ਪੈਰਿਸ, (ਵਾਰਤਾ) ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨ ਸ਼੍ਰੀਜਾ ਅਕੁਲਾ ਦੇ ਹਾਲ ਹੀ ਵਿਚ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੇਸ਼ ਨੂੰ ਪੈਰਿਸ ਓਲੰਪਿਕ 2024 ਵਿਚ ਉਸ ਤੋਂ ਤਮਗੇ ਦੀ ਉਮੀਦ ਹੈ। ਪੈਰਿਸ ਓਲੰਪਿਕ 'ਚ 27 ਜੁਲਾਈ ਤੋਂ ਸ਼ੁਰੂ ਹੋ ਰਹੇ ਟੇਬਲ ਟੈਨਿਸ ਮੁਕਾਬਲੇ ਦੇ ਮਹਿਲਾ ਸਿੰਗਲ ਵਰਗ 'ਚ 16ਵਾਂ ਦਰਜਾ ਪ੍ਰਾਪਤ ਸ਼੍ਰੀਜਾ ਅਕੁਲਾ ਰਾਊਂਡ ਆਫ 64 'ਚ ਸਵੀਡਨ ਦੀ ਕ੍ਰਿਸਟੀਨਾ ਕਾਲਬਰਗ ਨਾਲ ਭਿੜੇਗੀ। ਸ਼੍ਰੀਜਾ ਅਕੁਲਾ ਟੇਬਲ ਟੈਨਿਸ ਸਿੰਗਲਜ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ।
ਇਸ ਸਾਲ ਸ਼੍ਰੀਜਾ ਅਕੁਲਾ ਨੇ ਆਪਣੇ ਕਰੀਅਰ ਵਿੱਚ ਵੱਡੀ ਛਾਲ ਮਾਰੀ ਹੈ ਅਤੇ ਦੇਸ਼ ਦੀ ਨੰਬਰ ਇੱਕ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੂੰ ਪਿੱਛੇ ਛੱਡਦੇ ਹੋਏ ਨੰਬਰ ਇੱਕ ਦਾ ਦਰਜਾ ਹਾਸਲ ਕੀਤਾ ਹੈ। ਅਕੁਲਾ ਨੇ ਸਾਲ 2022 ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਟੇਬਲ ਟੈਨਿਸ ਦੇ ਮਿਸ਼ਰਤ ਮੁਕਾਬਲੇ ਵਿੱਚ ਸ਼ਰਤ ਕਮਲ ਨਾਲ ਮੁਕਾਬਲਾ ਕਰਦਿਆਂ ਸੋਨ ਤਗ਼ਮਾ ਜਿੱਤਿਆ ਸੀ। 25 ਸਾਲਾ ਖਿਡਾਰੀ ਅਕੁਲਾ ਨੂੰ ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਾਲ 2022 ਵਿੱਚ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮਨਿਕਾ ਬੱਤਰਾ ਪੈਰਿਸ ਓਲੰਪਿਕ 2024 ਵਿੱਚ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਬ੍ਰਿਟੇਨ ਦੀ 18 ਸਾਲਾ ਅੰਨਾ ਹਰਸੇ ਨਾਲ ਭਿੜੇਗੀ। ਅੰਨਾ ਹਰਸੇ ਓਲੰਪਿਕ ਦੀ ਸ਼ੁਰੂਆਤ ਕਰੇਗੀ।
ਇਸ ਦੌਰਾਨ ਪੈਰਿਸ 2024 ਓਲੰਪਿਕ 'ਚ ਪੁਰਸ਼ ਟੀਮ ਨੂੰ ਇਸ ਵਾਰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਭਾਰਤੀ ਟੀਮ ਸ਼ੁਰੂਆਤੀ ਦੌਰ 'ਚ ਚਾਰ ਵਾਰ ਸੋਨ ਤਮਗਾ ਜੇਤੂ ਚੀਨ ਨਾਲ ਭਿੜੇਗੀ। ਭਾਰਤ ਨੇ ਪਹਿਲੀ ਵਾਰ ਓਲੰਪਿਕ ਵਿੱਚ ਟੇਬਲ ਟੈਨਿਸ ਵਿੱਚ ਟੀਮ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ। ਪੁਰਸ਼ ਸਿੰਗਲਜ਼ ਵਿੱਚ ਅਨੁਭਵੀ ਸ਼ਰਤ ਕਮਲ ਦਾ ਸਾਹਮਣਾ ਪਹਿਲੇ ਦੌਰ ਵਿੱਚ ਸਲੋਵੇਨੀਆ ਦੇ 27 ਸਾਲਾ ਦਾਨੀ ਕੋਜ਼ੁਲ ਨਾਲ ਹੋਵੇਗਾ। ਕੋਜੁਲ ਨੇ ਟੋਕੀਓ 2020 'ਚ ਹਿੱਸਾ ਲਿਆ ਸੀ ਜਦਕਿ ਸ਼ਰਤ ਕਮਲ ਪੰਜਵੀਂ ਵਾਰ ਓਲੰਪਿਕ 'ਚ ਹਿੱਸਾ ਲੈ ਰਿਹਾ ਹੈ। ਹਰਮੀਤ ਦੇਸਾਈ ਸ਼ੁਰੂਆਤੀ ਦੌਰ ਤੋਂ ਪੁਰਸ਼ ਸਿੰਗਲਜ਼ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਦੇਸਾਈ ਦਾ ਸਾਹਮਣਾ 27 ਜੁਲਾਈ ਨੂੰ ਜਾਰਡਨ ਦੇ ਜ਼ੈਦ ਅਬੋ ਯਾਮਨ ਨਾਲ ਹੋਵੇਗਾ। ਪੁਰਸ਼ਾਂ ਅਤੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਦੌਰ ਵਿੱਚ ਤਿੰਨ-ਤਿੰਨ ਮੈਚ ਹੋਣਗੇ। ਸ਼ੁਰੂਆਤੀ ਦੌਰ ਦੇ ਜੇਤੂ ਰਾਊਂਡ ਆਫ ਲਈ ਕੁਆਲੀਫਾਈ ਕਰਨਗੇ। ਜੇਕਰ ਹਰਮੀਤ ਦੇਸਾਈ ਸ਼ੁਰੂਆਤੀ ਮੈਚ ਜਿੱਤ ਜਾਂਦੇ ਹਨ ਤਾਂ ਮੁੱਖ ਡਰਾਅ ਵਿੱਚ ਉਸ ਦਾ ਸਾਹਮਣਾ ਵਿਸ਼ਵ ਦੇ ਪੰਜਵੇਂ ਨੰਬਰ ਦੇ ਫਰਾਂਸ ਦੇ ਫੇਲਿਕਸ ਲੇਬਰੂਨ ਨਾਲ ਹੋਵੇਗਾ। ਪੈਰਿਸ 2024 ਵਿੱਚ ਟੇਬਲ ਟੈਨਿਸ ਮੁਕਾਬਲੇ 27 ਜੁਲਾਈ ਤੋਂ 10 ਅਗਸਤ ਦਰਮਿਆਨ ਹੋਣਗੇ।
ਨਾਗਲ ਲਈ ਮੁਸ਼ਕਲ ਡਰਾਅ, ਬੋਪੰਨਾ-ਬਾਲਾਜੀ ਦੀ ਫਰਾਂਸੀਸੀ ਜੋੜੀ ਨਾਲ ਹੋਵੇਗੀ ਟੱਕਰ
NEXT STORY