ ਸਾਰੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ 20 ਓਵਰਾਂ 'ਚ 9 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣਾ ਸਕੀ। ਚੇਨਈ ਵੱਲੋਂ ਰਵਿੰਦਰ ਜਡੇਜਾ ਅਤੇ ਤੁਸ਼ਾਰ ਦੇਸ਼ਪਾਂਡੇ ਨੇ 3-3 ਬੱਲੇਬਾਜ਼ਾਂ ਨੂੰ ਆਊਟ ਕੀਤਾ।

138 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੇ ਓਪਨਰਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਰਚਿਨ ਰਵਿੰਦਰਾ ਤੇ ਕਪਤਾਨ ਗਾਇਕਵਾੜ ਨੇ ਪਹਿਲੀ ਵਿਕਟ ਲਈ 27 ਦੌੜਾਂ ਦੀ ਸਾਂਝੇਦਾਰੀ ਕੀਤੀ। ਰਵਿੰਦਰਾ 8 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਆਏ ਡੈਰਿਲ ਮਿਚੇਲ ਨੇ ਗਾਇਕਵਾੜ ਦਾ ਚੰਗਾ ਸਾਥ ਦਿੱਤਾ ਤੇ ਦੋਵਾਂ ਨੇ ਦੂਜੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਚੇਲ 19 ਗੇਂਦਾਂ 'ਚ 1 ਚੌਕੇ ਤੇ 1 ਛੱਕੇ ਦੀ ਮਦਦ ਨਾਲ 25 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਕੋਲਕਾਤਾ ਦੇ ਸਪਿਨਰ ਸੁਨੀਲ ਨਾਰਾਇਣ ਨੇ ਕਲੀਨ ਬੋਲਡ ਕਰ ਕੇ ਪੈਵੇਲੀਅਨ ਦਾ ਰਾਹ ਦਿਖਾਇਆ।

ਇਸ ਪਾਸਾ ਸੰਭਾਲ ਕੇ ਖੇਡ ਰਹੇ ਗਾਇਕਵਾੜ ਨੇ ਕਪਤਾਨੀ ਪਾਰੀ ਖੇਡਦੇ ਹੋਏ 45 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਡੈਰਿਲ ਮਿਚੇਲ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ਼ਿਵਮ ਦੁਬੇ ਨੇ ਗਾਇਕਵਾੜ ਦਾ ਸਾਥ ਦਿੱਤਾ ਤੇ ਤਾਬੜਤੋੜ ਚੌਕੇ ਛੱਕੇ ਲਗਾ ਕੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ।

ਆਊਟ ਹੋਣ ਤੋਂ ਪਹਿਲਾਂ ਉਸ ਨੇ 18 ਗੇਂਦਾਂ 'ਚ 1 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਤਾਬੜਤੋੜ 28 ਦੌੜਾਂ ਦੀ ਪਾਰੀ ਖੇਡੀ। ਉਸ ਦੇ ਆਊਟ ਹੋਣ ਤੋਂ ਬਾਅਦ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕ੍ਰੀਜ਼ 'ਤੇ ਆਏ ਤਾਂ ਦਰਸ਼ਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਕਪਤਾਨ ਗਾਇਕਵਾੜ ਨੇ ਜੇਤੂ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।

ਚੇਨਈ ਨੇ ਇਹ ਮੁਕਾਬਲਾ ਬਿਨਾਂ ਕਿਸੇ ਮੁਸ਼ਕਲ ਦੇ ਸਿਰਫ਼ 17.4 ਓਵਰਾਂ 'ਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਗਾਇਕਵਾੜ ਨੇ 58 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 67 ਦੌੜਾਂ ਦੀ ਨਾਬਾਦ ਪਾਰੀ ਖੇਡੀ। ਧੋਨੀ ਵੀ 3 ਗੇਂਦਾਂ 'ਚ 1 ਦੌੜ ਬਣਾ ਕੇ ਨਾਬਾਦ ਰਿਹਾ।

ਇਸ ਜਿੱਤ ਨਾਲ ਚੇਨਈ ਨੇ 5 ਮੈਚਾਂ 'ਚੋਂ 3 'ਚ ਜਿੱਤ ਦਰਜ ਕਰ ਲਈ ਹੈ ਤੇ ਉਸ ਦੇ ਹੁਣ 6 ਅੰਕ ਹੋ ਗਏ ਹਨ ਤੇ ਉਹ ਪੁਆਇੰਟਸ ਟੇਬਲ 'ਚ 6 ਅੰਕਾਂ ਨਾਲ ਚੌਥੇ ਸਥਾਨ 'ਤੇ ਬਰਕਰਾਰ ਹੈ ਜਦਕਿ ਕੋਲਕਾਤਾ ਨੂੰ 4 ਮੈਚਾਂ 'ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਬਾਵਜੂਦ ਕੇ.ਕੇ.ਆਰ. 4 ਮੈਚਾਂ 'ਚ 6 ਅੰਕਾਂ ਨਾਲ ਬਿਹਤਰ ਨੈੱਟ ਰਨ-ਰੇਟ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਕਾਬਜ਼ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਸ਼ਟਰਮੰਡਲ ਖੇਡ ਸੰਘ ਦੀ ਅਗਲੇ ਮਹੀਨੇ 2026 ਟੂਰਨਾਮੈਂਟ ਦੇ ਨਵੇਂ ਮੇਜ਼ਬਾਨ ਦਾ ਐਲਾਨ ਕਰਨ ਦੀ ਯੋਜਨਾ
NEXT STORY