ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ 2 ਸਤੰਬਰ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਇਸ਼ਾਂਤ ਸ਼ਰਮਾ ਟੀਮ ਇੰਡੀਆ ਦੇ ਬਿਹਤਰੀਨ ਗੇਂਦਬਾਜ਼ਾਂ ਵਿਚੋਂ ਇਕ ਹਨ। ਇਸ਼ਾਂਤ ਸ਼ਰਮਾ ਦਾ ਜਨਮ 1988 ਵਿਚ ਦਿੱਲੀ ਵਿਖੇ ਹੋਇਆ ਸੀ। ਵੱਧਦੀ ਉਮਰ ਦਾ ਕੋਈ ਅਸਰ ਉਸਦੀ ਖੇਡ ’ਤੇ ਨਹੀਂ ਦਿਸ ਰਿਹਾ ਅਤੇ ਉਹ ਇਸ ਸਮੇਂ ਆਪਣੇ ਕਰੀਅਰ ਦੇ ਸੁਨਿਹਰੀ ਦੌਰ ਵਿਚੋਂ ਗੁਜ਼ਰ ਰਹੇ ਹਨ। ਵੈਸਟਇੰਡੀਜ਼ ਖਿਲਾਫ ਕਿੰਗਸਟਨ ਵਿਚ ਚਲ ਰਿਹਾ ਦੂਜਾ ਟੈਸਟ ਤਾਂ ਉਸ ਲਈ ਵਿਸ਼ਵਾਸ ਨਾ ਕਰਨ ਵਾਲਾ ਬਣ ਗਿਆ ਹੈ। ਇਸ਼ਾਂਤ ਨੇ ਇਸ ਮੈਚ ਦੌਰਾਨ ਅਰਧ ਸੈਂਕੜਾ ਲਗਾਇਆ ਅਤੇ ਆਪਣੇ ਟੈਸਟ ਕਰੀਅਰ ਦਾ ਸਰਵਉੱਚ ਸਕੋਰ ਬਣਾਇਆ। ਉਸਨੇ ਮਹਾਨ ਆਲਰਾਊਂਡਰ ਕਪਿਲ ਦੇਵ ਦਾ ਖਾਸ ਰਿਕਾਰਡ ਵੀ ਤੋੜ ਦਿੱਤਾ।

ਕਪਿਲ ਦੇਵ ਨੂੰ ਛੱਡਿਆ ਪਿੱਛੇ

ਇਸ਼ਾਂਤ ਨੇ ਵਿੰਡੀਜ਼ ਖਿਲਾਫ ਦੂਜੇ ਟੈਸਟ ਵਿਚ ਭਾਰਤ ਦੀ ਪਹਿਲੀ ਪਾਰੀ ਵਿਚ 57 ਦੌੜਾਂ ਬਣਾਈਆਂ। ਉਸਨੇ ਵਿੰਡੀਜ਼ ਦੀ ਪਹਿਲੀ ਪਾਰੀ ਵਿਚ ਜਹਿਮਾਰ ਹੈਮਿਲਟਨ ਦਾ ਵਿਕਟ ਲੈਂਦਿਆਂ ਹੀ ਏਸ਼ੀਆ ਦੇ ਬਾਹਰ ਆਪਣੇ ਟੈਸਟ ਵਿਕਟਾਂ ਦੀ ਗਿਣਤੀ ਨੂੰ 156 ਤੱਕ ਪਹੁੰਚਾ ਦਿੱਤਾ ਅਤੇ ਕਪਿਲ ਦੇਵ ਦਾ 155 ਵਿਕਟਾਂ ਦਾ ਰਿਕਾਰਡ ਤੋੜ ਦਿੱਤਾ। ਇਸ ਮਾਮਲੇ ਵਿਚ ਹੁਣ ਸਿਰਫ ਅਨਿਲ ਕੁੰਬਲੇ ਹੀ (200 ਵਿਕਟਾਂ) ਉਸ ਤੋਂ ਅੱਗੇ ਹਨ। ਭਾਰਤ ਦੇ ਇਸ ਲੰਬੇ ਅਤੇ ਦੁਬਲੇ-ਪਤਲੇ ਤੇਜ਼ ਗੇਂਦਬਾਜ਼ ਨੇ ਟੈਸਟ ਡੈਬਿਯੂ ਮਈ 2007 ਵਿਚ ਢਾਕਾ ਵਿਖੇ ਬੰਗਲਾਦੇਸ਼ ਖਿਲਾਫ ਕੀਤਾ ਸੀ। ਇਸ ਦੌਰਾਨ ਉਸ ਦੇ ਕਰੀਅਰ ਵਿਚ ਕਈ ਉਤਰਾਅ ਚੜਾਅ ਆਏ ਅਤੇ ਇਸਦੇ ਚਲਦੇ ਉਹ ਲੰਬੇ ਸਮੇਂ ਤੱਕ ਟੀਮ ’ਚੋਂ ਬਾਹਰ ਵੀ ਰਹੇ। ਸਾਲ 2018 ਵਿਚ ਉਸਦੀ ਕਿਸਮਤ ਬਦਲੀ ਅਤੇ ਉਸਨੇ ਪਿਛਲੇ 2 ਸਾਲਾਂ ਵਿਚ 13 ਟੈਸਟ ਖੇਡ ਕੇ 50 ਵਿਕਟਾਂ ਹਾਸਲ ਕੀਤੀਆਂ।
ਸਰਵਸ੍ਰੇਸ਼ਠ ਪ੍ਰਦਰਸ਼ਨ

ਇਸ਼ਾਂਤ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਲਾਡਸ ਵਿਖੇ 2014 ਵਿਚ ਕੀਤਾ। ਇਸ ਦੂਜੇ ਟੈਸਟ ਵਿਚ ਇੰਗਲੈਂਡ ਦੇ ਸਾਹਮਣੇ ਜਿੱਤ ਲਈ 319 ਦੌੜਾਂ ਦਾ ਟੀਚਾ ਸੀ ਪਰ ਇਸ਼ਾਂਤ ਦੀ ਖਤਰਨਾਕ ਗੇਂਦਬਾਜ਼ੀ (74 ਦੌੜਾਂ, 7 ਵਿਕਟਾਂ) ਕਾਰਨ ਇੰਗਲੈਂਡ ਦੀ ਪਾਰੀ 223 ਦੌੜਾਂ ’ਤੇ ਸਿਮਟ ਗਈ। ਭਾਰਤ ਨੇ 95 ਦੌੜਾਂ ਨਾਲ ਇਹ ਟੈਸਟ ਮੈਚ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ ਬੜ੍ਹਤ ਬਣਾਈ ਸੀ। ਇਸ਼ਾਂਤ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ ਦਿ ਮੈਚ’ ਖਿਤਾਬ ਵੀ ਦਿੱਤਾ ਗਿਆ। ਇਸ਼ਾਂਤ 92ਵਾਂ ਟੈਸਟ ਖੇਡ ਰਹੇ ਹਨ ਅਤੇ ਹੁਣ ਤੱਕ ਉਹ 276 ਸ਼ਿਕਾਰ ਕਰ ਚੁੱਕੇ ਹਨ। ਉਹ ਇਸ ਤੋਂ ਇਲਾਵਾ 80 ਵਨ ਡੇ ਮੈਚਾਂ ਵਿਚ 115 ਅਤੇ 14 ਟੀ-20 ਮੈਚਾਂ ਵਿਚ 8 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ।
ਇਸ਼ਾਂਤ ਦੀ ਲਵ ਸਟੋਰੀ

