ਲੰਡਨ- ਇੰਗਲੈਂਡ ਵਿਰੁੱਧ ਚੌਥੇ ਟੈਸਟ ਤੋਂ ਪਹਿਲਾਂ ਲੰਬੇ ਫਰਕ ਦੇ ਨਾਲ, ਭਾਰਤ ਨੂੰ ਓਲਡ ਟ੍ਰੈਫਡਰ ਵਿਚ ਹੋਣ ਵਾਲੇ ਮੈਚ ਲਈ ਆਪਣੀ ਆਖਰੀ-11 ਦੇ ਸਬੰਧ ਵਿਚ ਮਹੱਤਵਪੂਰਨ ਫੈਸਲਾ ਲੈਣਾ ਹੈ। ਲਾਰਡਸ ਵਿਚ ਇਕ ਨੇੜਲੇ ਮੁਕਾਬਲੇ ਵਿਚ ਹਾਰ ਜਾਣ ਤੋਂ ਬਾਅਦ 5 ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਪਿਛੜ ਰਹੀ ਮਹਿਮਾਨ ਟੀਮ ਨੂੰ ਵਿਕਟਕੀਪਰ ਰਿਸ਼ਭ ਪੰਤ ਦੀ ਉਂਗਲੀ ਵਿਚ ਸੱਟ ਲੱਗਣ ਤੋਂ ਬਾਅਦ ਇਕ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਸਹਾਇਕ ਕੋਚ ਰਿਆਨ ਟੇਨ ਡੋਏਸ਼ਕਾਟੇ ਨੂੰ ਉਮੀਦ ਹੈ ਕਿ 27 ਸਾਲਾ ਪੰਤ ਠੀਕ ਹੋ ਕੇ ਚੌਥੇ ਟੈਸਟ ਵਿਚ ਖੇਡੇਗਾ।
ਡੋਏਸ਼ਕਾਟੇ ਨੇ ਇੱਥੇ ਕਿਹਾ, ‘‘ਪੰਤ ਟੈਸਟ ਤੋਂ ਪਹਿਲਾਂ ਮਾਨਚੈਸਟਰ ਵਿਚ ਬੱਲੇਬਾਜ਼ੀ ਕਰੇਗਾ। ਦੇਖੋ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਰਿਸ਼ਭ ਨੂੰ ਟੈਸਟ ਵਿਚੋਂ ਬਾਹਰ ਰੱਖੋਗੇ, ਭਾਵੇਂ ਕੁਝ ਵੀ ਹੋ ਜਾਵੇ।’’ਉਸ ਨੇ ਕਿਹਾ, ‘‘ਤੀਜੇ ਟੈਸਟ ਵਿਚ ਪੰਤ ਨੇ ਕਾਫੀ ਦਰਦ ਦੇ ਨਾਲ ਬੱਲੇਬਾਜ਼ੀ ਕੀਤੀ ਤੇ ਹੁਣ ਉਸਦੀ ਉਂਗਲੀ ਲਈ ਇਹ ਹੋਰ ਵੀ ਆਸਾਨ ਹੁੰਦਾ ਜਾਵੇਗਾ ਤੇ ਕੀਪਿੰਗ ਨਿਸ਼ਚਿਤ ਰੂਪ ਨਾਲ ਇਸ ਪ੍ਰਕਿਰਿਆ ਦਾ ਆਖਰੀ ਪੜਾਅ ਹੈ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਉਹ ਕੀਪਿੰਗ ਕਰ ਸਕੇ। ਅਸੀਂ ਫਿਰ ਤੋਂ ਉਸ ਦੌਰ ਵਿਚੋਂ ਨਹੀਂ ਲੰਘਣਾ ਚਾਹੁੰਦੇ ਜਿੱਥੇ ਸਾਨੂੰ ਪਾਰੀ ਵਿਚਾਲੇ ਵਿਚ ਹੀ ‘ਕੀਪਰ’ ਬਦਲਣਾ ਪਵੇ।
