ਨਵੀਂ ਦਿੱਲੀ– ਹਾਕੀ ਅੰਪਾਇਰਿੰਗ ਨੂੰ ਬੇਹੱਦ ਮੁਸ਼ਕਿਲ ਤੇ ਸੰਘਰਸ਼ਪੂਰਨ ਕਰੀਅਰ ਦੱਸਦੇ ਹੋਏ ਭਾਰਤੀ ਧਾਕੜਾਂ ਨੇ ਨੀਦਰਲੈਂਡ ਤੇ ਬੈਲਜੀਅਮ ’ਚ 15 ਅਗਸਤ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ’ਚ ਕਰੀਬ 3 ਦਹਾਕੇ ਬਾਅਦ ਇਕ ਵੀ ਭਾਰਤੀ ਅੰਪਾਇਰ ਨਾ ਹੋਣ ’ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਅੰਪਾਇਰਾਂ ਦੀ ਗਿਣਤੀ ਵਧਾਉਣ ਦੀ ਬਜਾਏ ਗੁਣਵੱਤਾ ’ਤੇ ਫੋਕਸ ਕਰਨਾ ਪਵੇਗਾ।
ਨੀਦਰਲੈਂਡ ਦੇ ਯੂਟ੍ਰੈਕਟ ’ਚ 1998 ’ਚ ਹੋਏ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਦੇ ਅੰਪਾਇਰਾਂ ਜਾਂ ਤਕਨੀਕੀ ਅਧਿਕਾਰੀਆਂ ’ਚ ਕਿਸੇ ਭਾਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ ਤੇ ਸੂਚੀ ’ਚ ਯੂਰੋਪੀਅਨ ਦੇਸ਼ਾਂ ਦਾ ਬੋਲਬਾਲਾ ਹੈ । ਭਾਰਤ ਦੇ ਆਰਵੀ ਰਘੂ ਪ੍ਰਸਾਦ (2010, 2014, 2018, 2023) , ਸਤਿੰਦਰ ਸ਼ਰਮਾ (2002, 2006, 2010) , ਤਰਲੋਕ ਸਿੰਘ ਭੁੱਲਰ (1994) ਤੇ ਅਮਰਜੀਤ ਸਿੰਘ ਬਾਵਾ (1990) ਵਿਸ਼ਵ ਕੱਪ ’ਚ ਅੰਪਾਇਰਿੰਗ ਕਰ ਚੁੱਕੇ ਹਨ । ਪਿਛਲੇ ਸਾਲ 47 ਸਾਲ ਦੀ ਉਮਰ ਹੋਣ ’ਤੇ ਰਿਟਾਇਰ ਹੋਣ ਤੋਂ ਪਹਿਲਾਂ ਓਲੰਪਿਕ ਸਮੇਤ 200 ਮੈਚਾਂ ’ਚ ਅੰਪਾਇਰਿੰਗ ਕਰਨ ਵਾਲੇ ਪਹਿਲੇ ਏਸ਼ੀਆਈ ਰਘੂਪ੍ਰਸਾਦ ਨੇ ਕਿਹਾ ,‘‘ਵੱਡੇ ਟੂਰਨਾਮੈਂਟਾਂ ’ਚ ਅੰਪਾਇਰਾਂ ਦੀਆਂ ਨਿਯੁਕਤੀਆਂ ਐੱਫ.ਆਈ.ਐੱਚ. ਅੰਪਾਇਰਿੰਗ ਕਮੇਟੀ ਕਰਦੀ ਹੈ ਜਿਸ ਲਈ ਪਿਛਲੇ ਵੱਡੇ ਟੂਰਨਾਮੈਂਟਾਂ, ਪ੍ਰੋ ਲੀਗ ਆਦਿ ’ਚ ਪ੍ਰਦਰਸ਼ਨ ਮਾਪਦੰਡ ਰਹਿੰਦਾ ਹੈ ।’’
