ਦੁਬਈ– ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਨੇ ਇਕ ਹਫਤੇ ਦੇ ਅੰਦਰ ਫਿਰ ਤੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਦੀ ਪੁਰਸ਼ ਟੈਸਟ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ ਜਦਕਿ ਭਾਰਤ ਦਾ ਆਲਰਾਊਂਡਰ ਰਵਿੰਦਰ ਜਡੇਜਾ ਬੁੱਧਵਾਰ ਨੂੰ ਜਾਰੀ ਤਾਜਾ ਸੂਚੀ ਵਿਚ 34ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਲਾਰਡਸ ਵਿਚ ਭਾਰਤ ਵਿਰੁੱਧ 5 ਮੈਚਾਂ ਦੀ ਲੜੀ ਦੇ ਤੀਜੇ ਟੈਸਟ ਵਿਚ ਰੂਟ ਨੇ 104 ਤੇ 40 ਦੌੜਾਂ ਬਣਾਈਆਂ ਸਨ, ਜਿਸ ਨੂੰ ਇੰਗਲੈਂਡ ਨੇ 22 ਦੌੜਾਂ ਨਾਲ ਜਿੱਤਿਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਆਪਣੇ ਕਰੀਅਰ ਵਿਚ 8ਵੀਂ ਵਾਰ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣਿਆ ਹੈ। ਰੂਟ ਅਜੇ 34 ਸਾਲ ਦਾ ਹੈ ਤੇ ਉਹ ਦਸੰਬਰ 2014 ਵਿਚ ਕੁਮਾਰ ਸੰਗਾਕਾਰਾ ਤੋਂ ਬਾਅਦ ਸਭ ਤੋਂ ਉਮਰਦ੍ਰਾਜ਼ ਨੰਬਰ ਇਕ ਟੈਸਟ ਬੱਲੇਬਾਜ਼ ਹੈ। ਸ਼੍ਰੀਲੰਕਾ ਦੇ ਖਿਡਾਰੀ ਨੇ 37 ਸਾਲ ਦੀ ਉਮਰ ਵਿਚ ਇਹ ਪ੍ਰਾਪਤੀ ਹਾਸਲ ਕੀਤੀ ਸੀ।ਰੂਟ ਨੇ ਆਪਣਾ ਚੋਟੀ ਦਾ ਸਥਾਨ ਹਮਵਤਨ ਹੈਰੀ ਬਰੂਕ ਤੋਂ ਗੁਆਇਆ ਸੀ, ਜਿਹੜਾ ਹੁਣ ਕੇਨ ਵਿਲੀਅਮਸਨ ਤੋਂ ਪਿੱਛੇ ਤੀਜੇ ਸਥਾਨ ’ਤੇ ਖਿਸਕ ਗਿਆ ਹੈ।
ਭਾਰਤੀ ਬੱਲੇਬਾਜ਼ਾਂ ਵਿਚ ਯਸ਼ਸਵੀ ਜਾਇਸਵਾਲ ਉਪ ਕਪਤਾਨ ਰਿਸ਼ਭ ਪੰਤ 1-1 ਸਥਾਨ ਹੇਠਾਂ ਕ੍ਰਮਵਾਰ 5ਵੇਂ ਤੇ 8ਵੇਂ ਸਥਾਨ ’ਤੇ ਖਿਸਕ ਗਏ ਹਨ। ਕਪਤਾਨ ਸ਼ੁਭਮਨ ਗਿੱਲ ਵੀ 3 ਸਥਾਨ ਹੇਠਾਂ 9ਵੇਂ ਸਥਾਨ ’ਤੇ ਆ ਗਿਆ ਹੈ। ਲਾਰਡਸ ਵਿਚ 72 ਤੇ ਅਜੇਤੂ 61 ਦੌੜਾਂ ਦੀ ਪਾਰੀ ਖੇਡਣ ਵਾਲਾ ਜਡੇਜਾ 5 ਸਥਾਨ ਉੱਪਰ ਚੜ੍ਹ ਕੇ 34ਵੇਂ ਸਥਾਨ ’ਤੇ ਆ ਗਿਆ ਹੈ। ਇਸ ਮੈਚ ਵਿਚ 100 ਤੇ 39 ਦੌੜਾਂ ਦੀ ਪਾਰੀ ਖੇਡਣ ਖੇਡਣ ਵਾਲਾ ਕੇ. ਐੱਲ. ਰਾਹੁਲ ਵੀ 5 ਸਥਾਨ ਉੱਪਰ ਚੜ੍ਹ ਕੇ ਜਡੇਜਾ ਤੋਂ ਇਕ ਸਥਾਨ ਹੇਠਾਂ 35ਵੇਂ ਸਥਾਨ ’ਤੇ ਆ ਗਿਆ ਹੈ।
ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਲਾਰਡਸ ਵਿਚ 77 ਦੌੜਾਂ ਤੇ 5 ਵਿਕਟਾਂ ਲੈ ਕੇ ‘ਮੈਨ ਆਫ ਦਿ ਮੈਚ’ ਦਾ ਐਵਾਰਡ ਜਿੱਤਿਆ ਸੀ, ਜਿਸ ਨਾਲ ਉਹ ਬੱਲੇਬਾਜ਼ਾਂ ਦੀ ਸੂਚੀ ਵਿਚ ਦੋ ਸਥਾਨ ਉੱਪਰ ਚੜ੍ਹ ਕੇ 42ਵੇਂ ਤੇ ਗੇਂਦਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਉੱਪਰ 45ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਗੇਂਦਬਾਜ਼ੀ ਰੈਂਕਿੰਗ ਵਿਚ ਆਪਣਾ ਦਬਦਬਾ ਬਣਾਇਆ ਹੋਇਆ ਹੈ ਤੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ’ਤੇ 50 ਅੰਕਾਂ ਦੀ ਬੜ੍ਹਤ ਦੇ ਨਾਲ ਚੋਟੀ ਦੇ ਸਥਾਨ ’ਤੇ ਬਰਕਰਾਰ ਹੈ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ 6 ਸਥਾਨਾਂ ਦੀ ਛਾਲ ਲੇ ਕੇ ਆਪਣੇ ਕਰੀਅਰ ਦੇ ਸਰਵੋਤਮ 6ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਨਾਲ ਉਹ ਆਪਣੇ 4 ਹਮਵਤਾਨ ਗੇਂਦਬਾਜ਼ਾਂ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਨਾਥਨ ਲਿਓਨ ਤੇ ਮਿਸ਼ੇਲ ਸਟਾਕ ਦੇ ਨਾਲ ਟਾਪ-10 ਵਿਚ ਸ਼ਾਮਲ ਹੋ ਗਿਆ ਹੈ। ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਗੇਂਦਬਾਜ਼ਾਂ ਦੀ ਸੂਚੀ ਵਿਚ 58ਵੇਂ ਤੋਂ 46ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਜਾ ਰਹੇ ਆਂਦਰੇ ਰਸਲ, ਸਿਰਫ ਇਹ 2 ਮੈਚ ਖੇਡਣਗੇ
NEXT STORY