ਗਵਾਂਗਝੂ : ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸ਼ਨੀਵਾਰ ਨੂੰ ਹੋਏ ਚੁਣੌਤੀਪੂਰਨ ਸੈਮੀਫਾਈਨਲ ਵਿਚ 2013 ਦੀ ਚੈਂਪੀਅਨ ਰਤਨਾਚੋਕ ਇੰਤਾਨੋਨ 'ਤੇ ਜਿੱਤ ਦਰਜ ਕਰ ਕੇ ਲਗਾਤਾਰ ਦੂਜੀ ਵਾਰ ਵਿਸ਼ਵ ਟੂਰ ਫਾਈਨਲਜ਼ ਦੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ। ਪਿਛਲੀ ਵਾਰ ਦੀ ਉੁਪ-ਜੇਤੂ ਰਹੀ ਸਿੰਧੂ ਨੇ ਥਾਈਲੈਂਡ ਦੀ ਮਹਿਲਾ ਖਿਡਾਰੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਦਿਆਂ 54 ਮਿੰਟ ਤੱਕ ਚੱਲੇ ਮੈਚ ਵਿਚ 21-16, 25-23 ਨਾਲ ਜਿੱਤ ਦਰਜ ਕੀਤੀ। ਇਸ 23 ਸਾਲਾਂ ਭਾਰਤੀ ਖਿਡਾਰਨ ਦਾ ਮੈਚ ਤੋਂ ਪਹਿਲਾਂ ਥਾਈਲੈਂਡ ਖਿਡਾਰਨ ਖਿਲਾਫ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਹਾਲ ਦੇ ਆਪਣੇ ਰਿਕਾਰਡ ਨੂੰ ਬਰਾਬਰ ਰੱਖਿਆ। ਸਿੰਧੂ ਨੇ ਪਿਛਲੇ 2 ਸਾਲਾਂ ਤੋਂ ਇੰਤਾਨੋਨ ਖਿਲਾਫ ਸਾਰੇ ਮੈਚ ਜਿੱਤੇ ਹਨ।

ਓਲੰਪਿਕ ਚਾਂਦੀ ਤਮਗਾ ਜੇਤੂ ਦਾ ਸਾਹਮਣਾ ਹੁਣ ਫਾਈਨਲ ਵਿਚ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਹੋਵੇਗਾ ਜਿਸ ਨਾਲ ਉਹ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹਾਰ ਗਈ ਸੀ। ਸਿੰਧੂ ਅਤੇ ਇੰਤਾਨੋਨ ਨੇ ਸ਼ੁਰੂ ਤੋਂ ਹੀ ਇਕ ਦੂਜੇ ਨੂੰ ਸਖਤ ਚੁਣੌਤੀ ਦਿੱਤੀ। ਸਿੰਧੂ ਨੇ ਆਪਣੀ ਸ਼ਾਨਦਾਰ ਵਾਪਸੀ ਨਾਲ ਇੰਤਾਨੋਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ 10-7 ਨਾਲ ਬੜ੍ਹਤ ਬਣਾ ਲਈ। ਭਾਰਤੀ ਖਿਡਾਰੀ ਨੇ ਬ੍ਰੇਕ ਤੋਂ ਪਹਿਲਾਂ 2 ਅੰਕ ਗੁਆਏ ਅਤੇ ਇੰਟਰਵਲ ਤੱਕ ਉਹ 11-9 ਨਾਲ ਅੱਗੇ ਸੀ।

