ਮਾਪੁਸਾ (ਗੋਆ), (ਭਾਸ਼ਾ)- ਭਾਰਤੀ ਟੇਬਲ ਟੈਨਿਸ ਖਿਡਾਰਨਾਂ ਮਨਿਕਾ ਬੱਤਰਾ, ਸ੍ਰੀਜਾ ਅਕੁਲਾ ਅਤੇ ਅਰਚਨਾ ਕਾਮਤ ਨੇ ਸ਼ਨੀਵਾਰ ਨੂੰ ਇੱਥੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਵਿਸ਼ਵ ਟੇਬਲ ਟੈਨਿਸ (ਡਬਲਯੂ.ਟੀ.ਟੀ.) ਸਟਾਰ ਕੰਟੈਂਡਰ ਗੋਆ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਵਿਸ਼ਵ ਦੀ 38ਵੀਂ ਰੈਂਕਿੰਗ ਵਾਲੀ ਮਨਿਕਾ ਨੇ ਦੱਖਣੀ ਕੋਰੀਆ ਦੀ ਸੁਹ ਹਯੋ ਵੋਨ 'ਤੇ 3-1 (11-6, 9-11, 11-9, 11-7) ਨਾਲ ਆਸਾਨ ਜਿੱਤ ਦਰਜ ਕੀਤੀ। ਹੈਦਰਾਬਾਦ ਦੀ 25 ਸਾਲਾ ਅਕੁਲਾ ਨੇ ਵੀ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਵਿਸ਼ਵ ਦੀ 30ਵੇਂ ਨੰਬਰ ਦੀ ਹਾਨਾ ਗੋਡਾ ਨੂੰ 3-0 (11-8, 11-6, 14-12) ਨਾਲ ਹਰਾਇਆ। ਇਸ ਤੋਂ ਪਹਿਲਾਂ ਕਾਮਤ ਨੇ ਪੁਰਤਗਾਲ ਦੇ ਜਿਏਨੀ ਸ਼ਾਓ 'ਤੇ 3-2 ਦੀ ਰੋਮਾਂਚਕ ਜਿੱਤ ਹਾਸਲ ਕੀਤੀ। ਉਸ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਵਾਪਸੀ ਕੀਤੀ ਅਤੇ 3-2 (9-11, 11-5, 11-5, 8-11 11-5) ਨਾਲ ਜਿੱਤ ਦਰਜ ਕੀਤੀ। ਜਦੋਂ ਕਿ ਯਸ਼ਸਵਿਨੀ ਘੋਰਪੜੇ ਨੂੰ ਦੁਨੀਆ ਦੀ 13ਵੇਂ ਨੰਬਰ ਦੀ ਖਿਡਾਰਨ ਜ਼ਿਆਓਜਿਨ ਯਾਂਗ ਤੋਂ 0-3 (1-11, 5-11 5-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ ਸਿੰਗਲਜ਼ ਵਿੱਚ ਚੋਟੀ ਦੇ ਦੋ ਦਰਜਾ ਪ੍ਰਾਪਤ ਹਿਊਗੋ ਕਾਲਡੇਰਾਨੋ (ਸੱਤਵਾਂ ਦਰਜਾ) ਅਤੇ ਫਰਾਂਸ ਦੇ ਫੇਲਿਕਸ ਲੇਬਰੂਨ (ਅੱਠਵੇਂ ਦਰਜੇ ਵਾਲੇ) ਨੇ ਆਸਾਨ ਜਿੱਤਾਂ ਨਾਲ 16ਵੇਂ ਦੌਰ ਵਿੱਚ ਪ੍ਰਵੇਸ਼ ਕੀਤਾ। ਭਾਰਤ ਦੇ ਮਾਨਵ ਠੱਕਰ ਅਤੇ ਮਾਨੁਸ਼ ਸ਼ਾਹ ਦੀ ਜੋੜੀ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੇ ਕਾਓ ਚੇਂਗ ਜੁਈ ਅਤੇ ਚੁਆਂਗ ਚਿਹ ਯੂਆਨ ਤੋਂ 1-3 (7-11, 11-7, 8-11, 9-11) ਨਾਲ ਹਾਰ ਗਈ। ਮਹਿਲਾ ਡਬਲਜ਼ ਦੇ ਆਖ਼ਰੀ ਅੱਠ ਵਿੱਚ ਦੱਖਣੀ ਕੋਰੀਆ ਦੀ ਸ਼ਿਨ ਯੂਬਿਨ ਅਤੇ ਈਓਨ ਝੀ ਨੇ ਸਯਾਲੀ ਵਾਨੀ ਅਤੇ ਤਨੀਸ਼ਾ ਕੋਟੇਚਾ ਨੂੰ 3-0 (11-2, 12-10 11-2) ਨਾਲ ਹਰਾਇਆ। ਇਸ ਦੌਰਾਨ ਦੀਆ ਚਿਤਾਲੇ ਅਤੇ ਅਕੁਲਾ ਦੀ ਜੋੜੀ ਚੀਨੀ ਤਾਈਪੇ ਦੀ ਆਈ ਚਿੰਗ ਅਤੇ ਲੀ ਯੂ ਜੁਨ ਤੋਂ 0-3 (9-11, 8-11, 8-11) ਨਾਲ ਹਾਰ ਗਈ। ਮਾਨੁਸ਼ ਅਤੇ ਦੀਆ ਨੇ ਮਿਕਸਡ ਡਬਲਜ਼ ਵਰਗ ਦੇ ਕੁਆਰਟਰ ਫਾਈਨਲ ਵਿੱਚ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਅਲਵਾਰੋ ਰੋਬਲਜ਼ ਅਤੇ ਮਾਰੀਆ ਜਿਓ ਦੀ ਸਪੈਨਿਸ਼ ਜੋੜੀ ਤੋਂ 2-3 (5-11 11-6 14-12 8-11 6-11) ਨਾਲ ਹਾਰ ਗਏ।
ਸਾਨੀਆ ਮਿਰਜ਼ਾ ਨੂੰ ਮਿਲ ਰਿਹੈ ਭਾਰੀ ਸਮਰਥਨ, ਸ਼ੋਏਬ ਮਲਿਕ ਦਾ ਖ਼ੁਦ ਦੇ ਹੀ ਦੇਸ਼ 'ਚ ਹੋ ਰਿਹਾ ਹੈ ਵਿਰੋਧ
NEXT STORY