ਸਪੋਰਟਸ ਡੈਸਕ- ਨਿਊਜ਼ੀਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਸ਼੍ਰੇਅਸ ਅਈਅਰ ਨੇ ਟੈਸਟ ਡੈਬਿਊ ਕੀਤਾ। ਆਪਣੇ ਡੈਬਿਊ ਮੈਚ 'ਚ ਹੀ ਅਈਅਰ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਕੜਾ ਲਾ ਦਿੱਤਾ ਤੇ ਭਾਰਤੀ ਟੀਮ ਲਈ ਅਹਿਮ ਕਿਰਦਾਰ ਨਿਭਾਇਆ। ਜਦਕਿ ਦੂਜੀ ਪਾਰੀ 'ਚ ਜਦੋਂ ਭਾਰਤੀ ਟੀਮ ਮੁਸ਼ਕਲ ਹਾਲਾਤ ਤੋਂ ਗੁਜ਼ਰ ਰਹੀ ਸੀ ਤਾਂ ਅਈਅਰ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਲਾ ਦਿੱਤਾ। ਅਰਧ ਸੈਂਕੜਾ ਲਾਉਂਦੇ ਹੀ ਸ਼੍ਰੇਅਸ ਨੇ ਇਤਿਹਾਸ ਰਚ ਦਿੱਤਾ। ਸ਼੍ਰੇਅਸ ਅਈਅਰ ਭਾਰਤ ਲਈ ਟੈਸਟ ਮੈਚ 'ਚ ਡੈਬਿਊ 'ਚ ਸੈਂਕੜਾ ਤੇ ਅਰਧ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਇਹ ਵੀ ਪੜ੍ਹੋ : IND vs NZ : ਦੂਜੇ ਟੈਸਟ 'ਚ ਵਾਨਖੇੜੇ ਵਿਚ ਇੰਨੇ ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣਗੇ ਦਰਸ਼ਕ
ਸ਼੍ਰੇਅਸ ਅਈਅਰ ਜਦੋਂ ਦੂਜੀ ਪਾਰੀ 'ਚ ਭਾਰਤ ਲਈ ਬੱਲੇਬਾਜ਼ੀ ਕਰਨ ਆਏ ਤਾਂ ਭਾਰਤੀ ਟੀਮ ਦੀਆਂ 50 ਦੌੜਾਂ 'ਤੇ 4 ਵਿਕਟਾਂ ਡਿੱਗ ਚੁੱਕੀਆਂ ਸਨ। ਅਈਅਰ ਦੇ ਹੀ ਸਾਹਮਣੇ ਜਡੇਜਾ ਸਿਫ਼ਰ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ। ਭਾਰਤੀ ਟੀਮ ਨੇ ਸਿਰਫ਼ 51 ਦੌੜਾਂ 'ਤੇ ਆਪਣੀ ਅੱਧੀ ਟੀਮ ਗੁਆ ਦਿੱਤੀ। ਇਸ ਤੋਂ ਬਾਅਦ ਅਈਅਰ ਨੇ ਅਸ਼ਵਿਨ ਨਾਲ ਮਿਲ ਕੇ ਸਾਂਝੇਦਾਰੀ ਨਿਭਾਈ ਤੇ ਟੀਮ ਨੂੰ ਮੁਸ਼ਕਲ ਹਾਲਾਤ ਤੋਂ ਬਾਹਰ ਕੱਢਿਆ। ਅਈਅਰ ਨੇ ਦੂਜੀ ਪਾਰੀ 'ਚ 125 ਗੇਂਦਾਂ ਦਾ ਸਾਹਮਣਾ ਕੀਤਾ ਤੇ 65 ਦੌੜਾਂ ਦੀ ਪਾਰੀ ਖੇਡੀ ਜਿਸ 'ਚ 8 ਚੌਕੇ ਤੇ ਇਕ ਛੱਕਾ ਲਾਇਆ।
ਜਦਕਿ ਪਹਿਲੀ ਪਾਰੀ ਦੀ ਗੱਲ ਕਰੀਏ ਤਾਂ ਸ਼੍ਰੇਅਸ ਅਈਅਰ ਨਿਊਜ਼ੀਲੈਂਡ ਦੇ ਖ਼ਿਲਾਫ਼ ਪਹਿਲੀ ਪਾਰੀ 'ਚ ਸੈਂਕੜਾ ਜੜ ਕੇ ਅਜਿਹਾ ਕਰਨ ਵਾਲੇ 16ਵੇਂ ਬੱਲੇਬਾਜ਼ ਬਣੇ। ਅਈਅਰ ਨੇ ਆਪਣੀ 105 ਦੌੜਾਂ ਦੀ ਪਾਰੀ ਦੇ ਦੌਰਾਨ 171 ਗੇਂਦਾਂ ਦਾ ਸਾਹਮਣਾ ਕੀਤਾ। ਆਪਣੀ ਇਸ ਪਾਰੀ ਦੇ ਦੌਰਾਨ ਅਈਅਰ ਨੇ 15 ਚੌਕੇ ਤੇ 2 ਛੱਕੇ ਲਾਏ। ਅਈਅਰ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਹੀ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਦੇ ਸਾਹਮਣੇ 345 ਦੌੜਾਂ ਬਣਾਈਆਂ।
ਭਾਰਤ ਦੀਆਂ ਪਿੱਚਾਂ 'ਤੇ ਡੈਬਿਊ ਟੈਸਟ 'ਚ ਇਹ ਕਾਰਨਾਮਾ ਇਸ ਤੋਂ ਪਹਿਲਾਂ 1974 'ਚ ਕੈਰੇਬੀਅਨ ਬੱਲੇਬਾਜ਼ ਗਾਰਡਨ ਗ੍ਰੀਨਿਜ਼ (93 ਤੇ 160) ਤੇ 2006 'ਚ ਇੰਗਲੈਂਡ ਦੇ ਐਲੇਸਟਰ ਕੁਕ (60 ਤੇ 104 ਅਜੇਤੂ) ਨੇ ਕੀਤਾ। ਡੈਬਿਊ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੇ ਮਾਮਲੇ 'ਚ ਸ਼੍ਰੇਅਸ ਤੀਜੇ ਸਥਾਨ 'ਤੇ ਹਨ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣੇ ਪਹਿਲੇ ਟੈਸਟ 'ਚ 187 ਦੌੜਾਂ ਬਣਾਈਆਂ ਸਨ ਜਦਕਿ ਦੂਜੇ ਨੰਬਰ 'ਤੇ ਰੋਹਿਤ ਸ਼ਰਮਾ ਹਨ ਜਿਨ੍ਹਾਂ ਨੇ ਪਹਿਲੇ ਟੈਸਟ ਮੈਚ 'ਚ 177 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ ਟੈਸਟ ਡੈਬਿਊ 'ਚ 170 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : IND vs NZ : ਅਨਿਯਮਿਤ ਉਛਾਲ ਨੂੰ ਲੈ ਕੇ ਗ੍ਰੀਨ ਪਾਰਕ ਦੀ ਪਿੱਚ ’ਤੇ ਉੱਠੇ ਸਵਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs NZ : ਦੂਜੇ ਟੈਸਟ 'ਚ ਵਾਨਖੇੜੇ ਵਿਚ ਇੰਨੇ ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣਗੇ ਦਰਸ਼ਕ
NEXT STORY