ਉੱਥੇ ਹੀ ਕਈ ਓਲੰਪਿਕ ਤੇ ਵਿਸ਼ਵ ਕੱਪ ’ਚ ਅੰਪਾਇਰਿੰਗ ਕਰ ਚੁੱਕੇ ਸ਼ਰਮਾ ਨੇ ਕਿਹਾ,‘‘ਬਾਵਾ ਸਰ, ਭੁੱਲਰ ਸਰ ਤੋਂ ਬਾਅਦ ਮੈਂ ਤੇ ਰਘੂ ਨੇ ਇਹ ਸਿਲਸਿਲਾ ਕਾਇਮ ਰੱਖਿਆ ਸੀ। ਅਸੀਂ ਯੂਰੋਪੀਅਨਾਂ ਵਿਚਾਲੇ ਜਾ ਕੇ ਆਪਣੀ ਪਛਾਣ ਬਣਾਈ ਸੀ ਜੋ ਆਸਾਨ ਨਹੀਂ ਸੀ।’’
ਉਸ ਨੇ ਕਿਹਾ ,‘‘ਬੀਜਿੰਗ ਓਲੰਪਿਕ 2008 ’ਚ ਸਾਡੀ ਟੀਮ ਕੁਆਲੀਫਾਈ ਨਹੀਂ ਕਰ ਸਕੀ ਸੀ ਪਰ ਮੈਂ ਇਕੱਲਾ ਅਧਿਕਾਰੀ ਸੀ ਜੋ ਭਾਰਤੀ ਹਾਕੀ ਦਾ ਪ੍ਰਤੀਨਿਧੀ ਸੀ । ਚੋਣ ਲਈ ਪ੍ਰਦਰਸ਼ਨ ’ਚ ਨਿਰੰਤਰਤਾ ਤੇ ਤਜਰਬਾ ਕਾਫੀ ਮਾਇਨੇ ਰੱਖਦਾ ਹੈ ਜਿੱਥੇ ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਪਿੱਛੜ ਰਹੇ ਹਾਂ।’’
ਹਾਕੀ ਇੰਡੀਆ ਦੀ ਵੈੱਬਸਾਈਟ ’ਤੇ ਮਈ 2025 ’ਚ ਅਪਡੇਟ ਕੀਤੀ ਗਈ ਸੂਚੀ ਦੇ ਅਨੁਸਾਰ ਅੰਪਾਇਰਾਂ ਦੀਆਂ 4 ਸ਼੍ਰੇਣੀਆਂ ‘ਕੋਰ ਲੀਡਿੰਗ ਪੈਨਲ’, ‘ਲੀਡਿੰਗ ਪੈਨਲ’, ‘ਹਾਈ ਪੋਟੈਂਸ਼ੀਅਲ’ ਤੇ ‘ਨੈਸ਼ਨਲ ਅੰਪਾਇਰ’ ਹਨ ਜਿਨ੍ਹਾਂ ’ਚ ਪੁਰਸ਼ ਵਰਗ ’ਚ ਕ੍ਰਮਵਾਰ 100 ਤੋਂ ਵੱਧ ਤੇ ਮਹਿਲਾ ਵਰਗ ’ਚ 70 ਤੋਂ ਵੱਧ ਨਾਂ ਦਰਜ ਹਨ । ਪੁਰਸ਼ ਵਰਗ ’ਚ 6 ਐੱਫ. ਆਈ.ਐੱਚ. ਪੈਨਲ ਦੇ ਅੰਪਾਇਰ ਹਨ ਜਿਨ੍ਹਾਂ ’ਚੋਂ ਰਘੂਪ੍ਰਸਾਦ ਪਿਛਲੇ ਸਾਲ ਰਿਟਾਇਰ ਹੋ ਚੁੱਕਾ ਹੈ। ਉੱਥੇ ਹੀ, ਮਹਿਲਾ ਵਰਗ ’ਚ ਐੱਫ.ਆਈ.