ਸਪੋਰਟਸ ਡੈਸਕ- ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਰਿਕਾਰਡਤੋੜ ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਦਿਨੇਸ਼ ਕਾਰਤਿਕ ਤੇ ਕਪਤਾਨ ਡੁਪਲੇਸਿਸ ਦੇ ਧਮਾਕੇਦਾਰ ਅਰਧ ਸੈਂਕੜਿਆਂ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 25 ਦੌੜਾਂ ਨਾਲ ਹਰਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ।
ਇਸ ਤੋਂ ਪਹਿਲਾਂ ਬੈਂਗਲੁਰੂ ਦੇ ਕਪਤਾਨ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਦੋਵਾਂ ਹੱਥਾਂ ਨਾਲ ਖੁਸ਼ ਹੋ ਕੇ ਕਬੂਲਿਆ।
ਹੈਦਰਾਬਾਦ ਦੇ ਓਪਨਰਾਂ ਦੇ ਸ਼ਾਨਦਰਾ ਪ੍ਰਦਰਸ਼ਨ ਤੋਂ ਬਾਅਦ ਟ੍ਰੈਵਿਸ ਹੈੱਡ (102) ਦੇ ਰਿਕਾਰਡ 39 ਗੇਂਦਾਂ 'ਚ ਜੜੇ ਗਏ ਸੈਂਕੜੇ ਤੋਂ ਬਾਅਦ ਹੈਨਰਿਕ ਕਲਾਸੇਨ (67) ਦੇ ਤੂਫ਼ਾਨੀ ਅਰਧ ਸੈਂਕੜੇ ਦੀ ਬਦੌਲਤ ਆਈ.ਪੀ.ਐੱਲ. ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਟੀਮ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 287 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕਰ ਦਿੱਤਾ।
ਇਸ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਲਈ ਇਹ ਟੀਚਾ ਚਾਹੇ ਬਹੁਤ ਮੁਸ਼ਕਲ ਸੀ, ਪਰ ਫਿਰ ਵੀ ਓਪਨਰ ਵਿਰਾਟ ਕੋਹਲੀ ਤੇ ਕਪਤਾਨ ਡੁਪਲੇਸਿਸ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਪਹਿਲੀ ਵਿਕਟ ਲਈ 6 ਓਵਰਾਂ 'ਚ ਹੀ 80 ਦੌੜਾਂ ਜੜ ਦਿੱਤੀਆਂ। ਪਰ ਵਿਰਾਟ ਕੋਹਲੀ ਵੱਡੇ ਟੀਚੇ ਦੇ ਦਬਾਅ ਹੇਠ ਆ ਕੇ 20 ਗੇਂਦਾਂ 'ਚ 42 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ 'ਚ 6 ਚੌਕੇ ਤੇ 2 ਛੱਕੇ ਲਗਾਏ।
ਇਸ ਤੋਂ ਬਾਅਦ ਵਿਲ ਜੈਕਸ 7 ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ। ਰਜਤ ਪਾਟੀਦਾਰ ਵੀ ਸਿਰਫ਼ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਕਪਤਾਨ ਡੁਪਲੇਸਿਸ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਉਹ 28 ਗੇਂਦਾਂ 'ਚ 7 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾ ਕੇ ਆਊਟ ਹੋ ਗਿਆ।
ਉਸ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਿਹਾ ਸੌਰਵ ਚੌਹਾਨ ਵੀ ਪਹਿਲੀ ਗੇਂਦ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਮਹੀਪਾਲ ਲੋਮਰੋਰ 11 ਗੇਂਦਾਂ 'ਚ 19 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣਿਆ।
ਬੈਂਗਲੁਰੂ ਲਈ ਦਿਨੇਸ਼ ਕਾਰਤਿਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਉਣ ਲਈ ਪੂਰੀ ਜਾਨ ਲਗਾ ਦਿੱਤੀ, ਪਰ ਉਹ ਵੀ ਆਖ਼ਿਰ ਹਾਰ ਗਿਆ ਤੇ 35 ਗੇਂਦਾਂ 'ਚ 5 ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤਰ੍ਹਾਂ ਬੈਂਗਲੁਰੂ ਇਹ ਮੁਕਾਬਲਾ 25 ਦੌੜਾਂ ਨਾਲ ਹਾਰ ਗਈ।
ਇਸ ਜਿੱਤ ਦੇ ਨਾਲ ਹੈਦਰਾਬਾਦ ਦੇ 6 ਮੈਚਾਂ 'ਚ 4 ਜਿੱਤਾਂ ਨਾਲ 8 ਅੰਕ ਹੋ ਗਏ ਹਨ ਤੇ ਉਹ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਬੈਂਗਲੁਰੂ ਨੂੰ 7 ਮੈਚਾਂ 'ਚੋਂ ਸਿਰਫ਼ 1 ਜਿੱਤ ਮਿਲੀ ਹੈ, ਜਦਕਿ 6 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ ਉਹ ਹਾਲੇ ਵੀ ਪੁਆਇੰਟ ਟੇਬਲ 'ਚ ਸਭ ਤੋਂ ਹੇਠਾਂ 10ਵੇਂ ਸਥਾਨ 'ਤੇ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੋ ਰਿਕਾਰਡ 11 ਸਾਲਾਂ 'ਚ ਨਾ ਟੁੱਟਿਆ, SRH ਨੇ ਇਕੋ ਸੀਜ਼ਨ 'ਚ 2 ਵਾਰ ਤੋੜਿਆ, ਜੜ ਦਿੱਤੀਆਂ 287 ਦੌੜਾਂ
NEXT STORY