ਚੰਡੀਗੜ੍ਹ (ਭਾਸ਼ਾ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਇੱਥੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2023-24 ਲਈ 1.96 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਵਿੱਚ ਖੇਤੀਬਾੜੀ, ਸਿੱਖਿਆ ਅਤੇ ਸਿਹਤ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਚੀਮਾ ਨੇ ਕਿਹਾ ਕਿ ਸਿੱਖਿਆ, ਸਿਹਤ ਅਤੇ ਖੇਤੀਬਾੜੀ ਖੇਤਰ ਸਰਕਾਰ ਲਈ ਤਰਜੀਹੀ ਖੇਤਰ ਹਨ। ਰਾਜ ਦੇ ਵਿੱਤ ਮੰਤਰੀ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਲਈ ਕੁੱਲ ਬਜਟ ਦਾ ਆਕਾਰ ਪਿਛਲੇ ਵਿੱਤੀ ਸਾਲ ਭਾਵ 2022-23 ਦੇ ਮੁਕਾਬਲੇ 26 ਫ਼ੀਸਦੀ ਵਧਾ ਕੇ 1,96,462 ਕਰੋੜ ਰੁਪਏ ਕਰ ਦਿੱਤਾ ਗਿਆ ਹੈ। 'ਆਪ' ਸਰਕਾਰ ਦਾ ਇਹ ਪਹਿਲਾ ਪੂਰਾ ਬਜਟ ਹੈ।
ਵਿੱਤ ਮੰਤਰੀ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਪਹਿਲਕਦਮੀਆਂ ਕਰਨ ਲਈ 258 ਕਰੋੜ ਰੁਪਏ ਦੀ ਵੰਡ ਵਿੱਤੀ ਸਾਲ 2023-24 ਲਈ ਰਾਖਵੀਂ ਕਰਨ ਦੀ ਤਜਵੀਜ ਰੱਖੀ ਹੈ, ਜੋ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ 55 ਫ਼ੀਸਦੀ ਵੱਧ ਹੈ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਅਤੇ ਪ੍ਰਤਿਭਾਸ਼ਾਲੀ ਖ਼ਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਆਪਣੀ ਪਹੁੰਚ ਨੂੰ ਬਦਲਿਆ ਹੈ, ਜਿਸ ਦੀ ਸ਼ੁਰੂਆਤ ਕਰਦਿਆਂ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਦੇ ਖੇਡ ਟੂਰਨਾਮੈਂਟ 'ਖੇਡਾਂ ਵਤਨ ਪੰਜਾਬ ਦੀਆਂ-2022' ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿਚ ਲਗਭਗ 3 ਲੱਖ ਖ਼ਿਡਾਰੀਆਂ ਨੇ ਹਿੱਸਾ ਲਿਆ ਅਤੇ 9,961 ਜੇਤੂ ਖ਼ਿਡਾਰੀਆਂ ਨੂੰ 7 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਕਾਰੀ 'ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ' ਨੂੰ ਮੁੜ ਸੁਰਜੀਤ ਕੀਤਾ ਹੈ ਅਤੇ ਇਸ ਤਹਿਤ ਹਰੇਕ ਜ਼ਿਲ੍ਹੇ ਵਿਚੋਂ 2 ਨੌਜਵਾਨਾਂ ਨੂੰ ਚੁਣਿਆ ਜਾਵੇਗਾ ਅਤੇ ਇਕ ਮੈਡਲ, 51,000 ਰੁਪਏ ਦੀ ਰਾਸ਼ੀ ਤੇ ਇਕ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ 'ਤੇ ਬਹੁ ਮੰਤਵੀ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ 46 ਕਰੋੜ ਰੁਪਏ ਦੇ 32 ਪ੍ਰੋਜੈਕਟਾਂ ਵਿਚੋਂ 33 ਕਰੋੜ ਰੁਪਏ ਦੇ 22 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਦੇ ਜਲਦੀ ਹੀ ਮੁਕੰਮਲ ਕੀਤੇ ਜਾਣਗੇ। ਵਿੱਤੀ ਸਾਲ 2023-24 ਵਿਚ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ, ਅਪਗ੍ਰੇਡੇਸ਼ਨ ਅਤੇ ਮਜ਼ਬੂਤੀਕਰਨ ਲਈ 35 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਸਤਾਵ ਰੱਖਿਆ ਹੈ ਅਤੇ ਵਿੱਤੀ ਸਾਲ 2023-24 ਦੌਰਾਨ ਖੇਡਾਂ ਦੇ ਸਾਮਾਨ ਦੀ ਖ਼ਰੀਦ ਲਈ 3 ਕਰੋੜ ਰੁਪਏ ਦੇ ਸ਼ੁਰੂਆਤੀ ਬਜਟ ਦੀ ਤਜਵੀਜ਼ ਰੱਖੀ ਹੈ। ਪਟਿਆਲਾ ਵਿਖੇ ਸਪੋਰਟਸ ਯੂਨੀਵਰਸਿਟੀ ਤੋਂ ਵਿਸ਼ੇਸ਼ ਖੇਤਰਾਂ ਵਿਚ ਖੇਡ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਹਰਪਾਲ ਚੀਮਾ ਨੇ ਕਿਹਾ ਕਿ ਯੂਨੀਵਰਸਿਟੀ ਲਈ ਵਿੱਤੀ ਸਾਲ 2023-24 ਵਿਚ ਕੈਂਪਸ ਦੇ ਬੁਨਿਆਦੀ ਢਾਂਚੇ ਅਤੇ ਇਸ ਦੇ ਸੰਘਟਕ ਕਾਲਜਾਂ ਦੇ ਖ਼ਰਚਿਆਂ ਨਾਲ ਸਬੰਧਤ ਕੰਮਾਂ ਦੇ ਦੂਜੇ ਪੜਾਅ ਲਈ 53 ਕਰੋੜ ਰੁਪਏ ਦਾ ਉਪਬੰਧ ਕਰਨ ਦੀ ਤਜਵੀਜ ਰੱਖੀ ਗਈ ਹੈ।
ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਦਿਹਾਂਤ
NEXT STORY