ਐੱਚ. ਪੈਨਲ ਦੀਆਂ 4 ਅੰਪਾਇਰ ਹਨ। ਤਕਨੀਕੀ ਅਧਿਕਾਰੀਆਂ ’ਚ ਮਹਿਲਾ ਵਰਗ ’ਚ ਇਨ੍ਹਾਂ ਹੀ 4 ਸ਼੍ਰੇਣੀਆਂ ’ਚ 50 ਤੋਂ ਵੱਧ ਨਾਂ ਹਨ ਪਰ ਐੱਫ.ਆਈ.ਐੱਚ. ਪੈਨਲ ’ਚ ਸਿਰਫ ਦੋ ਅਧਿਕਾਰੀ ਰੋਹਿਣੀ ਬੋਪੰਨਾ ਤੇ ਸੋਨੀਆ ਬਾਥਲਾ ਹਨ । ਪੁਰਸ਼ ਵਰਗ ’ਚ ਕਰੀਬ 70 ਨਾਂ ਹਨ ਪਰ ਐੱਫ.ਆਈ.ਐੱਚ. ਪੈਨਲ ਦੇ 4 ਹੀ ਅਧਿਕਾਰੀ ਇਸ ’ਚ ਸ਼ਾਮਲ ਹਨ।
ਸ਼ਰਮਾ ਨੇ ਕਿਹਾ ਕਿ ਗਿਣਤੀ ਦੀ ਬਜਾਏ ਗੁਣਵੱਤਾ ’ਤੇ ਫੋਕਸ ਕਰਨਾ ਜ਼ਰੂਰੀ ਹੈ ਤੇ ਇਸ ਲਈ ਅੰਪਾਇਰਾਂ ਨੂੰ ਵੱਧ ਐਕਸਪੋਜ਼ਰ ਦੇਣਾ ਹੋਵੇਗਾ। ਉਸ ਨੇ ਕਿਹਾ ,‘‘ਘਰੇਲੂ ਅੰਪਾਇਰ ਵੱਡੇ ਟੂਰਨਾਮੈਂਟਾਂ ’ਚ ਅੰਪਾਇਰਿੰਗ ਨਹੀਂ ਕਰਨਗੇ ਤਾਂ ਕੌਮਾਂਤਰੀ ਪੱਧਰ ਦਾ ਤਜਰਬਾ ਕਿਵੇਂ ਮਿਲੇਗਾ। ਘਰੇਲੂ ਤੇ ਕੌਮਾਂਤਰੀ ਅੰਪਾਇਰਿੰਗ ’ਚ ਜ਼ਮੀਨ-ਆਸਮਾਨ ਦਾ ਫਰਕ ਹੈ । ਭਾਰਤੀ ਟੀਮਾਂ ਦੇ ਕੈਂਪ ’ਚ ਵੀ ਅੰਪਾਇਰਾਂ ਨੂੰ ਨਾਲ ਰੱਖਿਆ ਜਾਣਾ ਚਾਹੀਦਾ ਹੈ । ਸਾਡੇ ਕੋਲ ਪ੍ਰਤਿਭਾ ਦੀ ਕਮੀ ਨਹੀਂ ਹੈ ਪਰ ਅੰਪਾਇਰਾਂ ਨੂੰ ਵੀ ਮਿਹਨਤ ਕਰਨੀ ਪਵੇਗੀ ਤੇ ਮਹਾਸੰਘ ਨੂੰ ਇਸ ’ਚ ਸਹਿਯੋਗ ਦੇਣਾ ਪਵੇਗਾ।’’
ਉਸ ਨੇ ਕਿਹਾ ,‘‘ਅੰਪਾਇਰਾਂ ਦੇ ਵਿਕਾਸ ਲਈ ਸਹੀ ਪਲਾਨਿੰਗ ਤੇ ਢਾਂਚੇ ਦੀ ਲੋੜ ਹੈ ਤਾਂ ਜੋ ਅਗਲੇ ਵਿਸ਼ਵ ਕੱਪ ਜਾਂ ਓਲੰਪਿਕ ’ਚ ਸਾਡਾ ਪ੍ਰਤੀਨਿਧਤਾ ਰਹੇ।’’