ਲਾਰਡਸ ਵਿਚ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਸੱਟ ਲੱਗਣ ਤੋਂ ਬਾਅਦ ਪੰਤ ਨੇ ਦੋਵਾਂ ਪਾਰੀਆਂ ਵਿਚ ਬੱਲੇਬਾਜ਼ੀ ਕੀਤੀ ਪਰ ਵਿਕਟਕੀਪਿੰਗ ਨਹੀਂ ਕਰ ਸਕਿਆ। ਉਸਦੀ ਜਗ੍ਹਾ ਧਰੁਵ ਜੁਰੈਲ ਨੂੰ ਵਿਕਟਕੀਪਿੰਗ ਲਈ ਲਾਇਆ ਗਿਆ। ਡੋਏਸ਼ਕਾਟੇ ਨੇ ਕਿਹਾ ਕਿ ਜੁਰੈਲ ਦਾ ਨਾਂ ਵੀ ਸ਼ਾਮਲ ਹੈ ਪਰ ਮੇਰਾ ਮਤਲਬ ਹੈ ਕਿ ਜੇਕਰ ਰਿਸ਼ਭ ਫਿੱਟ ਹੁੰਦਾ ਹੈ ਤਾਂ ਉਹ ਅਗਲਾ ਟੈਸਟ ਖੇਡੇਗਾ ਤੇ ਦੋਵੇਂ ਹੀ ਭੂਮਿਕਾਵਾਂ ਨਿਭਾਏਗਾ।
ਚੋਣ ਦੇ ਸਬੰਧ ਵਿਚ ਇਕ ਹੋਰ ਮਹੱਤਵਪੂਰਨ ਫੈਸਲਾ ਨੰਬਰ-1 ਟੈਸਟ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਹੈ। ਭਾਰਤ ਨੇ ਬੁਮਰਾਹ ਨੂੰ ਉਸਦੇ ਕਾਰਜਭਾਰ ਨੂੰ ਘੱਟ ਕਰਨ ਲਈ ਐਜਬੈਸਟਨ ਵਿਚ ਦੂਜੇ ਟੈਸਟ ਵਿਚੋਂ ਆਸਾਮ ਦਿੱਤਾ ਸੀ ਤੇ ਇਕ ਆਈ. ਸੀ. ਸੀ. ਰਿਪੋਰਟ ਅਨੁਸਾਰ, ਮਾਨਚੈਸਟਰ ਟੈਸਟ ਲਈ ਇਸ ਤੇਜ਼ ਗੇਂਦਬਾਜ਼ ਦੀ ਉਪਲੱਬਧਤਾ ਸਪੱਸ਼ਟ ਨਹੀਂ ਹੈ। ਡੋਏਸ਼ਕਾਟੇ ਨੇ ਕਿਹਾ, ‘‘ਨਹੀਂ, ਅਸੀਂ ਬੁਮਰਾਹ ਦੇ ਬਾਰੇ 'ਚ ਮਾਨਚੈਸਟਰ ਵਿਚ ਹੀ ਫੈਸਲਾ ਕਰਾਂਗੇ।’’ ਉਸ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਅਸੀਂ ਉਸ ਨੂੰ ਆਖਰੀ ਦੋ ਟੈਸਟ ਮੈਚਾਂ ਵਿਚੋਂ ਇਕ ਲਈ ਟੀਮ ਵਿਚ ਸ਼ਾਮਲ ਕਰ ਲਿਆ ਹੈ। ਇਹ ਬਿਲਕੁਲ ਸਾਫ ਹੈ ਕਿ ਮਾਨਚੈਸਟਰ ਵਿਚ ਹੁਣ ਸੀਰੀਜ਼ ਦਾਅ ’ਤੇ ਹੈ, ਇਸ ਲਈ ਉਸ ਨੂੰ ਖਿਡਾਉਣ ਦੀ ਸੰਭਾਵਨਾ ਜ਼ਿਆਦਾ ਹੈ।’’
