ਸ਼ਾਰਜਾਹ- ਕਪਤਾਨ ਸ਼੍ਰੇਅਸ ਅਈਅਰ (ਅਜੇਤੂ 88), ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (66) ਅਤੇ ਵਿਕਟਕੀਪਰ ਰਿਸ਼ਭ ਪੰਤ (38) ਦੀ ਧਮਾਕੇਦਾਰ ਪਾਰੀਆਂ ਨਾਲ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸ਼ਾਰਜਾਹ ਦੇ ਛੋਟੇ ਮੈਦਾਨ 'ਤੇ ਵੱਡੇ ਸਕੋਰ ਅਤੇ ਛੱਕਿਆਂ ਦੇ ਮੀਂਹ ਵਾਲੇ ਮੁਕਾਬਲੇ 'ਚ ਸ਼ਨੀਵਾਰ ਨੂੰ 18 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-13 'ਚ ਚਾਰ ਮੈਚਾਂ 'ਚ ਤੀਜੀ ਜਿੱਤ ਦਰਜ ਕੀਤੀ ਅਤੇ ਅੰਕ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਦਿੱਲੀ ਨੇ 20 ਓਵਰਾਂ 'ਚ ਤਿੰਨ ਵਿਕਟਾਂ 'ਤੇ 228 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਕੋਲਕਾਤਾ ਦੀ ਚੁਣੌਤੀ ਨੂੰ 8 ਵਿਕਟਾਂ 'ਤੇ 210 ਦੌੜਾਂ 'ਤੇ ਰੋਕ ਦਿੱਤਾ। ਦਿੱਲੀ ਵਲੋਂ ਚਾਰ ਮੈਚਾਂ 'ਚ ਇਹ ਤੀਜੀ ਜਿੱਤ ਰਹੀ, ਜਦਕਿ ਕੋਲਕਾਤਾ ਨੂੰ ਚਾਰ ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਦਾ ਇਹ ਸਕੋਰ ਆਈ. ਪੀ. ਐੱਲ.-13 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਸ਼ਾਰਜਾਹ ਦੇ ਛੋਟੇ ਮੈਦਾਨ 'ਤੇ ਲਗਾਤਾਰ 6ਵੀਂ ਪਾਰੀ 'ਚ 200 ਤੋਂ ਉੱਪਰ ਦਾ ਸਕੋਰ ਬਣਾਇਆ ਅਤੇ ਦਿੱਲੀ ਦਾ ਚੁਣੌਤੀਪੂਰਨ ਸਕੋਰ ਆਖਰ 'ਚ ਫੈਸਲਾਕੁੰਨ ਸਾਬਤ ਹੋਇਆ। ਕਪਤਾਨ ਅਈਅਰ ਨੇ 38 ਗੇਂਦਾਂ 'ਤੇ 7 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਪ੍ਰਿਥਵੀ ਨੇ 41 ਗੇਂਦਾਂ 'ਤੇ 66 ਦੌੜਾਂ 'ਚ 4 ਚੌਕੇ ਅਤੇ ਚਾਰ ਛੱਕੇ ਲਗਾਏ। ਵਿਕਟਕੀਪਰ ਰਿਸ਼ਭ ਪੰਤ ਨੇ 17 ਗੇਂਦਾਂ 'ਚ 38 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਦੀ ਪਾਰੀ 'ਚ 18 ਚੌਕੇ ਅਤੇ 14 ਛੱਕੇ ਲੱਗੇ। ਦਿੱਲੀ ਆਖਰੀ 5 ਓਵਰਾਂ 'ਚ 77 ਦੌੜਾਂ ਬਣਾਈਆਂ। ਦਿੱਲੀ ਨੇ ਇਸ ਮੈਦਾਨ 'ਤੇ ਰਾਜਸਥਾਨ ਰਾਇਲਜ਼ ਦੇ 226 ਦੌੜਾਂ ਦੇ ਸਕੋਰ ਨੂੰ ਪਿੱਛੇ ਛੱਡ ਆਈ. ਪੀ. ਐੱਲ.-13 ਸੈਸ਼ਨ ਦਾ ਟਾਪ ਸਕੋਰ ਬਣਾਇਆ।
ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਸ਼ੁੱਭਮਨ ਗਿੱਲ ਅਤੇ ਨਿਤੀਸ਼ ਰਾਣਾ ਨੂੰ ਛੱਡ ਚੋਟੀ ਦੇ ਕ੍ਰਮ ਦਾ ਕੋਈ ਹੋਰ ਬੱਲੇਬਾਜ਼ ਦਿੱਲੀ ਦੇ ਗੇਂਦਬਾਜ਼ਾਂ ਦੇ ਸਾਹਮਣੇ ਚੁਣੌਤੀ ਪੇਸ਼ ਨਹੀਂ ਕਰ ਸਕਿਆ ਪਰ ਬਾਅਦ 'ਚ ਇਯੋਨ ਮੋਰਗਨ ਅਤੇ ਰਾਹੁਲ ਤ੍ਰਿਪਾਠੀ ਨੇ ਛੱਕੇ ਲਗਾਏ ਅਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਕੋਲਕਾਤਾ ਦੀ ਪਾਰੀ 'ਚ 12 ਚੌਕੇ ਅਤੇ 14 ਛੱਕੇ ਲੱਗੇ। ਗਿੱਲ ਨੇ 22 ਗੇਂਦਾਂ 'ਤੇ 28 ਦੌੜਾਂ, ਰਾਣਾ ਨੇ 35 ਗੇਂਦਾਂ 'ਤੇ 58 ਦੌੜਾਂ ਬਣਾਈਆਂ।
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
IPL 2020 : ਭੁਵਨੇਸ਼ਵਰ ਦੀ ਸੱਟ ਨਾਲ ਵੱਧ ਸਕਦੀਆਂ ਹਨ ਹੈਦਰਾਬਾਦ ਦੀਆਂ ਮੁਸ਼ਕਲਾਂ
NEXT STORY