ਅਹਿਮਦਾਬਦ (ਭਾਸ਼ਾ) : ਜੇਤੂ ਲੈਅ ਬਰਕਰਾਰ ਰੱਖਣ ਲਈ ਬੇਤਾਬ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਬੱਲੇਬਾਜ਼ਾਂ ਦੀ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮੈਚ ਵਿਚ ਦਿੱਲੀ ਕੈਪੀਟਲਸ ਦੀ ਦਮਦਾਰ ਗੇਂਦਬਾਜ਼ੀ ਦੇ ਸਾਹਮਣੇ ਸਖ਼ਤ ਪ੍ਰੀਖਿਆ ਹੋਵੇਗੀ। ਕੇ.ਕੇ.ਆਰ. ਸ਼ੁਰੂ ਤੋਂ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਹੈ। ਉਸ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤੱਕ 6 ਮੈਚਾਂ ਵਿਚ ਸਿਰਫ਼ 89 ਦੌੜਾਂ ਬਣਾਈਆਂ ਹਨ। ਕੇ.ਕੇ.ਆਰ. ਦਾ ਗੇਂਦਬਾਜ਼ੀ ਵਿਭਾਗ, ਖ਼ਾਸਕਰ ਸਪਿਨਰ ਸੁਨੀਲ ਨਾਰਾਇਣ ਅਤੇ ਵਰੁਣ ਚੱਕਰਵਰਤੀ ਵਿਰੋਧੀ ਟੀਮ ਦੇ ਬੱਲੇਬਾਜ਼ਾਂ ’ਤੇ ਕਾਬੂ ਪਾਉਣ ਵਿਚ ਸਫ਼ਲ ਰਹੇ ਹਨ ਪਰ ਸਿਖ਼ਰ ਕ੍ਰਮ ਦੇ ਬੱਲੇਬਾਜ਼ਾਂ ਦੀ ਅਸਫ਼ਲਤਾ ਉਸ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਹੀ ਹੈ।
ਪੰਜਾਬ ਕਿੰਗਜ਼ ਖ਼ਿਲਾਫ਼ ਪਿਛਲੇ ਮੈਚ ਵਿਚ 124 ਦੌੜਾਂ ਦੇ ਆਸਾਨ ਟੀਚੇ ਦੇ ਸਾਹਮਣੇ ਕੇ.ਕੇ.ਆਰ. ਦਾ ਸਿਖ਼ਰ ਕ੍ਰਮ ਬਿਖਰ ਗਿਆ ਅਤੇ ਉਸ ਦਾ ਸਕੋਰ ਤਿੰਨ ਵਿਕਟਾਂ ’ਤੇ 17 ਦੌੜਾਂ ’ਤੇ ਸਿਮਟ ਗਿਆ। ਇਸ ਤੋਂ ਬਾਅਦ ਕਪਤਾਨ ਈਓਨ ਮੋਰਗਨ ਨੇ ਜ਼ਿੰਮੇਦਾਰੀ ਸੰਭਾਲੀ ਅਤੇ ਟੀਮ ਦੀ ਚਾਰ ਮੈਚਾਂ ਦੀ ਹਾਰ ਦੀ ਲੜੀ ਤੋੜ ਦਿੱਤੀ। ਦਿੱਲੀ ਕੈਪੀਟਲਸ ਕੋਲ ਸ਼ਿਖਰ ਧਵਨ (265 ਦੌੜਾਂ), ਪਿ੍ਰਥਵੀ ਸ਼ਾਹ, ਸਟੀਵ ਸਮਿਥ ਅਤੇ ਕਪਤਾਨ ਰਿਸ਼ਭ ਪੰਤ ਵਰਗੇ ਬੱਲੇਬਾਜ਼ ਹਨ ਅਤੇ ਇਨ੍ਹਾਂ ਦੀ ਬਰਾਬਰੀ ਕਰਨ ਲਈ ਕੇ.ਕੇ.ਆਰ. ਦੇ ਬੱਲੇਬਾਜ਼ਾਂ ਨੂੰ ਵਧੇਰੇ ਕੋਸ਼ਿਸ਼ ਕਰਨੀ ਪਵੇਗੀ। ਮੋਰਗਨ ਨੂੰ ਇਸ ਲਈ ਸਭ ਤੋਂ ਪਹਿਲਾਂ ਗਿੱਲ ਦੇ ਫਾਰਮ ਬਾਰੇ ਸੋਚਣਾ ਪਏਗਾ, ਜਿਸ ਨੇ ਹੁਣ ਤੱਕ 15, 33, 21, 0, 11 ਅਤੇ 9 ਦੌੜਾਂ ਬਣਾਈਆਂ ਹਨ। ਅਜਿਹੇ ਵਿਚ ਗਿੱਲ ਨੂੰ ਮੱਧਮ ਕ੍ਰਮ ਵਿਚ ਭੇਜ ਕੇ ਰਾਹੁਲ ਤ੍ਰਿਪਾਠੀ ਨਾਲ ਸੁਨੀਲ ਨਾਰਾਇਣ ਨੂੰ ਪਾਰੀ ਦਾ ਆਗਾਜ਼ ਕਰਨ ਲਈ ਭੇਜਣਾ ਗਲਤ ਫੈਸਲਾ ਨਹੀਂ ਹੋਵੇਗਾ।
ਦਿੱਗਜ ਸੁਨੀਲ ਗਾਵਸਕਰ ਨੇ ਵੀ ਅਜਿਹਾ ਸੁਝਾਅ ਦਿੱਤਾ ਹੈ। ਪਿਛਲੇ ਮੈਚ ਵਿਚ ਦਿੱਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ ਹਾਰ ਗਈ ਸੀ। ਦਿੱਲੀ ਦੀ ਟੀਮ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 4 ਵਿਕਟਾਂ ’ਤੇ 92 ਦੌੜਾਂ ਦੇ ਸਕਰ ’ਤੇ ਸੰਘਰਸ਼ ਕਰ ਰਹੀ ਸੀ। ਸ਼ਿਮਰੋਨ ਹੇਟਮੇਅਰ ਅਤੇ ਪੰਤ ਨੇ ਅਰਧ ਸੈਂਕੜੇ ਦੀ ਮਦਦ ਨਾਲ ਸਥਿਤੀ ਸੰਭਾਲੀ ਪਰ ਆਖਰੀ ਗੇਂਦ ਤੱਕ ਚੱਲੇ ਰੋਮਾਂਚ ਵਿਚ ਦਿੱਲੀ ਹਾਰ ਗਈ। ਇਸ ਮੈਚ ਵਿਚ ਹੇਟਮੇਅਰ ਅਤੇ ਆਂਦਰੇ ਰਸਲ ਵਿਚਾਲੇ ਵੀ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਰਸਲ ਨੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ਼ 22 ਗੇਂਦਾਂ ’ਤੇ 54 ਦੌੜਾਂ ਬਣਾਈਆਂ, ਪਰ ਇਸ ਤੋਂ ਇਲਾਵਾ ਉਹ ਆਪਣਾ ਜਲਵਾ ਦਿਖਾਉਣ ਵਿਚ ਅਸਫ਼ਲ ਰਹੇ ਹਨ। ਰਵੀਚੰਦਰਨ ਅਸ਼ਵਿਨ ਦੇ ਹੱਟ ਜਾਣ ਦੇ ਬਾਵਜੂਦ ਦਿੱਲੀ ਦੀ ਗੇਂਦਬਾਜ਼ੀ ਮਜ਼ਬੂਤ ਹੈ ਅਤੇ ਕੇ.ਕੇ.ਆਰ. ਦੇ ਬੱਲੇਬਾਜ਼ਾਂ ਨੂੰ ਈਸ਼ਾਂਤ ਸ਼ਰਮਾ, ਕੈਗਿਸੋ ਰਬਾਡਾ, ਆਵੇਸ਼ ਖਾਨ, ਅਮਿਤ ਮਿਸ਼ਰਾ ਅਤੇ ਅਕਸ਼ਰ ਪਟੇਲ ਦੇ ਸਾਹਮਣੇ ਕੇ.ਕੇ.ਆਰ. ਦੇ ਬੱਲੇਬਾਜ਼ਾਂ ਦੀ ਸਖ਼ਤ ਪ੍ਰੀਖਿਆ ਹੋਵੇਗੀ।
ਟੀਮਾਂ ਇਸ ਪ੍ਰਕਾਰ ਹਨ:
ਦਿੱਲੀ ਕੈਪੀਟਲਸ: ਰਿਸ਼ਭ ਪੰਤ (ਕਪਤਾਨ), ਸ਼ਿਖਰ ਧਵਨ, ਪਿ੍ਰਥਵੀ ਸ਼ਾਹ, ਅਜਿੰਕਿਆ ਰਹਾਣੇ, ਸ਼ਿਮਰੋਨ ਹੇਟਮੇਅਰ, ਮਾਰਕਸ ਸਟੋਈਨਿਸ, ਕ੍ਰਿਸ ਵੋਕਸ, ਸ਼ਮਸ ਮੁਲਾਨੀ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਨ ਦੂਬੇ, ਕਗਿਸੋ ਰਬਾਡਾ, ਐਨਰਿਚ ਨੌਰਟਜੇ, ਇਸ਼ਾਂਤ ਸ਼ਰਮਾ, ਅਵੇਸ਼ ਖਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਾਲ ਪਟੇਲ, ਵਿਸ਼ਨੂੰ ਵਿਨੋਦ, ਲੁਕਮਾਣ ਮੈਰੀਵਾਲਾ, ਐਮ ਸਿਧਾਰਥ, ਟੌਮ ਕਰੇਨ, ਸੈਮ ਬਿਲਿੰਗਜ਼ ਅਤੇ ਅਨਿਰੁੱਧ ਜੋਸ਼ੀ ਹਨ।
ਕੋਲਕਾਤਾ ਨਾਈਟ ਰਾਈਡਰਜ਼: ਈਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਟਿਮ ਸਿਫ਼ਰਟ, ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਾਰਾਇਣ, ਕੁਲਦੀਪ ਯਾਦਵ, ਸ਼ਿਵਮ ਮਾਵੀ, ਲਾਕੀ ਫਰਗੁਸਨ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਸੰਦੀਪ ਵਾਰੀਅਰ, ਪ੍ਰਸਿੱਧ ਕ੍ਰਿਸ਼ਨਾ, ਰਾਹੁਲ ਤਿ੍ਰਪਾਠੀ, ਵਰੁਣ ਚੱਕਰਵਰਤੀ, ਸ਼ਾਕਿਬ ਅਲ ਹਸਨ, ਸ਼ੈਲਡਨ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੁਣ ਨਾਇਰ, ਬੇਨ ਕਟਿੰਗ, ਵੈਂਕਟੇਸ਼ ਅਈਅਰ ਅਤੇ ਪਵਨ ਨੇਗੀ ਸ਼ਾਮਲ ਹਨ।
ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਕ੍ਰਿਕਟਰ ਮੁਹੰਮਦ ਸ਼ਮੀ ਦੇ ਸਾਲੇ ਦੀ ਕੋਰੋਨਾ ਨਾਲ ਮੌਤ, ਹਸੀਨ ਜਹਾਂ ਨੇ ਹਸਪਤਾਲ ’ਤੇ ਲਾਏ ਗੰਭੀਰ ਦੋਸ਼
NEXT STORY