ਥਾਈ ਖਿਡਾਰੀ ਨੇ ਸਿੰਧੂ ਦੇ ਸਰੀਰ ਨੂੰ ਨਿਸ਼ਾਨਾ ਬਣਾਇਆ ਪਰ ਇਸ ਵਿਚਾਲੇ ਉਸ ਨੇ ਗਲਤੀਆਂ ਵੀ ਕੀਤੀਆਂ। ਸਿੰਧੂ ਦੀਆਂ ਵਾਪਸੀਆਂ ਸ਼ਾਨਦਾਰ ਸੀ। ਇਸ ਤੋਂ ਇਲਾਵਾ ਉਸ ਨੇ ਆਪਣੇ ਤਾਕਤਵਰ ਰਮੈਸ਼ ਨਾਲ ਵੀ ਥਾਈ ਖਿਡਾਰੀ ਨੂੰ ਪਰੇਸ਼ਾਨ ਕੀਤਾ। ਇੰਤਾਨੋਨ ਦਾ ਸ਼ਾਟ ਬਾਹਰ ਜਾਣ ਨਾਲ ਸਿੰਧੂ ਨੇ ਚਾਰ ਪੁਆਈਂਟ ਹਾਸਲ ਕੀਤੇ ਅਤੇ ਇਸ ਤੋਂ ਬਾਅਦ ਥਾਈ ਖਿਡਾਰੀ ਨੇ ਸ਼ਾਟ ਨੈੱਟ ਵਿਚ ਮਾਰ ਦਿੱਤਾ ਜਿਸ ਨਾਲ ਭਾਰਤੀ ਖਿਡਾਰੀ ਨੇ ਪਹਿਲਾ ਸੈੱਟ ਆਪਣੇ ਨਾਂ ਕਰ ਲਿਆ।
ਸਿੰਧੂ ਨੇ ਦੂਜੇ ਸੈੱਟ ਦੇ ਸ਼ੁਰੂ ਵਿਚ ਹੀ 4 ਅੰਕ ਹਾਸਲ ਕਰ ਲਏ ਪਰ ਇੰਤਾਨੋਨ ਨੇ ਜਲਦੀ ਹੀ ਵਾਪਸੀ ਕਰ ਕੇ 5-6 ਦਾ ਸਕੋਰ ਕਰ ਦਿੱਤਾ। ਇੰਤਾਨੋਨ ਬ੍ਰੇਕ ਤੱਕ 11-10 ਨਾਲ ਅੱਗੇ ਸੀ। ਬ੍ਰੇਕ ਤੋਂ ਬਾਅਦ ਸਿੰਧੂ ਨੇ 4 ਅੰਕਾਂ ਦੀ ਬੜ੍ਹਤ ਬਣਾ ਲਈ ਪਰ ਇੰਤਾਨੋਨ ਨੇ ਸਕੋਰ ਫਿਰ ਬਰਾਬਰੀ 'ਤੇ ਕਰ ਦਿੱਤਾ। ਥਾਈ ਖਿਡਾਰਨ ਦੀਆਂ ਗਲਤੀਆਂ ਕਾਰਨ ਸਿੰਧੂ ਨੇ ਸਕੋਰ 18-16 ਕਰ ਲਿਆ। ਇਸ ਤੋਂ ਬਾਅਦ ਭਾਰਤੀ ਖਿਡਾਰਨ ਇਸ ਬੜ੍ਹਤ ਨੂੰ ਫਿਰ ਤੋਂ ਜਾਰੀ ਨਾ ਰੱਖ ਸਕੀ ਅਤੇ ਇੰਤਾਨੋਨ ਨੇ ਸਕੋਰ 19-19 ਕਰ ਦਿੱਤਾ। ਦੋਵੇਂ ਖਿਡਾਰੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਰਹੇ ਜਿਸ ਨਾਲ ਮੈਚ ਰੋਮਾਂਚਕ ਮੋੜ 'ਤੇ ਆ ਗਿਆ। ਆਖਰ 'ਚ ਇੰਤਾਨੋਨ ਨੂੰ ਗਲਤੀਆਂ ਕਰਨਾ ਮਹਿੰਗਾ ਪਿਆ ਜਿਸ ਨਾਲ ਸਿੰਧੂ ਨੂੰ ਮੈਚ ਪੁਆਈਂਟ ਮਿਲ ਗਿਆ ਅਤੇ ਸਿੰਧੂ ਨੇ ਨੈੱਟ ਦੇ ਨੇੜਿਓ ਕਰਾਰਾ ਸਮੈਸ਼ ਮਾਰ ਕੇ ਮੈਚ ਆਪਣੇ ਨਾਂ ਕਰ ਲਿਆ।
ਚਾਰ ਦਿਨਾਂ ਦੇ ਹੀ ਹੋਣੇ ਚਾਹੀਦੇ ਹਨ ਟੈਸਟ ਮੈਚ : ਕੇਵਿਨ ਰਾਬਰਟਸ
NEXT STORY