ਦੋ ਟੈਸਟ ਮੈਚਾਂ ਵਿਚ 12 ਵਿਕਟਾਂ ਲੈ ਕੇ ਬੁਮਰਾਹ ਮੌਜੂਦਾ ਸੀਰੀਜ਼ ਵਿਚ ਭਾਰਤ ਦਾ ਦੂਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸ ਤੋਂ ਅੱਗੇ ਮੁਹੰਮਦ ਸਿਰਾਜ ਹੈ, ਜਿਸ ਨੇ ਆਪਣੇ ਤਿੰਨੇ ਮੈਚਾਂ ਵਿਚ 13 ਵਿਕਟਾਂ ਲਈਆਂ ਹਨ। ਡੋਏਸ਼ਕਾਟੇ ਨੇ ਕਿਹਾ ਕਿ ਭਾਰਤ ਅਗਲੇ ਟੈਸਟ ਤੋਂ ਪਹਿਲਾਂ ਸਿਰਾਜ ਦੇ ਕਾਰਜਭਾਰ ਦਾ ਮੁਲਾਂਕਣ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਗੱਲ ਨੂੰ ਹਲਕੇ ਵਿਚ ਲੈਂਦੇ ਹਾਂ ਕਿ ਅਸੀਂ ਕਿੰਨੇ ਲੱਕੀ ਹਾਂ ਕਿ ਸਾਡੇ ਕੋਲ ਅਜਿਹਾ ਕੋਈ ਹੈ।
ਡੋਏਸ਼ਕਾਟੇ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਉਹ ਹਮੇਸ਼ਾ ਰਿਟਰਨ ਨਹੀਂ ਦਿੰਦਾ, ਜਿਸ ਦੀ ਤੁਸੀਂ ਇਕ ਤੇਜ਼ ਗੇਂਦਬਾਜ਼ ਤੋਂ ਉਮੀਦ ਕਰਦੇ ਹੋ ਪਰ ਦਿਲ ਦੇ ਮਾਮਲੇ ਵਿਚ ਉਹ ‘ਸ਼ੇਰ’ ਵਰਗਾ ਹੈ। ਜਦੋਂ ਗੇਂਦ ਉਸਦੇ ਹੱਥ ਵਿਚ ਹੁੰਦੀ ਹੈ ਤਾਂ ਉਹ ਇਸ ਗੇਂਦਬਾਜ਼ੀ ਹਮਲੇ ਵਿਚ ਜੋ ਲਿਆਉਂਦਾ ਹੈ, ਉਸ ਤੋਂ ਹਮੇਸ਼ਾ ਅਜਿਹਾ ਲੱਗਦਾ ਹੈ ਕਿ ਕੁਝ ਹੋਣ ਵਾਲਾ ਹੈ।’’
ਉਸ ਨੇ ਕਿਹਾ ਕਿ ਸਿਰਾਜ ਆਪਣੇ ਕਾਰਜਕਾਰ ਭਾਰ ਤੋਂ ਪਿੱਛੇ ਹੱਟਣ ਵਾਲਾ ਵਿਅਕਤੀ ਨਹੀਂ ਹੈ, ਇਸ ਲਈ ਸਾਡੇ ਲਈ ਉਸਦੇ ਕਾਰਜਭਾਰ ਦਾ ਪ੍ਰਬੰਧ ਕਰਨਾ ਤੇ ਇਹ ਤੈਅ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਉਹ ਆਪਣਾ ਸਰਵੋਤਮ ਦੇਣ ਲਈ ਫਿੱਟ ਰਹੇ।
ਭਾਰਤ ਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ 23 ਜੁਲਾਈ ਤੋਂ ਓਲਡ ਟ੍ਰੈਫਡਰ, ਮਾਨਚੈਸਟਰ ਵਿਚ ਹੋਵੇਗਾ।
ਲਾਰਡਸ ਟੈਸਟ ’ਚ ਜਬਰਦਸਤ ਖੇਡ ਦਿਖਾ ਭਾਰਤ ਦਾ ਸਭ ਤੋਂ ਕੀਮਤੀ ਖਿਡਾਰੀ ਬਣਿਆ ਜਡੇਜਾ
NEXT STORY