ਨਵੀਂ ਦਿੱਲੀ, (ਏਜੰਸੀ)–ਕੌਮਾਂਤਰੀ ਪੱਧਰ ’ਤੇ ਸੋਨੇ ਦੀਆਂ ਕੀਮਤਾਂ ’ਚ ਆਈ ਤੇਜ਼ ਬੜ੍ਹਤ ਦਾ ਅਸਰ ਖੇਡ ਜਗਤ ਦੀ ਸਭ ਤੋਂ ਵੱਕਾਰੀ ਟਰਾਫੀ ’ਤੇ ਵੀ ਦਿਖਾਈ ਦੇ ਰਿਹਾ ਹੈ, ਜਿੱਥੇ ਫੀਫਾ ਵਿਸ਼ਵ ਕੱਪ ਟਰਾਫੀ ’ਚ ਮੌਜੂਦ ਸੋਨੇ ਦਾ ਮੁੱਲ ਵੱਧ ਕੇ ਲੱਗਭਗ 7.13 ਲੱਖ ਡਾਲਰ (ਲੱਗਭਗ 6.73 ਕਰੋੜ ਰੁਪਏ) ਪਹੁੰਚ ਗਿਆ ਹੈ। ਵਿੱਤੀ ਬਾਜ਼ਾਰ ਡੇਟਾ ਪ੍ਰਦਾਤਾ ਐੱਲ.ਐੱਸ.ਈ.ਜੀ. ਦੇ ਮੁਤਾਬਕ ਇਹ ਅੰਕੜਾ 2022 ਵਿਸ਼ਵ ਕੱਪ ਦੇ ਸਮੇਂ ਦੀ ਤੁਲਨਾ ’ਚ ਦੁਗਣੇ ਤੋਂ ਵੀ ਜ਼ਿਆਦਾ ਹੈ।
ਵਿਸ਼ਵ ਕੱਪ ਟਰਾਫੀ 18 ਕੈਰੇਟ ਸੋਨੇ ਦੀ ਬਣੀ ਹੋਈ ਹੈ ਤੇ ਇਸ ਦਾ ਕੁੱਲ ਭਾਰ 6.175 ਕਿ. ਗ੍ਰਾ. ਹੈ ਜਿਸ ’ਚ ਲੱਗਭਗ 4.93 ਕਿ. ਗ੍ਰਾ. ਸ਼ੁੱਧ ਸੋਨਾ ਸ਼ਾਮਲ ਹੈ। ਭੂ-ਰਾਜਨੀਤਿਕ ਤਣਾਅ, ਕੌਮਾਂਤਰੀ ਵਪਾਰ ਅਨਿਸ਼ਚਿਤਤਾ ਤੇ ਆਰਥਿਕ ਵਿਕਾਸ ਦੀ ਹੌਲੀ ਰਫਤਾਰ ਵਿਚਾਲੇ ਸੋਨੇ ਦੀਆਂ ਕੀਮਤਾਂ ’ਚ ਆਈ ਤੇਜ਼ੀ ਨੇ ਟਰਾਫੀ ਦੇ ਮੁੱਲ ਨੂੰ ਵੀ ਨਵੀਆਂ ਉਚਾਈਆਂ ’ਤੇ ਪਹੁੰਚਾ ਦਿੱਤਾ ਹੈ।
ਐੱਲ.ਐੱਸ.ਈ.ਜੀ. ਮੈਟਲਸ ਰਿਸਰਚ ਦੇ ਸੀਨੀਅਰ ਧਾਤੂ ਵਿਸ਼ਲੇਸ਼ਕ ਦੇਬਾਜਿਤ ਸਾਹਾ ਨੇ ਕਿਹਾ, ‘‘ਸੋਨੇ ਦੀਆਂ ਕੀਮਤਾਂ ’ਚ ਹਾਲ ਦੇ ਉੱਚਤਮ ਪੱਧਰਾਂ ਤੋਂ ਕੁਝ ਨਰਮੀ ਆਈ ਹੈ ਪਰ ਲੰਬੇ ਸਮੇਂ ਦਾ ਰੁਝਾਨ ਅਜੇ ਵੀ ਬੇਹੱਦ ਉਲੇਖਯੋਗ ਬਣਿਆ ਹੋਇਆ ਹੈ।’’
ਉਸ ਨੇ ਕਿਹਾ, ‘‘ਖਿਡਾਰੀਆਂ ਲਈ ਵਿਸ਼ਵ ਕੱਪ ਟਰਾਫੀ ਦਾ ਮਹੱਤਵ ਅਮੁੱਲ ਹੈ ਪਰ ਇਸ ’ਚ ਮੌਜੂਦ ਸੋਨੇ ਦਾ ਮੁੱਲ ਰੋਮਾਂਚਕ ਅੰਕੜਾ ਪੇਸ਼ ਕਰਦਾ ਹੈ ਕਿ ਸਾਲਾਂ ’ਚ ਕੀਮਤੀ ਧਾਤੂ ਦੀ ਕੀਮਤ ਕਿੰਨੀ ਤੇਜ਼ੀ ਨਾਲ ਵਧੀ ਹੈ।’’ ਜਦੋਂ ਅਰਜਨਟੀਨਾ ਨੇ 2022 ’ਚ ਕਤਰ ’ਚ ਆਯੋਜਿਤ ਵਿਸ਼ਵ ਕੱਪ ਜਿੱਤਿਆ ਸੀ ਉਦੋਂ ਟਰਾਫੀ ਦੇ ਸੋਨੇ ਦਾ ਮੁੱਲ ਲੱਗਭਗ 2.77 ਲੱਖ ਡਾਲਰ ਸੀ। ਉੱਥੇ ਹੀ, 1974 ਵਿਸ਼ਵ ਕੱਪ ਤੋਂ ਪਹਿਲਾਂ ਮੌਜੂਦਾ ਡਿਜ਼ਾਈਨ ਦੀ ਸ਼ੁਰੂਆਤ ਦੇ ਸਮੇਂ ਇਸ ਦੀ ਕੀਮਤ ਕਰੀਬ 25,000 ਡਾਲਰ ਸੀ। ਵਿਸ਼ਵ ਦੀਆਂ ਪ੍ਰਮੁੱਖ ਖੇਡ ਟਰਾਫੀਆਂ ’ਚ ਫੀਫਾ ਵਿਸ਼ਵ ਕੱਪ ਟਰਾਫੀ ਇਕੱਲੀ ਅਜਿਹੀ ਟਰਾਫੀ ਹੈ ਜੋ ਸੋਨੇ ਤੋਂ ਬਣੀ ਹੈ। ਇਸ ਮੁਕਾਬਲੇ ਯੂ. ਐੱਫ. ਏ. ਚੈਂਪੀਅਨਜ਼ ਲੀਗ ਤੇ ਯੂ. ਐੱਫ. ਏ. ਯੂਰੋਪਾ ਲੀਗ ਦੀਆਂ ਟਰਾਫੀਆਂ ਸਟਰਲਿੰਗ ਸਿਲਵਰ ਤੋਂ ਬਣੀਆਂ ਹਨ, ਜਿਨ੍ਹਾਂ ਦੀ ਅਨੁਮਾਨਿਤ ਧਾਤੂ-ਆਧਾਰਿਤ ਕੀਮਤ ਕ੍ਰਮਵਾਰ 16,950 ਡਾਲਰ ਤੇ 22,600 ਡਾਲਰ ਹੈ। ਅਮਰੀਕਾ ’ਚ ਇੰਡੀਆਨਪੋਲਿਸ 500 (ਮੋਟਰ ਰੇਸਿੰਗ ਪ੍ਰਤੀਯੋਗਿਤਾ) ਦੇ ਜੇਤੂ ਨੂੰ ਦਿੱਤੀ ਜਾਣ ਵਾਲੀ ਬੋਰਗ-ਵਾਰਨਰ ਟਰਾਫੀ ਸਭ ਤੋਂ ਕੀਮਤੀ ਤੇ ਭਾਰੀ ਟਰਾਫੀਆਂ ’ਚ ਸ਼ਾਮਲ ਹੈ। 1.62 ਮੀਟਰ ਉੱਚੀ ਇਸ ਟਰਾਫੀ ’ਚ ਲੱਗਭਗ 69 ਕਿ. ਗ੍ਰਾ. ਸਟਰਲਿੰਗ ਸਿਲਵਰ ਹੈ, ਜਿਸ ਦੀ ਅਨੁਮਾਨਿਤ ਧਾਤੂ ਕੀਮਤ 1.56 ਲੱਖ ਡਾਲਰ ਹੈ।
-ਵਿਸ਼ਵ ਕੱਪ ਦਾ ਅੱਧੇ ਤੋਂ ਜ਼ਿਆਦਾ ਸਫਰ ਪੂਰਾ, ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਗੋਲਾਂ ਦਾ ਰਿਕਾਰਡ ਟੁੱਟਣ ਦੇ ਨੇੜੇ
ਮਿਆਮੀ ਗਾਰਡਨਸ (ਅਮਰੀਕਾ), (ਏਜੰਸੀ)- ਫੁੱਟਬਾਲ ਵਿਸ਼ਵ ਕੱਪ ’ਚ ਬੁੱਧਵਾਰ ਨੂੰ ਅੱਧਾ ਸਫਰ ਪੂਰਾ ਹੋ ਗਿਆ। ਅਸਲ ’ਚ ਅੱਧੇ ਤੋਂ ਜ਼ਿਆਦਾ ਕਿਉਂਕਿ 104 ਮੈਚਾਂ ਵਾਲੀ ਪ੍ਰਤੀਯੋਗਿਤਾ ’ਚ 54 ਮੈਚ ਖੇਡੇ ਜਾ ਚੁੱਕੇ ਹਨ ਤੇ 19 ਜੁਲਾਈ ਨੂੰ ਨਿਊ ਜਰਸੀ ਦੇ ਈਸਟ ਰਦਰਫੋਰਡ ’ਚ ਵਿਸ਼ਵ ਕੱਪ ਚੈਂਪੀਅਨ ਦਾ ਫੈਸਲਾ ਹੋਣ ਤੋਂ ਪਹਿਲਾਂ 50 ਮੈਚ ਬਾਕੀ ਹਨ। ਅਮਰੀਕਾ ‘ਰਾਊਂਡ ਆਫ 32’ ਵਿਚ ਪਹੁੰਚ ਗਿਆ ਹੈ ਜਿਹੜੀ ਹੈਰਾਨੀ ਦੀ ਗੱਲ ਨਹੀਂ ਹੈ। ਇਤਿਹਾਸ ਦੇ ਸਭ ਤੋਂ ਵੱਡੇ ਵਿਸ਼ਵ ਕੱਪ ਦੇ ਦੋ ਹੋਰ ਮੇਜ਼ਬਾਨ ਦੇਸ਼ ਮੈਕਸੀਕੋ ਤੇ ਕੈਨੇਡਾ ਵੀ ਨਾਕਆਊਟ ਪੜਾਅ ’ਚ ਪਹੁੰਚ ਗਏ ਹਨ। ਟੂਰਨਾਮੈਂਟ ’ਚ ਸਟਾਰ ਖਿਡਾਰੀ ਜ਼ਬਰਦਸਤ ਖੇਡ ਦਿਖਾ ਰਹੇ ਹਨ। ਅਰਜਨਟੀਨਾ ਦੇ ਲਿਓਨਲ ਮੈਸੀ ਨੇ 5 ਗੋਲ ਕੀਤੇ ਹਨ ਤੇ ਉਸ ਨੂੰ ਉਮੀਦ ਹੈ ਕਿ ਇਹ ਲਗਾਤਾਰ ਦੂਸਰੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਣ ਵੱਲ ਇਕ ਚੰਗੀ ਸ਼ੁਰੂਆਤ ਹੋਵੇਗੀ। ਫਰਾਂਸ ਦੇ ਕਾਇਲਿਆਨ ਐਮਬਾਪੇ ਨੇ 4 ਗੋਲ ਕੀਤੇ ਹਨ ਜਦਕਿ ਨਾਰਵੇ ਦੇ ਐਰਲਿੰਗ ਹਾਲੈਂਡ ਤੇ ਬ੍ਰਾਜ਼ੀਲ ਦੇ ਵਿਨੀਸਿਅਸ ਜੂਨੀਅਰ ਨੇ ਵੀ 4-4 ਗੋਲ ਕੀਤੇ ਹਨ।
ਸਟੇਡੀਅਮ ਜ਼ਿਆਦਾਤਰ ਭਰੇ ਹੋਏ ਹਨ ਤੇ ਫੁੱਟਬਾਲ ਦੀ ਕੌਮਾਂਤਰੀ ਸੰਚਾਲਨ ਸੰਸਥਾ ਫੀਫਾ ਰਿਕਾਰਡ ਗਿਣਤੀ ’ਚ ਦਰਸ਼ਕਾਂ ਦੇ ਆਉਣ ਦੀ ਗੱਲ ਕਰ ਰਹੀ ਹੈ। ਫੀਫਾ ਪ੍ਰਧਾਨ ਜਿਆਨੀ ਇਨਫੈਂਟਿਨੋ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਕਿਹਾ ਸੀ, ‘‘ਸਭ ਤੋਂ ਚੰਗਾ ਤਾਂ ਅਜੇ ਆਉਣਾ ਬਾਕੀ ਹੈ।’’ ਦੂਸਰੇ ਸ਼ਬਦਾਂ ’ਚ ਟੂਰਨਾਮੈਂਟ ਦਾ ਦੂਸਰਾ ਹਾਫ ਅਜੇ ਸ਼ੁਰੂ ਹੋਵੇਗਾ ਜਦੋਂ ਖੇਡ ਅਸਲ ’ਚ ਬਹੁਤ ਰੋਮਾਂਚਕ ਹੋ ਸਕਦੀ ਹੈ। ਬੁੱਧਵਾਰ ਤੱਕ 13 ਟੀਮਾਂ ਨੇ ਨਾਕਆਊਟ ’ਚ ਜਗ੍ਹਾ ਪੱਕੀ ਕਰ ਲਈ ਹੈ, ਜਿਸ ਨਾਲ ਬਾਕੀ ਬਚੇ 19 ਸਥਾਨਾਂ ਦੇ ਲਈ 28 ਟੀਮਾਂ ਵਿਚਾਲੇ ਮੁਕਾਬਲਾ ਹੈ। ਅਮਰੀਕਾ ਦੀ ਟੀਮ 1 ਜੁਲਾਈ ਨੂੰ ਕੈਲੀਫੋਰਨੀਆ ਦੇ ਸਾਂਤਾ ਕਲਾਰਾ ’ਚ ਨਾਕਆਊਟ ਪੜਾਅ ਦੀ ਸ਼ੁਰੂਆਤ ਕਰੇਗੀ ਤੇ ਉਸਦਾ ਸਭ ਤੋਂ ਸੰਭਾਵਿਤ ਵਿਰੋਧ ਬੋਸਨੀਆ ਤੇ ਹਰਜ਼ੇਗੋਵਿਨਾ ਹੋ ਸਕਦਾ ਹੈ।
