ਲਖਨਊ : ਲਗਾਤਾਰ ਦੋ ਹਾਰਾਂ ਤੋਂ ਦੁਖੀ ਰਾਜਸਥਾਨ ਰਾਇਲਜ਼ ਦੀ ਟੀਮ ਆਪਣੇ ਸ਼ੁਰੂਆਤੀ ਪ੍ਰਦਰਸ਼ਨ ਤੋਂ ਪ੍ਰੇਰਣਾ ਲੈ ਕੇ ਲਖਨਊ ਸੁਪਰ ਜਾਇੰਟਸ ਵਿਰੁੱਧ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਜਿੱਤ ਦੀ ਰਾਹ ’ਤੇ ਪਰਤਣ ਦੀ ਕੋਸ਼ਿਸ਼ ਕਰੇਗੀ। ਰਾਜਸਥਾਨ ਦੀ ਟੀਮ ਅਜੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਇਸ 2008 ਦੀ ਚੈਂਪੀਅਨ ਟੀਮ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਲਗਾਤਾਰ 4 ਜਿੱਤਾਂ ਨਾਲ ਕੀਤੀ ਸੀ ਪਰ ਉਸ ਤੋਂ ਬਾਅਦ ਪਿਛਲੇ 2 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਉਸ ਨੂੰ 57 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਮੈਚ ’ਚ ਤੇਜ਼ ਗੇਂਦਬਾਜ਼ਾਂ ਸਾਹਮਣੇ ਉਸ ਦਾ ਚੋਟੀਕ੍ਰਮ ਲੜਖੜਾ ਗਿਆ ਤੇ ਉਸ ਨੇ 9 ਦੌੜਾਂ ਦੇ ਅੰਦਰ 5 ਵਿਕਟਾਂ ਗੁਆ ਦਿੱਤੀਆਂ।
ਕੇ. ਕੇ. ਆਰ. ਵਿਰੁੱਧ ਪਿਛਲੇ ਮੈਚ ’ਚ ਰਾਜਸਥਾਨ ਚੰਗੀ ਸਥਿਤੀ ’ਚ ਸੀ ਪਰ ਉਹ ਇਸ ਦਾ ਫਾਇਦਾ ਨਹੀਂ ਚੱੁਕ ਸਕਿਆ। ਕੇ. ਕੇ. ਆਰ. ਦੇ ਧਮਾਕੇਦਾਰ ਬੱਲੇਬਾਜ਼ ਰਿੰਕੂ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਚ ਦਾ ਰੁਖ਼ ਪਲਟ ਦਿੱਤਾ ਸੀ।
ਰਾਜਸਥਾਨ ਰਾਇਲਜ਼ ਲਈ ਉਸ ਦੀ ਫੀਲਡਿੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਮੈਚ ’ਚ ਰਿੰਕੂ ਸਿੰਘ ਜਦੋਂ 8 ਦੌੜਾਂ ’ਤੇ ਖੇਡ ਰਿਹਾ ਸੀ ਤਦ ਨਾਂਦ੍ਰੇ ਬਰਗਰ ਨੇ ਉਸ ਦਾ ਕੈਚ ਛੱਡ ਦਿੱਤਾ, ਜਿਹੜਾ ਟੀਮ ਲਈ ਮਹਿੰਗਾ ਸਾਬਤ ਹੋਇਆ। ਰਿੰਕੂ ਨੇ ਅਨੁਕੂਲ ਰਾਏ ਨਾਲ ਮਿਲ ਕੇ ਆਖਰੀ ਓਵਰਾਂ ’ਚ ਮੈਚ ਕੇ. ਕੇ. ਆਰ. ਦੇ ਪੱਖ ’ਚ ਕਰ ਦਿੱਤਾ। ਰਾਜਸਥਾਨ ਰਾਇਲਜ਼ ਦੀ ਬੱਲੇਬਾਜ਼ੀ ’ਚ ਨਿਰੰਤਰਤਾ ਦੀ ਲੋੜ ਹੈ। ਸਨਰਾਈਜ਼ਰਜ਼ ਵਿਰੁੱਧ ਉਸ ਦਾ ਚੋਟੀਕ੍ਰਮ ਨਹੀਂ ਚੱਲ ਸਕਿਆ ਜਦਕਿ ਕੇ. ਕੇ. ਆਰ. ਵਿਰੁੱਧ ਮੱਧ ਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਸਲਾਮੀ ਬੱਲੇਬਾਜ਼ਾਂ ਵੈਭਵ ਸੂਰਯਵੰਸ਼ੀ ਤੇ ਯਸ਼ਸਵੀ ਜਾਇਸਵਾਲ ਤੋਂ ਮਿਲੀ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੱੁਕ ਸਕੇ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ 81 ਦੌੜਾਂ ਜੋੜੀਆਂ ਸਨ।
ਪਿਛਲੇ ਦੋ ਮੈਚਾਂ ’ਚ ਹਾਰ ਦੇ ਬਾਵਜੂਦ ਰਾਜਸਥਾਨ ਰਾਇਲਜ਼ ਦੀ ਟੀਮ ਲਖਨਊ ਦੇ ਸਾਹਮਣੇ ਮਜ਼ਬੂਤ ਨਜ਼ਰ ਆਉਂਦੀ ਹੈ। ਲਖਨਊ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ 9ਵੇਂ ਸਥਾਨ ’ਤੇ ਹੈ। ਸੂਰਯਵੰਸ਼ੀ ਤੇ ਜਾਇਸਵਾਲ ਨੇ ਇਸ ਸੈਸ਼ਨ ’ਚ ਰਾਜਸਥਾਨ ਰਾਇਲਜ਼ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ ਤੇ ਜੇ ਲਖਨਊ ਨੂੰ ਮੁਕਾਬਲੇ ’ਚ ਬਣੇ ਰਹਿਣਾ ਹੈ ਤਾਂ ਉਸ ਦੇ ਗੇਂਦਬਾਜ਼ਾਂ ਨੂੰ ਇਨ੍ਹਾਂ ਦੋਵਾਂ ’ਤੇ ਰੋਕ ਲਾਉਣੀ ਪਵੇਗੀ ਤੇ ਸ਼ੁਰੂਆਤ ’ਚ ਵਿਕਟ ਹਾਸਲ ਕਰਨੀ ਪਵੇਗੀ ਪਰ ਲਖਨਊ ਦੇ ਗੇਂਦਬਾਜ਼ਾਂ ਦੇ ਹਾਲ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਪੰਜਾਬ ਕਿੰਗਜ਼ ਵਿਰੁੱਧ ਪਿਛਲੇ ਮੈਚ ’ਚ ਉਸ ਦੇ ਗੇਂਦਬਾਜ਼ ਨਹੀਂ ਚੱਲ ਸਕੇ ਸਨ। ਪ੍ਰਿਆਂਸ਼ ਆਰਿਆ ਤੇ ਕੂਪਰ ਕੋਨੋਲੀ ਦੀਆਂ ਸ਼ਾਨਦਾਰ ਪਾਰੀਆਂ ਨਾਲ ਪੰਜਾਬ ਕਿੰਗਜ਼ ਨੇ 7 ਵਿਕਟਾਂ ’ਤੇ 254 ਦੌੜਾਂ ਬਣਾ ਕੇ ਲਖਨਊ ਨੂੰ 54 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ’ਚ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਨੂੰ ਛੱਡ ਕੇ ਲਖਨਊ ਦਾ ਕੋਈ ਵੀ ਹੋਰ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਪ੍ਰਿੰਸ ਨੇ 4 ਓਵਰਾਂ ’ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ਸਨ ਜਦਕਿ ਤੇਜ਼ ਗੇਂਦਬਾਜ਼ ਆਵੇਸ਼ ਖਾਨ ਤੇ ਮੁਹੰਮਦ ਸ਼ੰਮੀ ਆਪਣੀਆਂ ਗੇਂਦਾਂ ’ਤੇ ਕੰਟਰੋਲ ਨਹੀਂ ਰੱਖ ਸਕੇ ਸਨ। ਮਣੀਕਰਣ ਸਿਧਾਰਥ ਵੀ ਕਾਫ਼ੀ ਮਹਿੰਗਾ ਸਾਬਤ ਹੋਇਆ ਹੈ।
ਰਾਜਸਥਾਨ ਰਾਇਲਜ਼ ਵਿਰੁੱਧ ਲਖਨਊ ਉਸ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਰਿਆਨ ਪ੍ਰਾਗ, ਸ਼ਿਮਰੋਨ ਹੈੱਟਮਾਇਰ ਤੇ ਡੋਨੋਵਨ ਫੇਰਾਰੀਰਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਇਹ ਬੱਲੇਬਾਜ਼ ਚੰਗੀ ਫਾਰਮ ’ਚ ਨਹੀਂ ਹਨ। ਲਖਨਊ ਲਈ ਉਸ ਦੀ ਬੱਲੇਬਾਜ਼ੀ ਵੀ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਨ ਉਹ ਅਜੇ ਤੱਕ ਆਪਣੀ ਸਰਵੋਤਮ ਆਖਰੀ-11 ਤੈਅ ਨਹੀਂ ਕਰ ਸਕਿਆ। ਪਿਛਲੇ ਮੈਚ ’ਚ ਆਯੂਸ਼ ਬਾਦੋਨੀ ਨੂੰ ਮਿਸ਼ੇਲ ਮਾਰਸ਼ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਣ ਦਾ ਫੈਸਲਾ ਕਾਰਗਰ ਸਾਬਤ ਨਹੀਂ ਹੋਇਆ। ਮਾਰਸ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਬਦਲਣ ’ਚ ਅਸਫਲ ਰਿਹਾ ਹੈ, ਉੱਥੇ ਹੀ, ਕਪਤਾਨ ਰਿਸ਼ਭ ਪੰਤ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਨਿਕੋਲਸ ਪੂਰਨ ਦੀ ਖਰਾਬ ਫਾਰਮ ਨੇ ਲਖਨਊ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਲਖਨਊ ਨੂੰ ਜੇ ਆਪਣੀ ਸੰਭਾਵਨਾ ਬਣਾਈ ਰੱਖਣੀ ਹੈ ਤਾਂ ਉਸ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਮਿਲ ਕੇ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
SRH ਨੇ DC ਨੂੰ 47 ਦੌੜਾਂ ਨਾਲ ਦਿੱਤੀ ਕਰਾਰੀ ਮਾਤ, ਪੁਆਇੰਟ ਟੇਬਲ 'ਚ ਹੋਇਆ ਵੱਡਾ ਉਲਟਫੇਰ
NEXT STORY