ਬੈਂਗਲੁਰੂ– ਸੁਲਤਾਨ ਜੋਹੋਰ ਕੱਪ ਵਿਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਪੀ. ਆਰ. ਸ਼੍ਰੀਜੇਸ਼ ਦੀ ਕੋਚਿੰਗ ਵਾਲੀ ਭਾਰਤੀ ਟੀਮ ਜੂਨੀਅਰ ਏਸ਼ੀਆ ਕੱਪ ਖਿਤਾਬ ਦਾ ਬਚਾਅ ਕਰਨ ਲਈ ਸ਼ੁੱਕਰਵਾਰ ਨੂੰ ਮਸਕਟ ਰਵਾਨਾ ਹੋਈ। ਪਿਛਲੇ ਸਾਲ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਪੂਲ-ਏ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 27 ਨਵੰਬਰ ਨੂੰ ਥਾਈਲੈਂਡ ਵਿਰੁੱਧ ਕਰੇਗੀ। ਟੀਮ ਦਾ ਅਗਲਾ ਮੁਕਾਬਲਾ 28 ਨਵੰਬਰ ਨੂੰ ਜਾਪਾਨ ਤੇ 30 ਨਵੰਬਰ ਨੂੰ ਚੀਨੀ ਤਾਈਪੇ ਨਾਲ ਹੋਵੇਗਾ।
ਭਾਰਤ ਦਾ ਆਖਰੀ ਗਰੁੱਪ ਮੈਚ 1 ਦਸੰਬਰ ਨੂੰ ਕੋਰੀਆ ਨਾਲ ਹੋਵੇਗਾ। ਪੂਲ-ਬੀ ਵਿਚ ਪਾਕਿਸਤਾਨ, ਮਲੇਸ਼ੀਆ, ਬੰਗਲਾਦੇਸ਼,ਓਮਾਨ ਤੇ ਚੀਨ ਸ਼ਾਮਲ ਹਨ। ਭਾਰਤ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਟਾਪ-2 ਵਿਚ ਜਗ੍ਹਾ ਬਣਾਉਣ ਦੀ ਲੋੜ ਪਵੇਗੀ। ਕਪਤਾਨ ਆਮਿਰ ਅਲੀ ਨੂੰ ਹਾਂ-ਪੱਖੀ ਸ਼ੁਰੂਆਤ ਦਾ ਭਰੋਸਾ ਹੈ। ਉਸ ਨੇ ਕਿਹਾ ਕਿ ਟੀਮ ਨੇ ਚੰਗੀ ਤਿਆਰੀ ਕੀਤੀ ਹੈ ਤੇ ਉਸ ਨੂੰ ਫਾਈਨਲ ਵਿਚ ਪਹੁੰਚਣ ਦਾ ਭਰੋਸਾ ਹੈ।
ਭਾਰਤ ਹੁਣ ਤੱਕ 2004, 2008 ਤੇ 2015 ਵਿਚ ਖਿਤਾਬ ਜਿੱਤ ਕੇ ਟੂਰਨਾਮੈਂਟ ਵਿਚ ਸਭ ਤੋਂ ਸਫਲ ਟੀਮ ਹੈ। ਭਾਰਤ ਦੇ ਧਾਕੜ ਗੋਲਕੀਪਰ ਸ਼੍ਰੀਜੇਸ਼ ਲਈ ਕੋਚ ਦੇ ਤੌਰ ’ਤੇ ਇਹ ਦੂਜਾ ਟੂਰਨਾਮੈਂਟ ਹੋਵੇਗਾ। ਉਸ ਨੇ ਸੁਲਤਾਨ ਜੋਹੋਰ ਕੱਪ ਵਿਚ ਕਾਂਸੀ ਤਮਗਾ ਜਿੱਤ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਸੀ। ਇਸ ਵਿਚ ਟੀਮ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਸ਼ੂਟਆਊਟ ਵਿਚ 2-2 (3-2) ਨਾਲ ਹਰਾਇਆ ਸੀ।
ਜੈਸਮੀਨ ਨੇ ਹੀਰੋ ਡਬਲਯੂ. ਪੀ. ਜੀ. ਟੀ. ਦਾ 15ਵਾਂ ਖਿਤਾਬ ਜਿੱਤਿਆ
NEXT STORY