ਇਹ ਤੈਅ ਹੈ ਕਿ ਇਸ ਟੂਰਨਾਮੈਂਟ ’ਚ ਵਿਸ਼ਵ ਕੱਪ ’ਚ ਕੁੱਲ ਗੋਲਾਂ ਦਾ ਰਿਕਾਰਡ ਟੁੱਟ ਜਾਵੇਗਾ। ਆਖਿਰਕਾਰ ਇਸ ਪ੍ਰਤੀਯੋਗਿਤਾ ’ਚ 104 ਮੈਚ ਹੋ ਰਹੇ ਹਨ ਜਦਕਿ ਪਿਛਲੇ 7 ਵਿਸ਼ਵ ਕੱਪਾਂ ’ਚ ਇਸਤੇਮਾਲ ਕੀਤੇ ਗਏ ਰੂਪ ’ਚ ਸਿਰਫ 64 ਮੈਚ ਹੁੰਦੇ ਸਨ। 4 ਸਾਲ ਪਹਿਲਾਂ ਕਤਰ ’ਚ 172 ਗੋਲ ਹੋਏ ਸਨ ਤੇ ਇਸ ਸਾਲ ਹੁਣ ਤੱਕ 54 ਮੈਚਾਂ ’ਚ 161 ਗੋਲ ਹੋ ਚੁੱਕੇ ਹਨ ਜਿਸ ਤੋਂ ਲੱਗਦਾ ਹੈ ਕਿ ਜਲਦੀ ਹੀ ਨਵਾਂ ਰਿਕਾਰਡ ਬਣ ਜਾਵੇਗਾ। ਇਸ ਟੂਰਨਾਮੈਂਟ ’ਚ ਹਰੇਕ ਮੈਚ ’ਚ ਗੋਲ ਕਰਨ ਦੀ ਔਸਤ 50 ਤੋਂ ਜ਼ਿਆਦਾ ਸਾਲਾਂ ’ਚ ਸਭ ਤੋਂ ਜ਼ਿਆਦਾ ਅਰਥਾਤ ਹਰ ਮੈਚ ’ਚ 2.98 ਗੋਲ ਹੈ। ਸਪੇਨ ’ਚ 1982 ’ਚ ਹਰ ਮੈਚ ’ਚ ਔਸਤਨ 2.81 ਗੋਲ ਹੋਏ ਸਨ ਜਦਕਿ 1970 ’ਚ ਮੈਕਸੀਕੋ ’ਚ 2.97 ਗੋਲ ਤੇ 1958 ’ਚ ਸਵੀਡਨ ’ਚ 3.60 ਗੋਲ ਹੋਏ ਸਨ। ਸਵਿਟਜ਼ਰਲੈਂਡ ’ਚ 1954 ’ਚ ਹੋਏ ਵਿਸ਼ਵ ਕੱਪ ’ਚ ਹਰ ਮੈਚ ’ਚ ਸਭ ਤੋਂ ਜ਼ਿਆਦਾ ਔਸਤਨ 5.38 ਗੋਲ ਹੋਏ ਸਨ। ਉਸ ਟੂਰਨਾਮੈਂਟ ’ਚ ਇਕ ਮੈਚ ਦਾ ਆਖਰੀ ਸਕੋਰ 7-5 ਸੀ ਜਿਹੜਾ ਅੱਜ ਵੀ ਪੁਰਸ਼ਾਂ ਦੇ ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਗੋਲ ਵਾਲਾ ਮੈਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
6,6,6,6,6..! ਇਕ ਹੀ ਓਵਰ 'ਚ ਛੱਕਿਆਂ ਦਾ ਮੀਂਹ, ਇਸ ਖਿਡਾਰੀ ਨੇ ਕੀਤੀ ਜ਼ਬਰਦਸਤ ਬੱਲੇਬਾਜ਼ੀ
NEXT STORY