ਨਵੀਂ ਦਿੱਲੀ— ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪੂਰੇ ਦੇਸ਼ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਛੇਵਾਂ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੀ ਮਹਿਲਾ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਆਪਣੇ ਵਧਾਈ ਸੰਦੇਸ਼ 'ਚ ਕਿਹਾ, ''ਭਾਰਤ ਅਤੇ ਮਣੀਪੁਰ ਦੀ ਆਈਕਾਨ ਮੈਰੀ ਨੂੰ ਛੇਵੀਂ ਵਾਰ ਵਿਸ਼ਵ ਖਿਤਾਬ ਜਿੱਤਣ ਲਈ ਬਹੁਤ-ਬਹੁਤ ਵਧਾਈ। ਮੈਨੂੰ ਉਮੀਦ ਹੈ ਕਿ ਇਹ ਪਲ ਦੇਸ਼ ਦੀਆਂ ਲੜਕੀਆਂ ਨੂੰ ਕੁਝ ਕਰਨ ਅਤੇ ਵੱਡੀ ਉਪਲਬਧੀ ਹਾਸਲ ਕਰਨ ਲਈ ਉਤਸ਼ਾਹਤ ਕਰੇਗਾ।''
ਪ੍ਰਧਾਨਮੰਤਰੀ ਨੇ ਕਿਹਾ, ''ਭਾਰਤੀ ਖੇਡਾਂ ਲਈ ਮਾਣ ਭਰਪੂਰ ਪਲ। ਮੈਰੀਕਾਮ ਨੂੰ ਛੇਵਾਂ ਵਿਸ਼ਵ ਖਿਤਾਬ ਜਿੱਤਣ ਲਈ ਵਧਾਈ। ਉਨ੍ਹਾਂ ਦੀ ਜਿੱਤ ਬਹੁਤ ਖਾਸ ਹੈ ਅਤੇ ਜਿਸ ਤਰ੍ਹਾਂ ਵਿਸ਼ਵ ਮੰਚ 'ਤੇ ਉਨ੍ਹਾਂ ਨੇ ਆਪਣੀ ਛਾਪ ਛੱਡੀ ਹੈ ਅਤੇ ਜਿਸ ਸ਼ਿੱਦਤ ਨਾਲ ਉਹ ਖੇਡਾਂ ਨੂੰ ਫਾਲੋ ਕਰਦੀ ਹੈ ਉਹ ਅਦੁੱਤੀ ਅਤੇ ਪ੍ਰੇਰਣਾਯੋਗ ਹੈ।''
ਮੈਰੀਕਾਮ ਵੱਲੋਂ ਛੇਵਾਂ ਸੋਨ ਤਮਗਾ ਜਿੱਤਦੇ ਹੀ ਉਨ੍ਹਾਂ ਨੂੰ ਦੇਸ਼ ਤੋਂ ਵਧਾਈਆਂ ਦਾ ਤਾਂਤਾ ਲਗ ਗਿਆ। ਅਸਮ ਦੇ ਮੁੱਖਮੰਤਰੀ ਅਤੇ ਸਾਬਕਾ ਕੇਂਦਰੀ ਖੇਡ ਮੰਤਰੀ ਸਰਬਾਨੰਦ ਸੋਨੋਵਾਲ, ਗ੍ਰਹਿ ਰਾਜ ਮੰਤਰੀ ਕਿਰੇਨ ਰਿਜੂਜੂ, ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ, ਪਦਮ ਭੂਸ਼ਣ ਨਾਲ ਸਨਮਾਨਤ ਮਹਾਬਲੀ ਸਤਪਾਲ, ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ, ਮੁੱਕੇਬਾਜ਼ ਵਿਜੇਂਦਰ ਸਿੰਘ, ਕ੍ਰਿਕਟਰ ਵਰਿੰਦਰ ਸਹਿਵਾਗ, ਵੀ.ਵੀ.ਐੱਸ. ਲਕਸ਼ਮਣ ਅਤੇ ਮੁਹੰਮਦ ਕੈਫ ਨੇ ਮੈਰੀ ਨੂੰ ਉਸ ਦੀ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਹੈ।
ਮਹਿਲਾ ਵਿਸ਼ਵ ਟੀ-20 ਖਿਤਾਬ : ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ
NEXT STORY