ਸੈਂਚੁਰੀਅਨ– ਪਾਕਿਸਤਾਨ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਜਿੱਤ ਕੇ ਦੱਖਣੀ ਅਫਰੀਕਾ ਦੀਆਂ ਨਜ਼ਰਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਜਗ੍ਹਾ ਪੱਕੀ ਕਰਨ ’ਤੇ ਲੱਗੀਆਂ ਹਨ। ਦੱਖਣੀ ਅਫਰੀਕਾ ਨੂੰ ਲਾਰਡਜ਼ ’ਤੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਜਗ੍ਹਾ ਬਣਾਉਣ ਲਈ ਇਸ ਚੱਕਰ ਦੇ ਬਾਕੀ 2 ’ਚੋਂ ਇਕ ਟੈਸਟ ਜਿੱਤਣਾ ਜ਼ਰੂਰੀ ਹੈ। ਕਪਤਾਨ ਤੇਂਬਾ ਬਾਵੂਮਾ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਟੀਮ 2 ਟੈਸਟ ਮੈਚਾਂ ਦੀ ਅਗਲੀ ਲੜੀ ’ਚ ਉਮੀਦਾਂ ’ਤੇ ਪੂਰੀ ਉਤਰੇਗੀ।
ਬਾਵੂਮਾ ਨੇ ਕਿਹਾ,‘ਉਮੀਦਾਂ ਦਾ ਦਬਾਅ ਤਾਂ ਹੈ ਪਰ ਅਸੀਂ ਲੜੀ 2-0 ਨਾਲ ਜਿੱਤਣ ਦੇ ਇਰਾਦੇ ਨਾਲ ਉਤਰਾਂਗੇ। ਸਾਨੂੰ ਪਤਾ ਹੈ ਕਿ ਇਸ ਲਈ ਇਕ ਟੀਮ ਦੇ ਰੂਪ ’ਚ ਸਾਨੂੰ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ।’ ਦੱਖਣੀ ਅਫਰੀਕਾ ਨੇ ਟੀਮ ’ਚ 4 ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ’ਚ 140 ਕਿਲੋਮੀਟਰ ਦੀ ਰਫਤਾਰ ਨਾਲ ਗੇਂਦ ਸੁੱਟਣ ਵਾਲਾ ਕੋਰਬਿਨ ਬਾਸ਼ ਆਪਣੇ ਸ਼ਹਿਰ ’ਚ ਟੈਸਟ ਕਰੀਅਰ ਦੀ ਸ਼ੁਰੂਆਤ ਕਰੇਗਾ।
ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਅਤੇ ਮਾਰਕੋ ਜਾਨਸੇਨ ਨਾਲ ਡੇਨ ਪੀਟਰਸਨ ਅਤੇ ਬਾਸ਼ ਤੇਜ਼ ਗੇਂਦਬਾਜ਼ੀ ਦਾ ਜ਼ਿੰਮਾ ਸੰਭਾਲਣਗੇ। ਪਿਛਲੇ 6 ਸਾਲਾਂ ’ਚ ਸੈਂਚੁਰੀਅਨ ਦੀ ਪਿੱਚ ’ਤੇ ਤੇਜ਼ ਗੇਂਦਬਾਜ਼ਾਂ ਦਾ ਜਲਵਾ ਰਿਹਾ ਹੈ, ਜਿਨ੍ਹਾਂ ਨੇ 227 ਵਿਕਟਾਂ ਲਈਆਂ ਜਦਕਿ ਸਪਿੰਨਰਾਂ ਨੂੰ 16 ਵਿਕਟਾਂ ਹੀ ਮਿਲੀਆਂ। ਦੱਖਣੀ ਅਫਰੀਕਾ ਨੂੰ ਵਨ ਡੇਅ ਲੜੀ ’ਚ ਪਾਕਿਸਤਾਨ ਦੇ ਹੱਥੋਂ 0-3 ਨਾਲ ਹਾਰ ਝੱਲਣੀ ਪਈ ਹੈ। ਹਾਲਾਂਕਿ ਇਸ ਤੋਂ ਉੱਭਰ ਕੇ ਟੈਸਟ ਲੜੀ ’ਚ ਜਿੱਤ ਦੀ ਰਾਹ ’ਤੇ ਮੁੜਨਾ ਆਸਾਨ ਨਹੀਂ ਹੋਵੇਗਾ।
ਪਾਕਿਸਤਾਨ ਨੇ ਦੱਖਣੀ ਅਫਰੀਕਾ ’ਚ 15 ’ਚੋਂ ਸਿਰਫ 2 ਟੈਸਟ ਜਿੱਤੇ ਹਨ ਅਤੇ 12 ਗੁਆਏ ਹਨ। ਡਬਲਯੂ. ਟੀ. ਸੀ. ਅੰਕ ਸੂਚੀ ’ਚ ਪਾਕਿਸਤਾਨ 7ਵੇਂ ਨੰਬਰ ’ਤੇ ਹੈ ਅਤੇ ਇਸ ਚੱਕਰ ’ਚ ਆਕਿਬ ਜਾਵੇਦ ਟੀਮ ਦੇ ਚੌਥੇ ਮੁੱਖ ਕੋਚ ਹਨ। ਮਿਕੀ ਆਰਥਰ ਅਤੇ ਮੁਹੰਮਦ ਹਾਫਿਜ਼ ਨੇ ਇਕ ਲੜੀ ਤੋਂ ਬਾਅਦ ਹੀ ਅਹੁਦਾ ਛੱਡ ਦਿੱਤਾ ਜਦਕਿ ਜੈਸਨ ਗਿਲੇਸਪੀ ਨੇ ਇਸ ਟੈਸਟ ਤੋਂ 2 ਹਫਤੇ ਪਹਿਲਾਂ ਹੀ ਅਹੁਦਾ ਛੱਡਿਆ ਹੈ।
ਕੋਹਲੀ ਨਾਲ ਹੋਈ ਲੜਾਈ 'ਤੇ 19 ਸਾਲਾ ਮੁੰਡੇ ਨੇ ਦਿੱਤਾ ਪਹਿਲਾ ਬਿਆਨ, ਮੀਡੀਆ ਮੂਹਰੇ ਆਖ਼ੀ ਇਹ ਗੱਲ
NEXT STORY