ਸਪੋਰਟਸ ਡੈਸਕ- ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰਜਾਇੰਟਸ ਦੇ ਮੁਕਾਬਲੇ 'ਚ ਲਖਨਊ ਨੇ ਬੈਂਗਲੁਰੂ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ। ਲਖਨਊ ਦੀ 3 ਮੈਚਾਂ 'ਚ ਇਹ ਦੂਜੀ ਜਿੱਤ ਹੈ, ਜਦਕਿ ਬੈਂਗਲੁਰੂ ਨੂੰ ਆਪਣੇ 4 ਮੈਚਾਂ 'ਚੋਂ 3 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਪਹਿਲਾਂ ਬੈਂਗਲੁਰੂ ਦੇ ਕਪਤਾਨ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ ਨੇ ਕੁਇੰਟਨ ਡਿਕੌਕ (81) ਤੇ ਨਿਕੋਲਸ ਪੂਰਨ (40) ਦੀਆਂ ਸ਼ਾਨਦਾਰ ਪਾਰੀਆਂ ਤੋਂ ਇਲਾਵਾ ਕਪਤਾਨ ਕੇ.ਐੱਲ. ਰਾਹੁਲ (20) ਅਤੇ ਮਾਰਕਸ ਸਟਾਇਨਿਸ (24) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ ਲਖਨਊ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ।

182 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਸ਼ੁਰੂਆਤ ਚੰਗੀ ਰਹ। ਵਿਰਾਟ ਕੋਹਲੀ ਤੇ ਕਪਤਾਨ ਫਾਫ ਡੁਪਲੇਸਿਸ ਨੇ ਪਹਿਲੀ ਵਿਕਟ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਬੈਂਗਲੁਰੂ ਦੀ ਟੀਮ ਨੇ ਲਗਾਤਾਰ ਅੰਤਰਾਲ 'ਤੇ ਵਿਕਟਾਂ ਗੁਆਉਣੀਆਂ ਸ਼ੁਰੂ ਕਰ ਦਿੱਤੀਆਂ।

ਕੋਹਲੀ ਨੇ 16 ਗੇਂਦਾਂ 'ਚ 2 ਚੌਕੇ ਅਤੇ 1 ਛੱਕੇ ਦੀ ਬਦੌਲਤ 22 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਬਾਅਦ ਡੁਪਲੇਸਿਸ ਵੀ 13 ਗੇਂਦਾਂ 'ਚ 19 ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ। ਰਜਤ ਪਾਟੀਦਾਰ ਨੇ 21 ਗੇਂਦਾਂ 'ਚ 29 ਦੌੜਾਂ ਦਾ ਯੋਗਦਾਨ ਦਿੱਤਾ।

ਗਲੈਨ ਮੈਕਸਵੈੱਲ (0), ਕੈਮਰੂਨ ਗ੍ਰੀਨ (9) ਤੇ ਅਨੁਜ ਰਾਵਤ (11) ਵੀ ਸਸਤੇ 'ਚ ਪੈਵੇਲੀਅਨ ਪਰਤ ਗਏ। ਦਿਨੇਸ਼ ਕਾਰਤਿਕ ਵੀ ਕੁਝ ਖ਼ਾਸ ਨਹੀਂ ਕਰ ਸਕੇ ਤੇ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਮਹੀਪਾਲ ਲੋਮਰੋਰ ਨੇ ਅਖ਼ੀਰ 'ਚ ਕੁਝ ਸ਼ਾਨਦਾਰ ਸ਼ਾਟ ਖੇਡੇ, ਪਰ ਉਹ ਵੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ।

ਲੋਮਰੋਰ ਨੇ ਆਪਣੀ 13 ਗੇਂਦਾਂ ਦੀ ਪਾਰੀ 'ਚ 3 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਉਸ ਦੇ ਆਊਟ ਹੋਣ ਨਾਲ ਬੈਂਗਲੁਰੂ ਦੀਆਂ ਉਮੀਦਾਂ ਵੀ ਲਗਭਗ ਖ਼ਤਮ ਹੋ ਗਈਆਂ। ਉਸ ਤੋਂ ਬਾਅਦ ਕੋਈ ਬੱਲੇਬਾਜ਼ ਕੁਝ ਖ਼ਾਸ ਨਾ ਕਰ ਸਕਿਆ ਤੇ ਪੂਰੀ ਟੀਮ 20 ਓਵਰਾਂ 'ਚ 153 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਲਖਨਊ ਦੇ ਨੌਜਵਾਨ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਿਰਾ ਕੀਤਾ ਤੇ 4 ਓਵਰਾਂ ਦੀ ਗੇਂਦਬਾਜ਼ੀ 'ਚ ਸਿਰਫ਼ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ ਤੇ ਨਵੀਨ ਉਲ ਹੱਕ ਨੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਮਾਰਕਸ ਸਟਾਇਨਿਸ ਅਤੇ ਐੱਮ. ਸਿਧਾਰਥ ਨੂੰ 1-1 ਵਿਕਟ ਮਿਲੀ। ਸ਼ਾਨਦਾਰ ਗੇਂਦਬਾਜ਼ੀ ਲਈ ਮਯੰਕ ਯਾਦਵ ਨੂੰ 'ਪਲੇਅਰ ਆਫ਼ ਦਿ ਮੈਚ' ਐਲਾਨਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਰਜੁਨ ਇਰੀਗਾਸੀ ਬਣੇ ਭਾਰਤ ਦੇ ਨੰਬਰ ਇਕ ਸ਼ਤਰੰਜ ਖਿਡਾਰੀ
NEXT STORY