ਜਲੰਧਰ— ਕੌਮੀ ਖੇਡ ਹਾਕੀ ਨੂੰ 'ਜਾਨ ਲਾ ਕੇ ਖੇਡਣ ਵਾਲੇ ਓਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਦੀ ਯਾਦ 'ਚ ਪਰਿਵਾਰ ਪਿਛਲੇ 19 ਸਾਲਾਂ ਤੋਂ ਅੰਡਰ-19 ਹਾਕੀ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ। ਪਰ ਕਦੇ ਵੀ ਸਰਕਾਰ ਨੇ ਕੌਮੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਇਸ ਪਰਿਵਾਰ ਦੀ ਕੋਈ ਆਰਥਿਕ ਮਦਦ ਨਹੀਂ ਕੀਤੀ। ਇਹ ਪਰਿਵਾਰ ਆਪਣੇ ਤੌਰ 'ਤੇ ਹੀ ਖੇਡ ਪ੍ਰੇਮੀਆ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਓਲੰਪੀਅਨ ਮਹਿੰਦਰ ਮੁਣਸ਼ੀ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ। ਇਥੋਂ ਤੱਕ ਕਿ ਇਸ ਟੂਰਨਾਮੈਂਟ 'ਚ ਆਉਂਦੇ ਸਿਆਸੀ ਆਗੂ ਜਿਹੜੀਆਂ ਗਰਾਂਟਾਂ ਐਲਾਨ ਕਰਕੇ ਜਾਂਦੇ ਹਨ , ਉਹ ਵੀ 'ਊਠ ਦੇ ਬੁੱਲ੍ਹ' ਵਾਂਗ ਲਟਕਦੀਆਂ ਰਹਿੰਦੀਆਂ ਹਨ। ਮਹਿੰਦਰ ਮੁਣਸ਼ੀ ਦੇ ਭਰਾ ਸਤਪਾਲ ਸਿੰਘ ਮੁਣਸ਼ੀ ਨੇ ਦੱਸਿਆ ਕਿ ਅਜੀਤ ਸਿੰਘ ਕੋਹਾੜ ਨੇ ਮੰਤਰੀ ਹੁੰਦਿਆਂ ਹੋਇਆਂ ਇਕ ਲੱਖ ਰੁਪਏ ਟੂਰਨਾਮੈਂਟ ਨੂੰ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਰਕਮ ਉਨ੍ਹਾਂ ਨੂੰ ਅਜੇ ਤੱਕ ਵੀ ਨਸੀਬ ਨਹੀਂ ਹੁੰਦੀ।
ਮਹਿੰਦਰ ਸਿੰਘ ਮੁਣਸ਼ੀ ਆਪਣੇ ਸਮਿਆਂ ਦਾ ਚਮਕਦਾ ਹਾਕੀ ਦਾ ਸਿਤਾਰਾ ਸੀ। 1975 'ਚ ਭਾਰਤ ਨੂੰ ਇਕੋਂ ਇਕ ਹਾਕੀ 'ਚ ਸੰਸਾਰ ਜੇਤੂ ਬਣਾਉਣ ਵਾਲਾ ਕੱਪ ਮੁਣਸ਼ੀ ਦੇ ਦਮ 'ਤੇ ਹੀ ਜਿੱਤਿਆ ਗਿਆ ਸੀ। ਮਹਿੰਦਰ ਮੁਣਸ਼ੀ 'ਚ ਹਰ ਪੈਨਲਟੀ ਸਟਰੋਕ ਨੂੰ ਗੋਲ 'ਚ ਬਦਲਣ ਦੀ ਸਮਰੱਥਾ ਸੀ। 1976 'ਚ ਮੌਂਟਰੀਅਲ 'ਚ ਹੋਈਆਂ ਉਲੰਪਿਕ ਖੇਡਾਂ ਦੌਰਾਨ ਮਹਿੰਦਰ ਮੁਣਸ਼ੀ ਵੱਲੋਂ ਜੋ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਉਸ ਦੀ ਯਾਦ ਅੱਜ ਵੀ ਹਾਕੀ ਪ੍ਰੇਮੀਆਂ ਦੇ ਅੰਦਰ ਵਸੀ ਹੋਈ ਹੈ। ਉਸ ਨੂੰ 'ਸ਼ੋਅਰ ਸ਼ਾਟ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਭਾਵ ਉਸ ਵੱਲੋਂ ਲਾਇਆ ਜਾਂਦਾ ਪੈਨਲਟੀ ਸਟਰੋਕ ਕਦੇ ਵੀ ਅਜਾਈ ਨਹੀਂ ਸੀ ਜਾਂਦਾ।
ਮਹਿੰਦਰ ਮੁਣਸ਼ੀ ਦੀ ਮੌਤ 19 ਸਤੰਬਰ 1977 ਨੂੰ ਪੀਲੀਏ ਦੀ ਬੀਮਾਰੀ ਨਾਲ ਹੋਈ ਸੀ। ਆਰਥਿਕ ਤੰਗੀਆਂ ਨਾਲ ਜੂਝਦੇ ਪਰਿਵਾਰ ਦੀ ਸਰਕਾਰ ਨੇ ਕਦੇ ਬਾਂਹ ਨਹੀਂ ਫੜੀ। ਮੁਣਸ਼ੀ ਦੇ ਛੋਟੇ ਭਰਾ ਸਤਪਾਲ ਸਿੰਘ ਦਾ ਕਹਿਣਾ ਸੀ ਕਿ 2014 'ਚ ਹਾਕੀ ਫੈਡਰੇਸ਼ਨ ਦੇ ਜ਼ਰੂਰ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਸੀ ਪਰ ਪੰਜਾਬ ਸਰਕਾਰ ਵਲੋਂ ਨਾ ਤਾਂ ਟੂਰਨਾਮੈਂਟ ਦੀ ਅਤੇ ਨਾ ਹੀ ਪਰਿਵਾਰ ਦੀ ਕੋਈ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 'ਤੇ ਹਰ ਸਾਲ 5 ਤੋਂ 6 ਲੱਖ ਰੁਪਏ ਖਰਚ ਆਉਂਦਾ ਹੈ, ਜੋ ਓਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਹਾਕੀ ਐਸੋਸੀਏਸ਼ਨ ਵਲੋਂ ਇਕੱਠੇ ਕਰ ਕੇ ਕੀਤਾ ਜਾਂਦਾ ਹੈ। ਸਤਪਾਲ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਪ੍ਰਬੰਧ ਕੀਤਾ ਜਾਣ, ਤਾਂ ਜੋ ਖੇਡਾਂ ਰਾਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ 'ਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ 'ਚ ਹਾਕੀ ਪ੍ਰਤੀ ਰੁਚੀ ਪੈਦਾ ਕਰਨ ਨਾਲ ਹੀ ਹੋਣਹਾਰ ਖਿਡਾਰੀ ਪੈਦਾ ਹੋਣਗੇ।
ਇਕ ਕਮਰੇ 'ਚ ਰਹਿਣ ਲਈ ਮਜ਼ਬੂਰ ਹੈ ਕੌਮੀ ਨੈੱਟਬਾਲ ਖਿਡਾਰਨ ਦਾ ਪਰਿਵਾਰ
NEXT STORY