ਕ੍ਰਿਕਟ ਤੋਂ ਇਲਾਵਾ ਇਸ਼ਾਂਤ ਸ਼ਰਮਾ ਆਪਣੀ ਲਵ ਸਟੋਰੀ ਨੂੰ ਲੈ ਕੇ ਵੀ ਸੁਰਖੀਆਂ ’ਚ ਰਹੇ ਹਨ। ਇਸ਼ਾਂਤ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ ਇਸ਼ਾਂਤ ਨੇ ਪ੍ਰਤਿਮਾ ਸਿੰਘ ਨਾਲ ਵਿਆਹ ਕੀਤਾ ਹੈ ਜੋ ਖੁੱਦ ਇਕ ਬਾਸਕੇਟਬਾਲ ਖਿਡਾਰਨ ਹੈ ਅਤੇ ਉਹ ਭਾਰਤ ਦੀ ਮਹਿਲਾ ਬਾਸਕੇਟਬਾਲ ਟੀਮ ਦਾ ਹਿੱਸਾ ਵੀ ਹੈ। ਦੋਵੇਂ 2011 ਵਿਚ ਇਕ-ਦੂਜੇ ਨਾਲ ਮਿਲੇ ਸੀ ਜਿੱਥੇ ਇਸ਼ਾਂਤ ਨੂੰ ਉਸ ਨਾਲ ਪਹਿਲੀ ਨਜ਼ਰ ’ਚ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਇਸ਼ਾਂਤ ਨੇ 10 ਦਸੰਬਰ 2016 ਵਿਚ ਪ੍ਰਤਿਮਾ ਨਾਲ ਵਿਆਹ ਕਰ ਲਿਆ। ਇਸ਼ਾਂਤ ਨੇ ਖੁੱਦ ਇਕ ਸ਼ੋਅ ਦੌਰਾਨ ਪ੍ਰਤਿਮਾ ਸਿੰਘ ਨਾਲ ਮੁਲਾਕਾਤ ਬਾਰੇ ਦੱਸਿਆ ਸੀ। ਉਸਨੇ ਕਿਹਾ ਸੀ ਕਿ ਦਿੱਲੀ ਦੇ ਆਈ. ਜੀ. ਐੱਮ. ਏ. ਲੀਗ ਵਿਚ ਇਸ਼ਾਂਤ ਬਤੌਰ ਚੀਫ ਗੈਸਟ ਸ਼ਾਮਲ ਸਨ। ਇਸ ਦੌਰਾਨ ਪ੍ਰਤਿਮਾ ਸੱਟ ਕਾਰਨ ਮੁਕਾਬਲਾ ਨਹੀਂ ਖੇਡ ਰਹੀ ਸੀ ਪਰ ਉਹ ਸਕੋਰਰ ਦੀ ਭੂਮਿਕਾ ਨਿਭਾ ਰਹੀ ਸੀ ਅਤੇ ਇਸ਼ਾਂਤ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਪ੍ਰਤਿਮਾ ਵੀ ਇਕ ਖਿਡਾਰਨ ਹੈ ਅਤੇ ਉਸ ਨੇ ਕਿਹਾ ਕਿ ਇਹ ਸਕੋਰਰ ਕਾਫੀ ਸੋਹਣੀ ਹੈ। ਜਿਵੇਂ ਹੀ ਉਸ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਇਸ਼ਾਂਤ ਨੇ ਪ੍ਰਤਿਮਾ ਨੂੰ ਫ੍ਰੈਂਡ ਰਿਕੁਐਸਟ ਭੇਜੀ। ਫਿਰ ਦੋਵਾਂ ਵਿਚਾਲੇ ਦੋਸਤੀ ਹੋਈ ਅਤੇ ਫਿਰ ਪਿਆਰ।
ਵਿਰਾਟ ਨੇ ਟੈਸਟ ਕ੍ਰਿਕਟ ’ਚ ਗੋਲਡਨ ਡਕ ਮਾਮਲੇ ’ਚ ਬਣਾਇਆ ਇਹ ਸ਼ਰਮਨਾਕ ਰਿਕਾਰਡ
NEXT STORY