1994 ’ਚ ਅੰਪਾਇਰਿੰਗ ਤੋਂ ਵਿਦਾਈ ਲੈ ਚੁੱਕੇ ਬਾਵਾ ਭਾਰਤੀ ਟੀਮ ਦੇ ਨਾਲ ਦੌਰਿਆਂ ’ਤੇ ਜਾਂਦੇ ਸਨ ਜਿਸ ’ਚ 1981 ਦਾ ਯੂਰੋਪ ਦੌਰਾ ਤੇ 1983 ’ਚ ਪਾਕਿਸਤਾਨ ’ਚ ਟੈਸਟ ਲੜੀ ਸ਼ਾਮਲ ਹੈ । ਲਾਹੌਰ ਵਿਸ਼ਵ ਕੱਪ 1990 ਤੇ ਸਿਓਲ ਓਲੰਪਿਕ 1988 ’ਚ ਅੰਪਾਇਰਿੰਗ ਕਰ ਚੁੱਕੇ ਬਾਵਾ ਨੇ ਕੈਨੇਡਾ ਤੋਂ ਕਿਹਾ ,‘‘ਉਸ ਦੌਰ ’ਚ ਅੰਪਾਇਰਾਂ ਨੂੰ ਖੇਡ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਸੀ ਪਰ ਮੈਂ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ । ਜਦੋਂ ਮੈਂ ਸ਼ੁਰੂਆਤ ਕੀਤੀ ਤਦ 20 ਰੁਪਏ ਰੋਜ਼ਾਨਾ ਭੱਤਾ ਮਿਲਦਾ ਸੀ ਜਿਸ ਨੂੰ ਕੇ.ਪੀ.ਐੱਸ. ਗਿੱਲ ਦੇ ਦੌਰ ’ਚ ਮੈਂ ਵਧਵਾ ਕੇ 100 ਰੁਪਏ ਕਰਵਾਇਆ ਸੀ।’’
ਉਸ ਨੇ ਦੱਸਿਆ ,‘‘ਤਦ ਅੰਪਾਇਰਾਂ ਨੂੰ ਕੋਈ ਤਮਗਾ ਜਾਂ ਸੋਵੇਨੀਅਰ ਨਹੀਂ ਦਿੱਤੇ ਜਾਂਦੇ ਸਨ ਪਰ 1977 ’ਚ ਅੰਮ੍ਰਿਤਸਰ ’ਚ ਰਣਜੀਤ ਸਿੰਘ ਟੂਰਨਾਮੈਂਟ ਦੌਰਾਨ ਅਸੀਂ ਯਕੀਨੀ ਕਰਵਾਇਆ ਕਿ ਅੰਪਾਇਰਾਂ ਨੂੰ ਵੀ ਸਨਮਾਨ ਤੇ ਯਾਦਗਾਰੀ ਚਿੰਨ੍ਹ ਦਿੱਤੇ ਜਾਣ ।’’
ਤਿੰਨਾਂ ਧਾਕੜਾਂ ਨੇ ਕਿਹਾ ਕਿ ਇਸ ਪੇਸ਼ੇ ’ਚ ਵਿੱਤੀ ਸੁਰੱਖਿਆ ਨਹੀਂ ਹੈ ਤੇ ਸਿਰਫ ਜਨੂੰਨ ਲਈ ਉਹ ਇਸ ਨਾਲ ਜੁੜੇ ਰਹੇ। ਸ਼ਰਮਾ ਨੇ ਕਿਹਾ ,‘‘ਸਾਡੇ ਸਮੇਂ ’ਚ 150 ਜਾਂ 200 ਰੁਪਏ ਰੋਜ਼ਾਨਾ ਤੇ ਕੌਮਾਂਤਰੀ ਟੂਰਨਾਮੈਂਟਾਂ ’ਚ 40-50 ਡਾਲਰ ਭੱਤਾ ਮਿਲਦਾ ਸੀ ਜੋ ਸਾਡਾ ਮਹਾਸੰਘ ਹੀ ਦਿੰਦਾ ਸੀ । ਜੇਕਰ ਤੁਸੀਂ ਕਿਸੇ ਟੂਰਨਾਮੈਂਟ ’ਚ ਨਿਰਪੱਖ ਹੋ ਤਾਂ ਟੂਰਨਾਮੈਂਟ ਦਾ ਮੇਜ਼ਬਾਨ ਬੋਰਡਿੰਗ, ਲਾਜਿੰਗ ਤੇ 40-50 ਡਾਲਰ ਰੋਜ਼ਾਨਾ ਭੱਤਾ ਦਿੰਦਾ ਹੈ । ਸਾਡੇ ਜ਼ਿਆਦਾਤਰ ਅੰਪਾਇਰਾਂ ਕੋਲ ਨੌਕਰੀ ਨਹੀਂ ਹੈ ਤੇ ਘਰੇਲੂ ਟੂਰਨਾਮੈਂਟਾਂ ’ਤੇ ਹੀ ਕੰਮ ਚੱਲ ਰਿਹਾ ਹੈ।’’
