ਪੈਰਿਸ— 10ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019 ਦੇ ਪਹਿਲੇ ਹੀ ਦੌਰ ਵਿਚ ਪਸੀਨਾ ਵਹਾਉਣਾ ਪੈ ਗਿਆ, ਜਦਕਿ ਪੁਰਸ਼ ਸਿੰਗਲਜ਼ ਵਿਚ ਆਸਟਰੀਆ ਦੇ ਡੋਮਿਨਿਕ ਥਿਏਮ ਨੇ ਵੀ 131ਵੀਂ ਰੈਂਕਿੰਗ ਦੇ ਅਮਰੀਕੀ ਖਿਡਾਰੀ ਵਿਰੁੱਧ ਸੰਘਰਸ਼ ਕਰ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ।
ਕਾਲੇ ਰੰਗ ਦੀ ਸਟਾਈਲਿਸ਼ ਡ੍ਰੈੱਸ ਪਹਿਨ ਕੇ ਲਾਲ ਬੱਜਰੀ 'ਤੇ ਉੱਤਰੀ ਸੇਰੇਨਾ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਮੁਕਾਬਲੇ ਵਿਚ 83ਵੀਂ ਰੈਂਕਿੰਗ ਦੀ ਰੂਸ ਦੀ ਵਿਤਾਲੀਆ ਦਿਯਾਚੇਂਕੋ ਨੂੰ ਤਿੰਨ ਸੈੱਟਾਂ ਵਿਚ 2-6, 6-1, 6-0 ਨਾਲ ਹਰਾ ਕੇ ਦੂਜੇ ਦੌਰ ਵਿਚ ਪਹੁੰਚ ਗਈ। ਸੇਰੇਨਾ ਨੇ ਇਹ ਮੁਕਾਬਲਾ 1 ਘੰਟਾ 30 ਮਿੰਟ ਵਿਚ ਜਿੱਤਿਆ।
ਚੌਥੀ ਸੀਡ ਥਿਏਮ ਨੇ ਵਾਈਲਡ ਕਾਰਡਧਾਰੀ ਅਮਰੀਕਾ ਦੇ ਟਾਮੀ ਪੌਲ ਨੂੰ 2 ਘੰਟੇ 31 ਮਿੰਟ ਵਿਚ 6-4, 4-6, 7-6, 6-2 ਨਾਲ ਹਰਾਇਆ। ਵਿਸ਼ਵ ਵਿਚ 131ਵੀਂ ਰੈਂਕਿੰਗ ਦੇ ਪੌਲ ਨੇ ਥਿਏਮ ਤੋਂ ਦੂਜਾ ਸੈੱਟ ਖੋਹ ਲਿਆ ਪਰ ਥਿਏਮ ਨੇ ਤੀਜੇ ਸੈੱਟ ਦਾ ਟਾਈਬ੍ਰੇਕ 7-5 ਨਾਲ ਜਿੱਤਣ ਤੋਂ ਬਾਅਦ ਚੌਥੇ ਸੈੱਟ ਵਿਚ ਪੌਲ ਨੂੰ ਕੋਈ ਮੌਕਾ ਨਹੀਂ ਦਿੱਤਾ। 8ਵੀਂ ਸੀਡ ਅਰਜਨਟੀਨਾ ਦਾ ਜੁਆਨ ਮਾਰਟਿਨ ਡੇਲ ਪੋਤ੍ਰੋ ਤੇ ਨੌਵੀਂ ਸੀਡ ਇਟਲੀ ਦਾ ਫੇਬੀਓ ਫੋਗਨਿਨੀ ਵੀ ਚਾਰ ਸੈੱਟਾਂ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ਵਿਚ ਪਹੁੰਚਣ ਵਿਚ ਸਫਲ ਰਹੇ। ਡੇਲ ਪੋਤ੍ਰੋ ਨੇ ਚਿਲੀ ਦੇ ਨਿਕੋਲਸ ਜੈਰੀ ਨੂੰ 2 ਘੰਟੇ 7 ਮਿੰਟ ਵਿਚ 3-6, 6-2, 6-1, 6-4 ਨਾਲ ਹਰਾਇਆ, ਜਦਕਿ ਫੋਗਨਿਨੀ ਨੇ ਇਟਲੀ ਦੇ ਆਂਦ੍ਰਿਯਸ ਸੇਪੀ ਨੂੰ 2 ਘੰਟੇ 21 ਮਿੰਟ ਵਿਚ 6-3, 6-0, 3-6, 6-3 ਨਾਲ ਹਰਾਇਆ।
ਦਿਨ ਦੇ ਇਕ ਹੋਰ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਜਾਪਾਨ ਦੀ ਨਾਓਮੀ ਓਸਾਕਾ ਹਾਰਦੇ-ਹਾਰਦੇ ਬਚੀ। ਓਸਾਕਾ ਪਹਿਲੇ ਰਾਊਂਡ ਵਿਚ ਸਲੋਵਾਕੀਆ ਦੀ ਏਨਾ ਕੈਰੋਲਿਨਾ ਸ਼ੇਮਿਦਲੋਵਾ ਤੋਂ ਪਹਿਲਾ ਸੈੱਟ ਹਾਰ ਗਈ ਪਰ ਅੰਤ ਵਿਚ ਉਸ ਨੇ ਜਿੱਤ ਹਾਸਲ ਕਰ ਲਈ। ਉਸ ਨੇ ਇਹ ਮੁਕਾਬਲਾ 0-6, 7-6, 6-1 ਨਾਲ ਜਿੱਤਿਆ।
ਇੰਗਲੈਂਡ 'ਚ ਚਮਕਿਆ ਰਾਹੁਲ ਦਾ ਬੱਲਾ, ਅਭਿਆਸ ਮੈਚ 'ਚ ਲਗਾਇਆ ਸੈਂਕੜਾ
NEXT STORY