ਲੰਡਨ— ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਵਿੰਬਲਡਨ ਦੇ ਦੂਜੇ ਰਾਊਂਡ ਤੋਂ ਬਾਹਰ ਹੋਣ ਦੇ ਬਾਵਜੂਦ ਡਬਲਯੂ.ਟੀ.ਏ. ਟੈਨਿਸ ਰੈਂਕਿੰਗ ਵਿਚ ਜਰਮਨੀ ਦੀ ਐਂਜੇਲਿਕ ਕਰਬਰ ਨੂੰ ਪਛਾੜ ਕੇ ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰੀ ਬਣ ਗਈ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਆਪਣੇ ਦੇਸ਼ ਦੀ ਪਹਿਲੀ ਮਹਿਲਾ ਟੈਨਿਸ ਖਿਡਾਰੀ ਵੀ ਹੈ।
25 ਸਾਲਾ ਪਿਲਸਕੋਵਾ ਨੰਬਰ ਇਕ ਬਣਨ ਵਾਲੀ 23ਵੀਂ ਖਿਡਾਰੀ ਹੈ। ਚੈੱਕ ਖਿਡਾਰੀ ਨੂੰ ਇਹ ਪ੍ਰਾਪਤੀ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਬ੍ਰਿਟੇਨ ਦੀ ਜੋਹਾਨਾ ਕੋਂਟਾ ਹੱਥੋਂ ਮਿਲੀ ਹਾਰ ਤੋਂ ਹਾਸਲ ਹੋਈ। ਹਾਲੇਪ ਜੇਕਰ ਕੋਂਟਾ ਨੂੰ ਹਰਾ ਦਿੰਦੀ ਤਾਂ ਉਸਦੇ ਕੋਲ ਨੰਬਰ ਇਕ ਬਣਨ ਦਾ ਮੌਕਾ ਸੀ।
ਵਿੰਬਲਡਨ ਵਿਚ ਤੀਜੀ ਸੀਡ ਪਿਲਸਕੋਵਾ ਹਾਂਲਾਕਿ ਮੈਗਡਾਲਾਨਾ ਰਿਬਾਰੀਕੋਵਾ ਹੱਥੋਂ ਦੂਜੇ ਹੀ ਰਾਊਂਡ ਵਿਚ ਹਾਰ ਕੇ ਬਾਹਰ ਹੋ ਚੁੱਕੀ ਹੈ ਪਰ ਇਸ ਸਾਲ ਉਹ ਫ੍ਰੈਂਚ ਓਪਨ ਸੈਮੀਫਾਈਨਲ ਤੱਕ ਪਹੁੰਚੀ ਸੀ ਤੇ ਅੰਕ ਆਧਾਰਿਤ ਰੈਂਕਿੰਗ ਪ੍ਰਣਾਲੀ ਵਿਚ ਉਹ ਸਭ ਨੂੰ ਪਛਾੜ ਕੇ ਚੋਟੀ 'ਤੇ ਪਹੁੰਚ ਗਈ ਹੈ।
ਦਿਲਚਸਪ ਇਹ ਵੀ ਹੈ ਕਿ ਚੈੱਕ ਖਿਡਾਰਨ ਨੇ ਕਰੀਅਰ ਵਿਚ ਕਦੇ ਵੀ ਗ੍ਰੈਂਡ ਸਲੈਮ ਨਹੀਂ ਜਿੱਤਿਆ ਹੈ। ਉਸ ਨੇ ਇਸ ਸਾਲ ਬ੍ਰਿਸਬੇਨ, ਦੋਹਾ ਤੇ ਵਿੰਬਲਡਨ ਅਭਿਆਸ ਟੂਰਨਾਮੈਂਟ ਈਸਟਬੋਰਨ ਵਿਚ ਖਿਤਾਬ ਜਿੱਤੇ ਹਨ। ਮੋਂਟੇ ਕਾਰਲੋ ਦੀ ਰਹਿਣ ਵਾਲੀ ਪਿਲਸਕੋਵਾ ਸਾਲ 1975 ਵਿਚ ਸ਼ੁਰੂ ਹੋਏ ਰੈਂਕਿੰਗ ਸਿਸਟਮ ਤੋਂ ਬਾਅਦ ਨੰਬਰ ਇਕ ਬਣਨ ਵਾਲੀ ਚੈੱਕ ਗਣਰਾਜ ਦੀ ਪਹਿਲੀ ਮਹਿਲਾ ਖਿਡਾਰੀ ਹੈ।
ਚੈੱਕ ਗਣਰਾਜ ਦੀ ਜਨਮੀ ਤੇ 18 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਮਾਰਟਿਨਾ ਨਵਰਾਤਿਲੋਵਾ ਸਾਲ 1978 ਵਿਚ ਨੰਬਰ ਇਕ ਬਣੀ ਸੀ ਪਰ ਉਹ ਤਦ ਅਮਰੀਕਾ ਦੀ ਪ੍ਰਤੀਨਿਧਤਾ ਕਰਦੀ ਸੀ। ਜਰਮਨ ਖਿਡਾਰੀ ਕਰਬਰ 34 ਹਫਤੇ ਤੱਕ ਦੁਨੀਆ ਦੀ ਨੰਬਰ ਇਕ ਖਿਡਾਰੀ ਰਹੀ। ਉਸ ਨੂੰ ਚੋਟੀ ਸਥਾਨ 'ਤੇ ਬਣੇ ਰਹਿਣ ਲਈ ਵਿੰਬਲਡਨ ਫਾਈਨਲ ਵਿਚ ਪਹੁੰਚਣਾ ਜ਼ਰੂਰੀ ਸੀ ਪਰ ਉਸ ਨੂੰ ਆਖਰੀ-16 ਰਾਊਂਡ ਵਿਚ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਹਰਾ ਦਿੱਤਾ।
ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ
NEXT STORY