ਪਿਛਲੇ ਸਾਲ ਸੰਨਿਆਸ ਤੋਂ ਬਾਅਦ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਨਿੱਜੀ ਨੌਕਰੀ ਕਰ ਰਹੇ ਰਘੂ ਨੇ ਕਿਹਾ ,‘‘ਜਦੋਂ ਤੱਕ ਅੰਪਾਇਰਿੰਗ ਕੀਤੀ, ਉਸੇ ’ਤੇ ਫੋਕਸ ਰਿਹਾ ਤੇ ਨੌਕਰੀ ਦੇ ਬਾਰੇ ’ਚ ਸੋਚਿਆ ਨਹੀਂ । ਕੇ.ਐੱਸ.ਐੱਚ.ਏ. ’ਚ ਨੌਕਰੀ ਨਿੱਜੀ ਕਾਰਨਾਂ ਕਰਕੇ ਛੱਡਣੀ ਪਈ। ਅਜੇ ਆਪਣੀਆਂ ਕੋਸ਼ਿਸ਼ਾਂ ਨਾਲ ਇਕ ਨਿੱਜੀ ਨੌਕਰੀ ਸ਼ੁਰੂ ਕੀਤੀ ਹੈ ਪਰ ਓਨੀ ਕਮਾਈ ਨਹੀਂ ਹੈ। ਕੋਈ ਵੀ ਮਾਂ-ਬਾਪ ਅਜਿਹੇ ਹਾਲਾਤ ’ਚ ਬੱਚੇ ਨੂੰ ਅੰਪਾਇਰ ਕਿਉਂ ਬਣਾਉਣਾ ਚਾਹੁਣਗੇ।’’
ਉਸ ਨੇ ਕਿਹਾ,‘‘ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਐਵਾਰਡ ਤੇ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਪਰ ਅੰਪਾਇਰਾਂ ਨੂੰ ਕੋਈ ਐਵਾਰਡ ਜਾਂ ਤਨਖਾਹ ਨਹੀਂ ਮਿਲਦੀ। ਜਿਹੜੇ ਅੰਪਾਇਰ ਨੌਕਰੀ ਕਰ ਰਹੇ ਹਨ, ਉਨ੍ਹਾਂ ਨੂੰ ਕਦੇ ਟੂਰਨਾਮੈਂਟਾਂ ਲਈ ਛੁੱਟੀ ਨਹੀਂ ਮਿਲਦੀ। ਇਕ ਮਹਿਲਾ ਅਧਿਕਾਰੀ ਨੇ ਤਾਂ ਇਹ ਵੀ ਕਿਹਾ ਕਿ ਕਈ ਵਾਰ ਮਹਾਸੰਘ ਤੋਂ ਸਹਿਯੋਗ ਨਹੀਂ ਮਿਲਦਾ ਤੇ ਪੱਖਪਾਤ ਕਰਕੇ ਅੱਗੇ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ।
ਸਨੇਹਾ ਨੇ WPGT ਦੇ 11ਵੇਂ ਪੜਾਅ ਦਾ ਜਿੱਤਿਆ ਖਿਤਾਬ
NEXT STORY